ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
ਢਾਕਾ (ਮਧੂਸਾਰ ਬਿਊਰੋ) ਬੰਗਲਾਦੇਸ਼ ਦੀ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਛੇ ਹੋਰਾਂ ਖ਼ਿਲਾਫ਼ ਪਿਛਲੇ ਮਹੀਨੇ ਹਿੰਸਕ ਝੜਪਾਂ ਦੌਰਾਨ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਦੀ ਮੌਤ ਨੂੰ ਲੈ ਕੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਰਿਪੋਰਟਾਂ ‘ਚ ਸਾਹਮਣੇ ਆਈ। 76 ਸਾਲਾ ਹਸੀਨਾ ਵਿਰੁੱਧ ਦਰਜ ਕੀਤਾ ਗਿਆ ਇਹ ਪਹਿਲਾ ਕੇਸ ਹੈ, ਜਿਸ ਨੇ ਵਿਵਾਦਪੂਰਨ ਨੌਕਰੀਆਂ ਦੀ ਰਾਖਵਾਂਕਰਨ ਪ੍ਰਣਾਲੀ ਨੂੰ ਲੈ ਕੇ ਆਪਣੀ ਅਵਾਮੀ ਲੀਗ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ ਅਤੇ ਪਿਛਲੇ ਹਫਤੇ ਭਾਰਤ ਭੱਜ ਗਈ ਸੀ।
ਢਾਕਾ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕ ਇਹ ਮਾਮਲਾ ਕਰਿਆਨੇ ਦੀ ਦੁਕਾਨ ਦੇ ਮਾਲਕ ਅਬੂ ਸਈਦ ਦੇ ਸ਼ੁਭਚਿੰਤਕ ਨੇ ਦਰਜ ਕਰਵਾਇਆ ਹੈ, ਜਿਸ ਦੀ 19 ਜੁਲਾਈ ਨੂੰ ਮੁਹੰਮਦਪੁਰ ‘ਚ ਰਿਜ਼ਰਵੇਸ਼ਨ ਅੰਦੋਲਨ ਦੇ ਸਮਰਥਨ ‘ਚ ਕੱਢੇ ਗਏ ਜਲੂਸ ਦੌਰਾਨ ਪੁਲਸ ਗੋਲੀਬਾਰੀ ‘ਚ ਮੌਤ ਹੋ ਗਈ ਸੀ। ਹੋਰ ਮੁਲਜ਼ਮਾਂ ਵਿੱਚ ਅਵਾਮੀ ਲੀਗ ਦੇ ਜਨਰਲ ਸਕੱਤਰ ਓਬੈਦੁਲ ਕਾਦਰ, ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਅਤੇ ਸਾਬਕਾ ਪੁਲਸ ਇੰਸਪੈਕਟਰ ਜਨਰਲ ਚੌਧਰੀ ਅਬਦੁੱਲਾ ਅਲ ਮਾਮੂਨ ਸ਼ਾਮਲ ਹਨ। ਰਿਪੋਰਟ ਮੁਤਾਬਕ ਇਨ੍ਹਾਂ ਤੋਂ ਇਲਾਵਾ ਕਈ ਉੱਚ ਦਰਜੇ ਦੇ ਪੁਲਸ ਅਧਿਕਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਮਾਮਲੇ ਵਿੱਚ ਦੋਸ਼ੀ ਬਣਾਇਆ ਗਿਆ ਹੈ।
ਬੰਗਲਾਦੇਸ਼ ਵਿੱਚ 5 ਅਗਸਤ ਨੂੰ ਹਸੀਨਾ ਸਰਕਾਰ ਡਿੱਗਣ ਤੋਂ ਬਾਅਦ ਦੇਸ਼ ਭਰ ਵਿੱਚ ਭੜਕੀ ਹਿੰਸਾ ਦੀਆਂ ਘਟਨਾਵਾਂ ਵਿੱਚ 230 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਜੁਲਾਈ ਦੇ ਅੱਧ ਵਿੱਚ ਕੋਟਾ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਹਿੰਸਾ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 560 ਤੱਕ ਪਹੁੰਚ ਗਈ ਹੈ। ਬੰਗਲਾਦੇਸ਼ ਵਿਚ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਪਤਨ ਤੋਂ ਬਾਅਦ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਹੈ ਅਤੇ 84 ਸਾਲਾ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ ਇਸ ਦਾ ਮੁੱਖ ਸਲਾਹਕਾਰ ਬਣਾਇਆ ਗਿਆ ਹੈ। ਯੂਨਸ ਨੇ ਪਿਛਲੇ ਹਫ਼ਤੇ ਆਪਣੀ 16 ਮੈਂਬਰੀ ਸਲਾਹਕਾਰ ਕੌਂਸਲ ਦੇ ਵਿਭਾਗਾਂ ਦਾ ਐਲਾਨ ਕੀਤਾ ਸੀ।

