ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਮਨੁੱਖੀ ਅਧਿਕਾਰ ਵਿਸ਼ੇ’ ‘ਤੇ ਸੈਮੀਨਾਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਚ ਸਥਾਪਿਤ ਗੁਰੂ ਗੋਬਿੰਦ ਸਿੰਘ ਚੇਅਰ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ‘ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਮਨੁੱਖੀ ਅਧਿਕਾਰ ਵਿਸ਼ੇ’ ‘ਤੇ ਕਰਵਾਏ ਸੈਮੀਨਾਰ ਵਿਚ ਵੱਖ-ਵੱਖ ਵਿਦਵਾਨਾਂ ਦੀ ਵਿਚਾਰ ਚਰਚਾ ਤੋਂ ਇਹ ਗੱਲ ਸਾਹਮਣੇ ਆਈ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਬਾਣੀ ਮਨੁੱਖੀ ਵਿਚਾਰਾਂ ਅਤੇ ਸੱਭਿਆਚਾਰਕ ਚਿੰਨ੍ਹਾਂ ਦੀ ਸੁਤੰਤਰਤਾ, ਸੱਭਿਆਚਾਰਕ ਵਿਭਿੰਨਤਾ, ਵਿਚਾਰਾਂ ਦੀ ਬਹੁਲਤਾ ਅਤੇ ਮਨੁੱਖੀ ਸਵੈ-ਮਾਨ ਅਤੇ ਹੋਂਦ ਦੀ ਬਹਾਲੀ ਲਈ ਕੀਮਤੀ ਸਬਕ ਪ੍ਰਦਾਨ ਕਰਦੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਅਰਵਿੰਦ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਨਾਲ ਔਰੰਗਜੇਬ ਦੇ ਅੱਤਿਆਚਾਰ ਦੀ ਜੜ੍ਹ ਪੁੱਟਣ ਦੀ ਸ਼ੁਰੂਆਤ ਕਰ ਦਿੱਤੀ ਸੀ। ਇਸ ਧਰਤੀ ਤੋਂ ਔਰੰਗਜੇਬ ਦੇ ਜੁਲਮਾਂ ਦਾ ਖਾਤਮਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਗੁਰੂ ਗੋਬਿੰਦ ਸਿੰਘ ਚੇਅਰ ਵਲੋਂ ਪ੍ਰਕਾਸ਼ਤ ਪੁਸਤਕ ਗੁਰੂ ਤੇਗ ਬਹਾਦਰ ਸਾਹਿਬ: ਅਧਿਐਨ, ਸਰਵੇਖਣ ਅਤੇ ਮੁਲਾਂਕਣ ਨੂੰ ਰਿਲੀਜ਼ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਉਣ ਵਾਲੇ ਸਮੇਂ ਵਿਚ ਉੱਚ ਮਿਆਰੀ ਖੋਜ-ਕਾਰਜ ਉਲੀਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰੋਫੈਸਰ ਸੁਖਦਿਆਲ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਇਤਿਹਾਸਕ ਪਿਛੋਕੜ ਦਾ ਜ਼ਿਕਰ ਕਰਦਿਆਂ ਦਸਿਆਂ ਕਿ ਔਰੰਗਜੇਬ ਨੇ ਆਪਣੀਆਂ ਤਾਨਾਸ਼ਾਹ ਨੀਤੀਆਂ ਲਾਗੂ ਕੀਤੀਆਂ ਸਨ ਉਹ ਹੋਰਨਾਂ ਧਰਮਾਂ ਦੇ ਚਿੰਨ੍ਹਾਂ ਅਤੇ ਸਥਾਨਾਂ ਨੂੰ ਮਲੀਆਮੇਟ ਕਰ ਰਿਹਾ ਸੀ। ਇਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਔਰੰਗਜੇਬ ਦੇ ਜੁਲਮਾਂ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਸੀ, ਜਿਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਮਹਾਂ-ਨਾਇਕ ਵਜੋਂ ਉਭਰ ਰਹੇ ਸਨ। ਗੁਰੂ ਤੇਗ ਬਹਾਦਰ ਸਾਹਿਬ ਦੀ ਵਧ ਰਹੀ ਰੂਹਾਨੀ ਤਾਕਤ ਕਰਕੇ ਪੀੜਿਤ ਧਿਰ ਆਪਣੀ ਫਰਿਆਦ ਲੈ ਕੇ ਆਉਣ ਲੱਗੀ। ਕਸ਼ਮੀਰੀ ਪੰਡਤ ਇਸੇ ਉਮੀਦ ਨਾਲ ਗੁਰੂ ਤੇਗ ਬਹਾਦਰ ਜੀ ਕੋਲ ਆਏ।
ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸਿਧਾਂਤਕ ਪੱਖਾਂ ਨੂੰ ਮਨੁੱਖੀ ਅਧਿਕਾਰਾਂ ਦੇ ਪਰਿਪੇਖ ਵਿਚ ਸਮਝਣ ਲਈ ਮਹੱਤਵਪੂਰਨ ਨੁਕਤੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪ੍ਰਚਲਿਤ ਪਰੰਪਰਾ ਵਿਚ ਸਿੱਖ ਪਰੰਪਰਾ ਦੀ ਵਿਲੱਖਣ ਪਛਾਣ ਹਕੂਮਤ ਨੂੰ ਰੜਕਦੀ ਸੀ। ਗੁਰੂ ਸਾਹਿਬਾਨ ਨੇ ਭਗਤੀ ਅਤੇ ਸ਼ਕਤੀ ਦਾ ਸੁਮੇਲ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇਕ ਨਵਾਂ ਸਮਾਜਕ ਵਾਤਾਵਰਨ ਸਿਰਜਿਆ। ਅਡੀਸ਼ਲ ਡੀਨ, ਰਿਸਰਚ ਡਾ. ਜਗਰੂਪ ਕੌਰ ਨੇ ਮਨੁੱਖੀ ਵਿਚਾਰਾਂ ਦੀ ਅਜਾਦੀ, ਸਵੈ-ਮਾਨ ਅਤੇ ਆਪਣੇ ਅਧਿਕਾਰਾਂ ਲਈ ਸੁਚੇਤ ਹੋਣ ਦੇ ਨਾਲ-ਨਾਲ ਗੁਰਬਾਣੀ ਦੇ ਮਹੱਤਵ ਨੂੰ ਸਮਝ ਕੇ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਦਾ ਬਦਲ ਪੇਸ਼ ਕਰਨ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਜੀਵਨ ਵਿਚ ਉਤਾਰਨ ਤੇ ਜ਼ੋਰ ਦਿੱਤਾ। ਡੀਨ, ਸਮਾਜਕ ਵਿਗਿਆਨ ਡਾ. ਹਰਵਿੰਦਰ ਕੌਰ ਨੇ ਆਰਥਿਕ ਜੀਵਨ ਵਿਚ ਪੈਦਾ ਹੋ ਰਹੀ ਅਸਮਾਨਤਾ ਅਤੇ ਆਰਥਿਕ ਸਮੱਸਿਆਵਾਂ ਦੇ ਬਦਲ ਲਈ ਗੁਰਮਤਿ ਵਿਸ਼ੇਸ਼ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਸਮਾਜਕ ਸਵੈ-ਸੇਵਾ ਦੇ ਖੇਤਰ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾ ਲਈ ਪਾਏ ਯੋਗਦਾਨ ਨੂੰ ਸਮਝਣ ਤੇ ਜੋਰ ਦਿੱਤਾ। ਖਾਲਸਾ ਕਾਲਜ, ਪਟਿਆਲਾ ਤੋਂ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਵੀਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਤੇ ਉਨ੍ਹਾਂ ਦੀ ਸ਼ਹਾਦਤ ਮਨੁੱਖੀ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਕਾਇਮ ਰੱਖਣ ਲਈ ਸਦੀਵੀ ਸੰਦੇਸ਼ ਹੈ। ਗੁਰੂ ਗੋਬਿੰਦ ਸਿੰਘ ਚੇਅਰ ਦੇ ਪ੍ਰੋਫੈਸਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਇਸ ਸੈਮੀਨਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੋਕੇ ਸਮੇਂ ਵਿਚ ਟੈਕਾਨਾਲੌਜੀ ਅਤੇ ਖਾਸ ਕਰਕੇ ਇੰਨਫਰਮੇਸ਼ਨ ਟੈਕਨਾਲੌਜੀ, ਅੰਕੜੇ ਅਤੇ ਖੋਜ ਨਾਲ ਮਨੁੱਖੀ ਮਨ ਉੱਤੇ ਪ੍ਰਭਾਵ ਪਾਇਆ ਜਾ ਰਿਹਾ ਹੈ, ਜਿਸ ਨਾਲ ਮਨੁੱਖੀ ਅਧਿਕਾਰ ਖਤਰੇ ਵਿਚ ਪੈ ਰਹੇ ਹਨ। ਉਨ੍ਹਾਂ ਨੇ ਹਾਜਰ ਵਿਦਵਾਨਾਂ ਨੂੰ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਅਜੋਕੇ ਪਰਿਪੇਖ ਵਿਸ਼ੇਸ਼ ਕਰਕੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦੇ ਹਵਾਲੇ ਵਿਚ ਸਮਝਣ ਲਈ ਯਤਨ ਕਰਨ। ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੇਲ ਸਿੰਘ ਨੇ ਵੱਖ-ਵੱਖ ਵਿਭਾਗਾਂ ਅਤੇ ਕਾਲਜਾਂ ਤੋਂ ਆਏ ਡੈਲੀਗੇਟਸ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਸ਼ਮਸ਼ੇਰ ਸਿੰਘ, ਪ੍ਰੋਫੈਸਰ ਮੇਹਰ ਸਿੰਘ ਗਿੱਲ, ਡਾ. ਜਸਵਿੰਦਰ ਸਿੰਘ ਅਤੇ ਡਾ. ਅਰਵਿੰਦ ਰਿਤੂਰਾਜ ਹਾਜਰ ਸਨ।

