ਅੰਮ੍ਰਿਤਸਰਸਾਹਿਤਕੈਨੇਡਾਕੋਮ਼ਾਤ੍ਰੀਚੰਡੀਗੜ੍ਹਜਲੰਧਰਦੇਸ਼-ਵਿਦੇਸ਼ਪੰਜਾਬਪਟਿਆਲਾਲੇਖ

ਵਰਿਆਮ ਸਿੰਘ ਸੰਧੂ ਦਾ ਵੇਖਿਆ, ਜਾਣਿਆ ਸੋਹਣ ਸਿੰਘ ਸੀਤਲ

ਦਿਲਜੀਤ ਸਿੰਘ ਬੇਦੀ

(ਮਧੂਸਾਰ ਬਿਊਰੋ)
ਇਹ ਹੱਥਲੀ ਕਿਤਾਬ ਵਿੱਚ ਮਾਂ ਬੋਲੀ ਪੰਜਾਬੀ ਦੇ ਨਾਮਵਰ ਸਪੁੱਤਰ ਡਾ. ਵਰਿਆਮ ਸਿੰਘ ਸੰਧੂ ਨੇ ਗਿ. ਸੋਹਣ ਸਿੰਘ ਸੀਤਲ ਦੇ ਬਚਪਨ ਦੇ ਰੰਗ ਅਧਿਆਏ ਨੂੰ ਅੱਗੋ ਚਾਰ ਸੈਮੀ ਸਿਰਲੇਖਾਂ ਹੇਠ ਜਿਵੇਂ (ੳ) ਮਨ ਦਾ ਜ਼ਰਖੇਜ ਹੋਣਾ (ਅ) ਨਾਮ-ਕਰਨ (ੲ) ਪਰਿਵਾਰਕ ਦੁਸ਼ਮਣੀ (ਸ) ਮਰਦਾ-ਮਰਦਾ ਬਚਿਆ ਵਿੱਚ ਵੰਡਿਆਂ ਹੈ। ਇਸ ਤੋਂ ਅੱਗੇ 47 ਸਿਰਲੇਖਾਂ ਹੇਠ ਗਿ. ਸੋਹਣ ਸਿੰਘ ਸੀਤਲ ਦੇ ਜੀਵਨ ਅਤੇ ਸਾਹਿਤ ਬਾਰੇ ਬਹੁਤ ਨੇੜਿਓ, ਵੇਖਿਆ ਜਾਣਿਆਂ ਸੋਹਣ ਸਿੰਘ ਸੀਤਲ ਸਬੰਧੀ ਨਿੱਠ ਕੇ ਚਾਨਣਾ ਪਾਇਆ ਹੈ। ਸਾਹਿਤਕ ਸਫਰ ਤੇ ਉਨ੍ਹਾਂ ਦੇ ਜੀਵਨ ਚਰਿੱਤਰ ਨੂੰ ਭਾਵਪੂਰਤ ਤੇ ਦਿਲਚਸਪ ਢੰਗ ਨਾਲ ਅੰਕਿਤ ਕੀਤਾ ਹੈ। ਇਸ ਛੋਟੀ ਜਿਹੀ ਕਿਤਾਬ ‘ਚ ਸੋਹਣ ਸਿੰਘ ਸੀਤਲ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਉਪਲੱਬਧ ਹੈ। ਜਿਵੇਂ ਖੇਡ ਸਹੇਲੀ, ਪੜ੍ਹਾਈ ਦਾ ਸਫ਼ਰ, ਵਾਹੀ ਕਰਨੀ ਪਈ, ਕਲਮ ਦਾ ਸਫ਼ਰ, ਪਹਿਲਾਂ ਕਵਿਤਾ ਹੀ ਕਿਉਂ ਲਿਖੀ, ਢਾਡੀ ਬਣਨਾ, ਜੀਵਨ ਵਿੱਚ ਚਮਤਕਾਰੀ ਤਬਦੀਲੀ, ਐਸੀ ਲੱਗੀ ਟਕੋਰ, ਦੋ ਪੱਥ ਪ੍ਰਦਰਸ਼ਕ ਬੀਬੀਆਂ, ਜਦੋਂ ਮੈਂ ਗੀਤ ਲਿਖਦਾ ਹਾਂ, ਕੀਮਾ-ਮਲਕੀ ਮੁਹੰਮਦ ਸਦੀਕ ਤੇ ਸੋਹਣ ਸਿੰਘ ਸੀਤਲ, ਦੇਸ਼ ਦੀ ਵੰਡ, ਘਰ-ਬਾਰ ਛੱਡਣਾ ਤੇ ਬਰਕਤ ਦੀ ਕਹਾਣੀ, ਜਦੋਂ ਸਿੱਖ ਆਗੂਆਂ ਨੇ ਅਕਾਲੀ ਪਾਰਟੀ ਵਿਚੋਂ ਕੱਢਿਆ, ਬੰਦੇ ਨੂੰ ਡੋਲਣਾ ਨਹੀਂ ਚਾਹੀਦਾ, ਜ਼ਬਾਨ ਦੀ ਕੀਮਤ, ਪਾਰਟੀ ਤੇ ਲੇਖਕ ਦਾ ਸੰਬੰਧ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਰਾਜਨੀਤੀ ਬਾਰੇ, ਮਰਨ-ਵਰਤ ਰੱਖਣਾ ਮੇਰਾ ਕੰਮ ਨਹੀਂ, ਬਹੁਤੇ ਅਮੀਰ ਤੇ ਬਹੁਤੇ ਗ਼ਰੀਬ ਦਾ ਕੋਈ ਧਰਮ ਨਹੀਂ ਹੁੰਦਾ। ਉਏ ਸੀਤਲਾ, ਪੁੱਤ ਜੰਮਣ ਤੇ ਕੰਧਾਂ ਕੰਬਣ, ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਦੀ ਥਾਂ ਮਹਾਂਪੁਰਸ਼ ਕਹਿਣ ਤੇ ਜਵਾਬ-ਤਲਬੀ, ਸਭ ਤੋਂ ਵੱਡਾ ਸਨਮਾਨ, ਪਿਛਲੇ ਜਨਮ ਦਾ ਪਿਆਰ-ਸੰਬੰਧ, ਜਦੋਂ ਮੇਰੇ ਆਖੇ ਇਕਰਾਰਨਾਮੇਤੇ ਦਸਤਖਤ ਕੀਤੇ, ਉਣੰਜਾ ਸਿਆਣੇ, ਸਤੱਤਰ ਮੂਰਖ, ਮੈਨੂੰ ਸਤਜੁਗ ਆਉਂਦਾ ਦੀਹਦਾ ਵਿੱਚ ਜਹਾਨ ਦੇ, ਆਪੇ ਦੇਊ ਦਾਤਾ ਛੱਡ ਦੇ ਆਸ ਪੁਰਾਣੀ, ਮੈਂ ਗੁਰੂ ਘਰ ਦਾ ਢਾਡੀ ਹਾਂ, ਗਵੱਈਆ ਨਹੀਂ, ਸੀਤਲ ਹੁਰਾਂ ਨੂੰ ਬੋਲੀ ਆਉਂਦੀ ਹੈ, ਲੋੜ ਕਿ ਲਗਨ, ਜੱਟੀਉਂ ਹੀਰ ਬਣਨਾ, ਤੁਹਾਡੇ ਵਿੱਚੋਂ ਮੈਨੂੰ ਆਪਣੀਆਂ ਬੱਚੀਆਂ ਦੀ ਨੁਹਾਰ ਦਿਸਦੀ ਹੈ, ਜੇ ਜਥੇਦਾਰ ਹੀ ਸ਼ਰਾਬ ਪੀਂਦਾ ਹੋਵੇ, ਰਾਗੀਆਂ-ਢਾਡੀਆਂ ਦੀਆਂ ਕਮਜ਼ੋਰੀਆਂ, ਤੂਤਾਂ ਵਾਲਾ ਖੂਹ ਬਨਾਮ ਪੰਜਾਬ ਸਕੂਲ ਸਿੱਖਿਆ ਬੋਰਡ, ਤੈਨੂੰ ਸਮਝ ਈ ਨਹੀਂ ਭੋਰਾ, ਸੀਤਲ ਬਾਰੇ, ਨਾਵਲਕਾਰ ਸੋਹਣ ਸਿੰਘ ਸੀਤਲ ਤੇ ਉਸਦੀ ਰਚਨਾ ਦੇ ਸਮਾਜ-ਸ਼ਾਸਤਰੀ ਪ੍ਰਸੰਗ, ਮੇਰੇ ਦੋਸਤੋ ਮੈਨੂੰ ਥੋੜ੍ਹਾ ਸਲਾਹੋ, ਸੀਤਲ ਧਰਮ ਦੀ ਸਿੱਖੀ ਹੰਡਾਣੀ ਜ਼ਿੰਦਗੀ, ਮੈਨੂੰ ਦੋ ਰੋਟੀਆਂ `ਤੇ ਦੇਗ ਧਰ ਕੇ ਲਿਆ ਦਿਓ। ਸੀਤਲ ਪੰਥ ਦਾ ਨਿਰਮੋਲ ਹੀਰਾ ਸੀ, ਕਹਿਣੀ ਤੇ ਕਰਨੀ ਦਾ ਸੂਰਮਾ, ਸੀਤਲ ਵੱਲੋਂ ਵਰਿਆਮ ਸੰਧੂ ਦੇ ਨਾਮ ਲਿਖੇ ਪੰਜ ਪੱਤਰ ਵੀ ਸ਼ਾਮਲ ਹਨ, ਸੋਹਣ ਸਿੰਘ ਸੀਤਲ ਦਾ ਸੰਖੇਪ ਜੀਵਨ-ਵੇਰਵਾ ਤੇ ਰਚਨਾ ਸੰਸਾਰ ਦੋ ਦਰਜਨ ਤੋਂ ਵੱਧ ਕਹਾਣੀਆਂ, ਦੋ ਇਕਾਂਗੀ ਨਾਟਕ, ਢਾਡੀ ਪ੍ਰਸੰਗ 78 ਅਤੇ ਇਨ੍ਹਾਂ ਸਾਰੇ ਪ੍ਰਸੰਗਾਂ ਨੂੰ 18 ਕਿਤਾਬਾਂ ਵਿੱਚ ਪ੍ਰਕਾਸ਼ਤ ਕੀਤਾ। ਵਾਰਾਂ ਦੀਆਂ ਅਠਾਰਾਂ, ਅਤੇ ਕਵਿਤਾ ਦੀਆਂ 7, ਬਾਈ ਦੇ ਲਗਭਗ ਨਾਵਲ, ਸਿੱਖ ਇਤਿਹਾਸ ਦੀਆਂ 17 ਪੁਸਤਕਾਂ।

ਹੱਥਲੀ ਪੁਸਤਕ ਦਾ ਲੇਖਕ ਲਿਖਦਾ ਹੈ ਕਿ ਸੀਤਲ ਜਦ ਪੰਡਾਲ ਵਿੱਚ ਸ਼ਾਮਲ ਹੁੰਦਾ ਤਾਂ ਸਾਰੇ ਪੰਡਾਲ ਵਿੱਚ ਜਿਵੇਂ ਨਵੀਂ ਰੂਹ ਭਰ ਜਾਂਦੀ। ਲੋਕ ਛਾਤੀ ਵਿੱਚ ਡੂੰਘਾ ਸਾਹ ਭਰ ਕੇ ਉਸਦੀ ਵਾਰੀ ਨੂੰ ਉਡੀਕਦੇ, ਉਹ ਖੜ੍ਹਾ ਹੁੰਦਾ ਤਾਂ ਉਸਦੇ ਬੋਲਾਂ ਤੇ ਇਸ਼ਾਰਿਆਂ ਨਾਲ ਮੰਤਰ-ਮੁਗਧ ਹੋ ਜਾਂਦੀ ਸਾਰੀ ਸੰਗਤ। ਵਾਹ ਵਾਹ ਦੀਆਂ ਆਵਾਜ਼ਾਂ ਉੱਠਦੀਆਂ। ਲੋਕ ਘਰਾਂ ਨੂੰ ਵਾਪਸ ਮੁੜਦੇ ਤਾਂ ਕਈ ਕਈ ਦਿਨ ਸੀਤਲ ਦੇ ਸੁਣਾਏ ਪ੍ਰਸੰਗਾਂ ਤੇ ਕੀਤੀਆਂ ਗੱਲਾਂ ਨੂੰ ਦੁਹਰਾਇਆ ਜਾਂਦਾ। ਗਿਆਨੀ ਸੋਹਣ ਸਿੰਘ ਸੀਤਲ ਨੇ ਪੁਰਾਤਨ ਗ੍ਰੰਥਾਂ ਨੂੰ ਆਪਣੀ ਨਜ਼ਰ ਤੋਂ ਚੰਗੀ ਤਰ੍ਹਾਂ ਘੋਖਿਆਂ ਸ੍ਰੀ ਗੁਰ ਸੋਭਾ ਤੋਂ ਲੈ ਕੇ ਸੂਰਜ ਪ੍ਰਕਾਸ਼ ਤਕ ਖੋਜ ਕੀਤੀ। ਇਨ੍ਹਾਂ ਦੀ ਬੋਲੀ ਕਾਫੀ ਔਖੀ (ਬ੍ਰਿਜ ਭਾਸ਼ਾ) ਹੈ, ਇਹ ਗ੍ਰੰਥ ਲਿਖੇ ਵੀ ਕਵਿਤਾ ਦੇ ਰੂਪ ਵਿੱਚ ਹਨ। ਇਨ੍ਹਾਂ ਉਪਰੋਕਤ ਗੱਲਾਂ ਨੂੰ ਮੁੱਖ ਰੱਖ ਕੇ ਸਿੱਖ ਇਤਿਹਾਸ ਦੇ ਸੋਮੇ ਨਾਮ ਦਾ ਗ੍ਰੰਥ ਪੰਜ ਭਾਗਾਂ ਵਿੱਚ ਸੀਤਲ ਨੇ ਲਿਖਿਆ।

ਭੁੱਲੀ ਦੁਨੀਆਂ ਐਵੇਂ ਕਲਜੁਗ ਕਲਜੁਗ ਕੂਕਦੀ

ਮੈਨੂੰ ਸਤਜੁਗ ਆਉਂਦਾ ਦੀਹਦਾ ਵਿੱਚ ਜਹਾਨ ਦੇ

ਜਿਹੜਾ ਆਦਮ ਇੱਕ ਦਿਨ ਖੱਡਾਂ ਦੇ ਵਿੱਚ ਰਹਿੰਦਾ ਸੀ

ਉਹਦੇ ਪੁੱਤਰ ਉਡਦੇ ਫਿਰਦੇ ਵਿੱਚ ਅਸਮਾਨ ਦੇ

ਨਜ਼ਰਾਂ ਲੈਂਦੇ ਸੀ ਜੋ ਕਰਾਮਾਤ ਦੇ ਮਾਣ `ਤੇ

ਹੱਥ ਬੰਨ੍ਹ ਖਲੇ ਦੇਵਤੇ ਅੱਗੇ ਸਾਇੰਸਦਾਨ ਦੇ

ਸਿੱਖ ਰਾਜ ਕਿਵੇਂ ਗਿਆ ਦਾ ਪ੍ਰਸੰਗ ਸੁਣ ਕੇ ਲੋਕਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਗਣ ਲੱਗ ਪੈਂਦੇ ਸਨ, ਉਨ੍ਹਾਂ ਦੇ ਰੌਂਗਟੇ ਖੜੇ ਹੋ ਜਾਂਦੇ ਸਨ, ਸੋਹਣ ਸਿੰਘ ਸੀਤਲ ਦਾ ਨਾਂ ਪੰਜਾਬੀ ਸਾਹਿਤ, ਇਤਿਹਾਸ, ਖੋਜ ਅਤੇ ਗੁਰਮਤਿ ਪਰਚਾਰ ਦੇ ਖੇਤਰ ਵਿੱਚ ਇੱਕ ਮਿੱਥ ਦੀ ਪਦਵੀ ਗ੍ਰਹਿਣ ਕਰ ਗਿਆ ਹੈ। ਸਿਆਣਪ, ਸਾਦਗੀ, ਸਿਰੜ ਤੇ ਨਿਰੰਤਰ ਘਾਲਣਾ ਦਾ ਨਾਂ ਹੈ ਸੋਹਣ ਸਿੰਘ ਸੀਤਲ। ਤਹਿਰੀਰ ਅਤੇ ਤਕਰੀਰ ਦੇ ਦੋਵਾਂ ਗੁਣਾਂ ਨਾਲ ਵਰੋਸਾਇਆ ਹੋਇਆ। ਉਸ ਦੀ ਜ਼ਬਾਨ ਅਤੇ ਕਲਮ ਦੋਹਾਂ ਉਪਰ ਹੀ ਸਰਸਵਤੀ ਦੀ ਕ੍ਰਿਪਾ-ਦ੍ਰਿਸ਼ਟੀ ਰਹੀ। ਜੇ ਕਿਧਰੇ ਉਹ `ਸਿੱਖ ਰਾਜ ਕਿਵੇਂ ਗਿਆ?” ਦੀ ਦੁਖਾਂਤਕ ਕਹਾਣੀ ਸੁਣਾਉਂਦਾ ਤਾਂ ਉਸ ਦੇ ਬੋਲਾਂ ਦੇ ਜਾਦੂ ਨਾਲ ਲੋਕ ਕੀਲੇ ਜਾਂਦੇ। ਲੇਖਕ ਨੇ ਸੀਤਲ ਜੀ ਨਾਲ ਕੁੱਝ ਯਾਦਗਾਰੀ ਤਸਵੀਰਾਂ ਵੀ ਸ਼ਾਮਲ ਕੀਤੀਆਂ ਹਨ, ਜੋ ਆਪਣੀ ਕਥਾ ਆਪ ਹੀ ਬਿਆਨ ਕਰਦੀਆਂ ਹਨ। ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਈ. ਨੂੰ ਪਿੰਡ ਕਾਦੀਵਿੰਡ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿਖੇ ਪਿਤਾ ਸ. ਖੁਸ਼ਹਾਲ ਸਿੰਘ ਦੇ ਗ੍ਰਹਿ ਮਾਤਾ ਸ੍ਰੀਮਤੀ ਦਿਆਲ ਕੌਰ ਦੀ ਕੁੱਖੋਂ ਹੋਇਆ। ਇਹ ਸਿੱਖ ਜਗਤ ਦੀ ਸਾਹਿਤਕ, ਪ੍ਰਚਾਰਕ, ਢਾਡੀ ਵਜੋਂ ਸੇਵਾ ਨਿਭਾਉਂਦੇ 23 ਸਤੰਬਰ 1998 ਨੂੰ ਅਕਾਲ ਚਲਾਣਾ ਕਰ ਗਏ। ਉਹ ਪਿੰਡਾਂ ਵਿੱਚ ਲੋਕ ਸਿਆਣਪ ਦਾ ਚਿੰਨ੍ਹ ਬਣ ਗਿਆ ਸੀ, ਪੰਜਾਬ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਗਿ. ਸ਼ੋਹਣ ਸਿੰਘ ਸੀਤਲ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣ ਦੇ ਯੋਗ ਹੈ। ਉਨ੍ਹਾਂ ਨੇ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਆਪਣੇ ਜੀਵਨ ਦਾ ਅੰਗ ਵੀ ਬਣਾਇਆ ਹੈ, ਉਨ੍ਹਾਂ ਲੋਕ ਮਨਾਂ ਵਿੱਚ ਸਿੱਖ ਇਤਿਹਾਸ ਦੇ ਬੂਟੇ ਲਾਏ ਹਨ।

Leave a Reply

Your email address will not be published. Required fields are marked *