ਪਟਿਆਲਾ

ਪੰਜਾਬੀ ਯੂਨੀਵਰਸਿਟੀ ਨੇ ਉੱਤਰੀ ਭਾਰਤ ਦੇ 25 ਵੱਕਾਰੀ ਹਸਪਤਾਲਾਂ ਨਾਲ਼ ਕੀਤਾ ਇਕਰਾਰਨਾਮਾ

ਉੱਤਰੀ ਭਾਰਤ ਦੇ 44 ਪ੍ਰਸਿੱਧ ਹਸਪਤਾਲਾਂ ਨਾਲ ਇਕਰਰਾਰਨਾਮਾ ਕਰਨ ਵਾਲ਼ੀ ਪਹਿਲੀ ਯੂਨੀਵਰਸਿਟੀ ਬਣੀ ਪੰਜਾਬੀ ਯੂਨੀਵਰਸਿਟੀ

ਪਟਿਆਲਾ, 2 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਘਨੱਈਆ ਸਿਹਤ ਕੇਂਦਰ ਵੱਲੋਂ ਉੱਤਰੀ ਭਾਰਤ ਦੇ 25 ਵੱਕਾਰੀ ਹਸਪਤਾਲਾਂ ਨਾਲ ਇਕਰਾਰਨਾਮਾ (ਐੱਮ. ਓ. ਯੂ.) ਕੀਤਾ ਗਿਆ ਹੈ। ਇਸ ਇਕਰਰਾਰਨਾਮੇ ਤਹਿਤ ਸੇਵਾਮੁਕਤ ਅਤੇ ਮੌਜੂਦਾ ਕਰਮਚਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਾਂ ਅਤੇ ਯੂਨੀਵਰਸਿਟੀ ਦੇ ਮੌਜੂਦਾ ਵਿਦਿਆਰਥੀਆਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਵੱਖ-ਵੱਖ ਹਸਪਤਾਲਾਂ ਨਾਲ਼ ਇਕਰਰਾਰਨਾਮੇ ਕੀਤੇ ਗਏ ਸਨ ਜੋ ਯੂਨੀਵਰਸਿਟੀ ਪਰਿਵਾਰ ਲਈ ਬਹੁਤ ਲਾਹੇਵੰਦ ਸਾਬਤ ਹੋਏ ਸਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਨੇ ਦੱਸਿਆ ਕਿ ਪਹਿਲਾਂ 19 ਨਾਮੀ ਹਸਪਤਾਲਾਂ ਨਾਲ ਐੱਮ.ਓ.ਯੂ. ਕੀਤਾ ਗਿਆ ਸੀ, ਹੁਣ ਕੁੱਲ 44 ਹਸਪਤਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੂਚੀਬੱਧ ਕੀਤੇ ਗਏ ਹਨ, ਜਿਸ ਤਹਿਤ ਸੀ. ਜੀ. ਐੱਚ. ਐੱਸ. ਦਰਾਂ ‘ਤੇ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਉੱਤਰੀ ਭਾਰਤ ਦੇ 44 ਪ੍ਰਸਿੱਧ ਹਸਪਤਾਲਾਂ ਨਾਲ ਇਕਰਰਾਰਨਾਮਾ ਕਰਨ ਵਾਲ਼ੀ ਪਹਿਲੀ ਯੂਨੀਵਰਸਿਟੀ ਹੈ।

ਉਨ੍ਹਾਂ ਕਿਹਾ ਕਿ ਇਹ ਕਦਮ ਭਾਈ ਘਨੱਈਆ ਜੀ ਦੀ ਬਰਸੀ ‘ਮਾਨਵ ਸੇਵਾ ਸੰਕਲਪ ਦਿਵਸ’ ਨੂੰ ਸਮਰਪਿਤ ਹੈ। ਰਜਿਸਟਰਾਰ ਡਾ. ਸੰਜੀਵ ਪੁਰੀ ਨੇ ਯੂਨੀਵਰਸਿਟੀ ਦੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਅਜਿਹੀ ਪਹਿਲ ਕਰਨ ‘ਤੇ ਡਾ. ਰੇਗੀਨਾ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਡੀਨ ਅਕਾਦਮਿਕ ਮਾਮਲੇ ਡਾ. ਨਰਿੰਦਰ ਕੌਰ ਮੁਲਤਾਨੀ ਨੇ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਭਾਈ ਘਨੱਈਆ ਸਿਹਤ ਕੇਂਦਰ ਦਾ ਇਹ ਵਧੀਆ ਉਪਰਾਲਾ ਹੈ ਜੋ ਕਿ ਯੂਨੀਵਰਸਿਟੀ ਪਰਿਵਾਰ ਲਈ ਮਦਦਗਾਰ ਸਾਬਿਤ ਹੋਵੇਗਾ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਫੋਰਟਿਸ ਹਸਪਤਾਲ ਲੁਧਿਆਣਾ, ਵਰਧਮਾਨ ਹਸਪਤਾਲ, ਪਟਿਆਲਾ, ਪਟਿਆਲਾ ਹਾਰਟ ਇੰਸਟੀਚਿਊਟ, ਰੰਧਾਵਾ ਆਈ ਹਸਪਤਾਲ, ਪਟਿਆਲਾ, ਬਾਂਸਲ ਆਈ ਹਸਪਤਾਲ, ਪਟਿਆਲਾ, ਏ.ਪੀ ਟਰਾਮਾ, ਫੁਲ ਨਿਊਰੋ ਹਸਪਤਾਲ, ਐਕਸਲ ਹੈਲਥ ਕੇਅਰ, ਨੀਲਮ ਹਸਪਤਾਲ ਰਾਜਪੁਰਾ, ਨਿਤਿਨ ਮਾਈਂਡਕੇਅਰ, ਸੋਢੀ ਆਈ ਹਸਪਤਾਲ, ਐੱਸ ਐੱਲ ਹਸਪਤਾਲ, ਪਾਰਕ ਹਸਪਤਾਲ, ਲਿਵਾਸਾ (ਆਈਵੀ) ਹਸਪਤਾਲ ਮੋਹਾਲੀ/ਖੰਨਾ, ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਅਤੇ ਉੱਤਰੀ ਭਾਰਤ ਦੇ ਕਈ ਹੋਰ ਪ੍ਰਸਿੱਧ ਹਸਪਤਾਲ ਇਕਰਰਾਰਨਾਮੇ ਵਿੱਚ ਸ਼ਾਮਿਲ ਹਨ।

Leave a Reply

Your email address will not be published. Required fields are marked *