ਡਾ. ਗੁਰਪ੍ਰੀਤ ਇੰਦਰ ਸਿੰਘ ਦੀ ਕਿਤਾਬ ਰੂਹਾਂ ਦੇ ਗੀਤ ਦਾ ਬਿਰਤਾਂਤ
ਦਿਲਜੀਤ ਸਿੰਘ ਬੇਦੀ
ਪੰਜਾਬੀ ਭਾਸ਼ਾ ਵਿੱਚ ਕਈ ਨਵੀਆਂ ਪ੍ਰਵਿਤੀਆਂ ਨੇ ਜਨਮ ਲਿਆ ਹੈ। ਭਾਸ਼ਾ ਇਕ ਨਿੱਤ ਵਗਦਾ ਦਰਿਆ ਹੈ ਜੋ ਸਦਾ ਨਵੀਆਂ ਤੋਂ ਨਵੀਆਂ ਭਾਸ਼ਾਵਾਂ ਨੂੰ ਜਨਮ ਦਿੰਦਾ ਹੈ ਸਮੇਂ ਦੀ ਲੋੜ ਹੀ ਨਵੀਆਂ ਭਾਸ਼ਾਵਾਂ ਦੇ ਪੈਦਾ ਹੋਣ ਦਾ ਮੂਲ ਕਾਰਣ ਹੁੰਦੀ ਹੈ। ਡਾ. ਗੁਰਪ੍ਰੀਤ ਇੰਦਰ ਸਿੰਘ ਮਨੋਰੋਗਾਂ ਦੇ ਮਾਹਰ ਹਨ ਉਨ੍ਹਾਂ ਦੀ ਪਲੇਠੀ ਪੁਸਤਕ ਰੂਹਾਂ ਦੇ ਗੀਤ ਛੱਪ ਕੇ ਪਾਠਕਾਂ ਤੀਕ ਪੁਜੀ ਹੈ। ਇਸ ਕਿਤਾਬ ਵਿੱਚ 92 ਕਾਵਿਤਾਵਾਂ ਹਨ ਜੋ ਇਸ਼ਕ ਮਜ਼ਾਜੀ ਤੋਂ ਇਸ਼ਕ ਹਕੀਕੀ ਵੱਲ ਯਾਤਰਾ ਕਰਦੀਆਂ ਹਨ। ਸੋਖੇ, ਸਰਲ ਸ਼ਬਦਾਂ ‘ਚ ਰੰਗੀਆਂ ਇਹ ਕਾਵਿਤਾਵਾਂ ਹਨ। ਰੱਬ ਨਾਲ ਗੱਲਾਂ ਕਰਨ ਵਾਲੇ ਸ਼ਬਦਾਂ ਨਾਲ ਜੋੜ ਦੀਆਂ ਇਹ ਕਾਵਿਤਾਵਾਂ ਕਿਸੇ ਸਥਾਪਤ ਲੇਖਕ ਦਾ ਭੁਲੇਖਾ ਪਾਉਂਦੀਆਂ ਹਨ ਅਤੇ ਮਾਨਵੀ ਸੰਵੇਦਨਾ ਨਾਲ ੳਤਪੋਤ ਹਨ। ਕਵੀ ਮੂਲ ਰੂਪ ਵਿੱਚ ਸੰਵੇਦਨਸ਼ੀਲ ਪ੍ਰਾਣੀ ਹੁੰਦਾ ਹੈ ਇਸ ਲਈ ਉਸ ਦੀ ਕਾਵਿਕ ਬਿਰਤੀ ਵਿਚੋਂ ਸੰਵਦੇਨਾ ਦੇ ਕਈ ਰੂਪ ਪ੍ਰਗਟ ਹੁੰਦੇ ਹਨ। ਰੂਹ ਦੇ ਵਿਭਿੰਨ ਦ੍ਰਿਸ਼ਾਂ ਵਿੱਚੋਂ ਸੰਵੇਦਨਾ ਦੀ ਝਲਕ ਦੇਖੀ ਜਾ ਸਕਦੀ ਹੈ।
ਇਸ਼ਕ ਮਜ਼ਾਜੀ ਤਾਂ ਸੀ, ਇਸ਼ਕ ਹਕੀਕੀ ਤੇ ਜਾਣ ਵਾਲਾ ਰਾਹ
ਅਸੀਂ ਇਸ਼ਕ ਮਜ਼ਾਜੀ ਦੀ ਖੁਸ਼ਬੂ ਵਿੱਚ, ਜਿੰਦ ਗਵਾ ਬੈਠੇ।
ਕਾਮਲ ਮੁਰਸ਼ਿਦ ਨੇ ਜਦੋਂ, ਕੀਤੀ ਨਦਰ ਦੀ ਨਿਗਾਹ
ਇਸ਼ਕ ਮਜ਼ਾਜੀ ਨੂੰ ਛੱਡ, ਹਕੀਕੀ ਨਾਲ ਦਿਲ ਲਾ ਬੈਠੇ।
ਅਸਲ ਕਾਵਿਕ ਰੂਹ ਵਿੱਚ ਇਕ ਪੂਰਾ ਮਨੁੱਖੀ ਸੰਸਾਰ, ਕਾਇਨਾਤ, ਬਨਸਪਤੀ ਆਦਿ ਦਾ ਬੋਲਬਾਲਾ ਹੈ। ਜੋ ਕਾਵਿਤਾ ਦੇ ਵਿਧਾਨ ਵਿਚ ਕਾਰਜਸ਼ੀਲ ਹੈ। ਰੂਹ ਦੇ ਗੀਤਾਂ ਦੇ ਬਹਾਨੇ ਇਹ ਚਸ਼ਮੇ ਵਾਂਗ ਫੁੱਟ ਰਹੇ ਖਿਆਲ ਹਨ ਜੋ ਵੱਖ-ਵੱਖ ਬਿੰਬਾਂ ਰਾਹੀਂ ਆਪਣਾ ਰੂਪ ਧਾਰਦੇ ਹਨ। ਕਵੀ ਕੋਲ ਕਾਵਿਕ ਰੂਹ ਨੂੰ ਫੈਲਾਉਣ ਦੀ ਸਮਰੱਥਾ ਹੈ। ਇਹ ਕਾਵਿ ਖਿਆਲ ਕਾਵਿਤਾਵਾਂ ਦਾ ਅਭਾਸ ਕਰਾਉਂਦੇ ਹਨ, ਕਾਵਿਤਾਵਾਂ ਬਿਰਤਾਂਤਕ ਨਹੀਂ ਪਰ ਇਨ੍ਹਾਂ ਵਿੱਚ ਬਿਰਤਾਂਤ ਦੇ ਬੀਜ਼ ਪਏ ਨਜ਼ਰ ਆਉਂਦੇ ਹਨ। ਪਰਾਗਾ ਵੀ ਹੋਵੇ, ਮਿੱਠੀਆਂ ਮਹੁੱਬਤਾਂ ਦੀ ਚੰਗੇਰ ਵੀ ਹੋਵੇ, ਪਰ ਫਿਰ ਵੀ ਖਿਲਾਰਾ ਸਾਂਭਣਾ ਬੜਾ ਔਖਾ ਹੋ ਜਾਂਦਾ ਹੈ। ਹਰ ਰਚਨਾ ਦੇ ਸਿਰਜਣ ਪਲ ਵਿੱਚ ਭਾਸ਼ਾਈ ਮਹਾਂਦਰਾ ਪਿਆ ਹੁੰਦਾ ਹੈ ਜੋ ਕਈ ਖਿਆਲਾਂ, ਵਿਚਾਰਾਂ ਦੇ ਦਵੰਦ ਨੂੰ ਪੇਸ਼ ਕਰਨ ਦੇ ਸਮੱਰਥ ਹੁੰਦਾ ਹੈ। ਕਵੀ ਰੂਹ ਦੇ ਗੀਤ ਗਾਉਂਦਾ ਆਪਣੇ ਕਾਵਿ ਸੰਸਾਰ ਦੀ ਸਿਰਜਣਾ ਕਰਕੇ ਆਪਣੀ ਕਾਵਿਕ ਸਮੱਰਥਾ ਦਾ ਬਖੂਬੀ ਇਜ਼ਹਾਰ ਹੱਥਲੀ ਪੁਸਤਕ ਵਿੱਚ ਕਰਦਾ ਹੈ।
ਲੇਖਕ ਨੇ ਕਾਵਿਤਾਵਾਂ ਦੇ ਸਿਰਲੇਖ ਇਸ ਤਰ੍ਹਾਂ ਦਿਤੇ ਹਨ, ਫਲ ਦੀ ਆਸ, ਮੀਂਹ ਦੇ ਰੰਗ, ਫੁੱਲ ਦਾ ਸੁਨੇਹਾ, ਕੁਦਰਤ ਦੇ ਰੰਗ, ਲਿਖਣ ਦੇ ਗੁਣ, ਰੁੱਖ ਤੇ ਮਿੱਟੀ ਦੀ ਵਾਰਤਾ, ਚੁੱਪ ਦੇ ਗੁਣ, ਡੁੱਲ੍ਹੇ ਬੇਰਾਂ ਦਾ ਖ਼ਿਆਲ ਨਹੀਂ ਕਰੀਦਾ, ਉੱਡ ਗਏ ਪੰਛੀ, ਸੂਰਜ ਦਾ ਨੂਰ, ਚਿੜੀਆਂ ਦੀ ਲੜਾਈ, ਸੋਹਣੇ ਬੋਲ, ਕਿੱਕਰ ਦਾ ਰੁੱਖ, ਚੰਨ ਦਾ ਸੁਨੇਹਾ, ਆਮਦ ਦੀ ਨਿਸ਼ਾਨੀ, ਚਾਬੀ ਦਾ ਮੇਲ, ਕਾਗ਼ਜ਼, ਚਿੱਟੇ ਤੇ ਕਾਲੇ ਬੱਦਲ ਦੀ ਵਾਰਤਾ, ਵਿਦੇਸ਼ ਦੇ ਰੰਗ, ਮੈਂ ਤੇ ਤੂੰ, ਮਨੁੱਖਾ ਦੇਹੀ ਦਾ ਉਦੇਸ਼, ਉਦਾਸੀ, ਪੱਖਾ, ਬਦਲਦੇ ਰਿਸ਼ਤੇ, ਹਲਕੇ ਹੀ ਸਹੁੰਆਂ ਖਾਂਦੇ, ਸਮਝਣ ਦੀ ਖੇਡ, ਇਹ ਹਮਾਰਾ ਜੀਵਣਾ, ਬਦਲਦੇ ਯੁਗ, ਨਸ਼ਿਆਂ ਦੇ ਪੁੱਟੇ, ਮੈਂ ਮੇਰੀ ਖੋ ਗਈ, ਦੁੱਖ, ਆਪਣਾ ਆਪ, ਤੇਰੀ ਯਾਦ, ਕੋਇਲ ਦਾ ਕੂਕਣਾ, ਜ਼ਿੰਦਗੀ ਦਾ ਨਾਟਕ, ਰੱਬ ਨੂੰ ਮੈਂ ਕਿਥੇ ਲੱਭਾਂ, ਸਮਾਂ ਆਉਣ `ਤੇ, ਚੌਂਕੀਦਾਰ ਤੇ ਚੋਰ, ਮੈਂ ਤੇ ਮੇਰਾ ਹੰਕਾਰ, ਹਮ ਨਹੀ ਚੰਗੇ ਬੁਰਾ ਨਹੀ ਕੋਇ, ਬੋਲਾਂ ਦੀ ਤਪਸ਼, ਸਮੇਂ ਦੇ ਦੁਖ ਸੁਖ, ਬਾਲੜੀ ਸੋਚ, ਰਿਸ਼ਤੇ ਦਾ ਰੁੱਸਣਾ ਤੇ ਮੰਨਣਾ, ਨਾ ਝੋਰਾ ਲਾ ਵੇ ਬੱਲਿਆ, ਦਰਦ ਦੀ ਪਛਾਣ, ਰਿਸ਼ਤੇ ਦੇ ਰੰਗ, ਰੱਬ ਦਾ ਦੀਦਾਰ, ਅੱਥਰੂਆਂ ਦਾ ਮੁੱਲ, ਯਾਦ ਦਾ ਰਸ, ਹਰ ਵਿਚ ਤੂੰ ਵੱਸਦਾ, ਜ਼ਖ਼ਮ ਹੀ ਦਾਰੂ, ਆਰਤੀ ਤੋਂ ਵਾਂਝਾ ਮਨੁੱਖ, ਗੁਰੂ ਦੀ ਫੁਲਵਾੜੀ, ਮਨਮੁਖ ਤੇ ਗੁਰਮੁਖ, ਕ੍ਰਿਪਾ ਦੀ ਖੇਡ, ਰੱਬ ਦੀ ਐਨਕ, ਜੇ ਤੂੰ ਚਾਹੇਂ ਸੋ ਭਾਵੈ, ਗੁਰੂ ਕ੍ਰਿਪਾ, ਗੀਤ ਗੋਵਿੰਦ, ਮੈਂ ਤੇ ਤੂੰ, ਮਨ, ਤੇਰੀ ਚੌਪੜ ਨਿਆਰੀ, ਮਤਲਬ ਦੀ ਦੁਨੀਆਂ, ਜ਼ਿੰਦਗੀ, ਕਰਜ਼ ਤੇ ਫ਼ਰਜ਼, ਚਿਰ ਨਹੀਂ ਲੱਗਦਾ, ਏਹ ਹਮਾਰਾ ਜੀਵਣਾ, ਕਿਵ ਜਾਵਾਂ ਪਾਰ?, ਸਜਣ ਸੇ ਜਿ ਨਾਲ ਚਲਣ, ਸੂਰਜ ਦੀਆਂ ਕਿਰਨਾਂ ਦੀ ਛੋਹ, ਬਚਾ ਰੱਖੀਂ, ਸ਼ੁੱਕਰ ਹੈ ਰੱਬ ਤੇਰੇ ਵਰਗਾ ਨਹੀਂ, ਸੋਚ ਦਾ ਹਰ ਕੋਈ ਮੁਰੀਦ, ਹਮ ਤੇ ਕੂਕਰ ਭਲਾ, ਸਭ ਤੂੰ ਹੈਂ ਕਰਤਾ ਸਭ ਤੇਰੀ ਵਡਿਆਈ, ਇਸ਼ਕ ਦਾ ਬੇੜਾ ਪਾਰ ਵੇ ਬੱਲਿਆ, ਪਰਚਾ ਔਖਾ ਪਾਈਂ ਨਾ ਮਿੱਤਰਾ ਸ਼ਾਮਲ ਹਨ। ਲੇਖਕ ਨੇ ਆਪਣੀਆਂ ਕਾਵਿਤਾਵਾਂ ਵਿੱਚ ਸੂਰਜ, ਬੱਦਲ, ਚੰਨ, ਪੰਛੀ, ਚਿੱੜੀਆਂ, ਕੋਇਲ, ਕਿੱਕਰ, ਚਾਬੀ, ਕਾਗਜ਼, ਫੱਲ, ਫੁੱਲ, ਬੇਰ, ਰੁੱਖ, ਮਿੱਟੀ, ਪੱਖਾ, ਚਂੌਕੀਦਾਰ, ਚੋਰ, ਹੰਕਾਰ, ਨਿਮਰਤਾ, ਪਿਆਰ, ਝੋਰਾ, ਉਦਾਸੀ, ਰਿਸ਼ਤੇ, ਦੁੱਖ, ਸੁੱਖ, ਦਰਦ, ਅੱਥਰੂ, ਜ਼ਖ਼ਮ, ਆਰਤੀ, ਮਨਮੁੱਖ, ਗੁਰਮੁੱਖ, ਐਨਕ, ਕਰਜ਼, ਕਿਰਨਾਂ, ਕੂਕਰ, ਬੇੜਾ, ਪਰਚਾ ਆਦਿ ਸ਼ਬਦ ਬਿੰਬਾਤਮਿਕ ਤੌਰ ਤੇ ਵਰਤੇ ਹਨ ਤੇ ਇਨ੍ਹਾਂ ਬਿੰਬਾਂ ਨੂੰ ਅਧਾਰ ਬਣਾ ਕੇ ਸੰਬੋਲਿਕ ਸ਼ਬਦਾਂ ਦੀ ਕਹਾਣੀ ਬੁਨ ਕੇ ਬਹੁਤ ਸੁੰਦਰ ਕਾਵਿਤਾ ਦਾ ਕੋਲਾਜ ਸਿਰਜਦਾ ਹੈ।
ਆਪਣੀ ਪ੍ਰੋੜ ਸੋਚ ਦੇ ਮੋਤੀ ਉਹ ਧਾਰਮਿਕ ਸ਼ਬਦਾਂ ਦੀ ਬੁੱਕਲ ਮਾਰ ਕੇ ਇਸ ਕਿਨਾਰੇ ਦੀ ਗੱਲ ਪਾਰ ਤੀਕ ਬੜੀ ਸਹਿਜਤਾ ਨਾਲ ਕਰ ਜਾਂਦਾ ਹੈ। ਡਾ. ਗੁਰਪ੍ਰੀਤ ਇੰਦਰ ਸਿੰਘ ਨੇ ਜਿਥੇ ਮਾਨਸਿਕ ਰੋਗੀ ਤੇ ਨਸ਼ਿਆਂ ‘ਚ ਗਰਕ ਹੋ ਚੁਕੇ ਲੋਕਾਂ ਨੂੰ ਰੀਝ ਨਾਲ ਪੜ੍ਹਿਆ ਵਾਚਿਆ ਤੇ ਇਲਾਜ਼ ਕੀਤਾ ਹੈ, ਏਵੇਂ ਹੀ ਉਹ ਆਪਣੀ ਕਾਵਿਤਾ ਨਾਲ ਵਿਵਹਾਰਕ ਸੰਵਾਦ ਰਚਾਉਂਦਾ ਹੈ।
ਮੇਰੀ ਚੁੱਪ ਨੂੰ ਤੂੰ,
ਨਾ ਸਮਝੀ ਸਮਝ ਬੈਠੀ
ਇਹ ਤਾਂ ਤੇਰੇ ਮੂਰਖਪੁਣੇ ‘ਤੇ
ਨਾ ਬੋਲਣ ਦੀ ਤਾਕੀਦ ਸੀ।
ਕਿਤਾਬ ਦੀ ਅੰਤਲੀ ਕਾਵਿਤਾ,
ਪਰਚਾ ਔਖਾ ਪਾਈ ਨਾ ਮਿੱਤਰਾ
ਆਪੇ ਹੀ ਪਾਰ ਲੰਘਾਈ ਵੇ ਮਿੱਤਰਾ,
ਹਰ ਪਲ ਅਸੀ ਡੋਲਣ ਵਾਲੇ
ਇਸ ਵਾਰ ਹੋਈ ਸਹਾਈ ਵੇ ਮਿੱਤਰਾ।
ਇਸ ਅਖੀਰਲੀ ਕਵਿਤਾ ਨਾਲ ਹੀ ਉਸ ਦੀ ਕਿਤਾਬ ਮੁਕੰਮਲ ਹੋ ਜਾਂਦੀ ਹੈ। ਮੈਂ .ਇਸ ਪੁਸਤਕ ਨੂੰ ਜੀ ਆਇਆਂ ਕਹਿੰਦਾ ਹਾਂ।

