ਪੰਜਾਬ

ਪੰਜਾਬ ਦੀ ਸਨਅਤ ਲਈ ਅਕਾਲੀ-ਭਾਜਪਾ ਸਰਕਾਰ ਨੇ ਮਿਸਾਲੀ ਕਦਮ ਚੁੱਕੇ- ਸੁਖਬੀਰ ਸਿੰਘ ਬਾਦਲ

ਸ਼ੋਸ਼ਲ ਮੀਡੀਆ ‘ਤੇ ਆਈ ਸੁੱਚਾ ਸਿੰਘ ਛੋਟੇਪੁਰ ਵੱਲੋਂ ਪੈਸੇ ਲੈਣ ਦੀ ਵੀਡੀਓ ਨੇ ਸਾਬਤ ਕੀਤਾ ਕਿ ‘ਆਪ’ ਲੁੱਟਖੋਰਾਂ ਦੀ ਪਾਰਟੀ
ਅਮਲੋਹ ਸ਼ਹਿਰ ਲਈ 16.72 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ, 49 ਪਿੰਡਾਂ ਨੂੰ 8.70 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਜਾਰੀ
ਅਮਲੋਹ, 24 ਅਗਸਤ (ਮਧੂਸਾਰ ਬਿਊਰੋ)
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੀ ਸਨਅਤ ਨੂੰ ਜਿੰਨੀਆਂ ਰਿਆਇਤਾਂ ਅਤੇ ਸਹੂਲਤਾਂ ਦਿੱਤੀਆਂ ਹਨ ਉਸ ਦਾ ਦੇਸ਼ ਭਰ ਵਿਚ ਕੋਈ ਮੁਕਾਬਲਾ ਨਹੀਂ ਹੈ।

ਅਮਲੋਹ ਹਲਕੇ ਦੇ ਸੰਗਤ ਦਰਸ਼ਨ ਦੇ ਦੂਜੇ ਅਤੇ ਆਖਰੀ ਦਿਨ ਮੰਡੀ ਗੋਬਿੰਦਗੜ੍ਹ ਦੀ ਸਨਅਤ ਦੀ ਮਾੜੀ ਹਾਲਤ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਨਅਤਾਂ ਨੂੰ 24 ਘੰਟੇ ਸਸਤੀ ਦਰ ‘ਤੇ ਬਿਜਲੀ ਦੇਣ ਦੀ ਪਹਿਲ ਕੀਤੀ ਗਈ ਹੈ ਜਦਕਿ ਪਹਿਲਾਂ ਸਨਅਤਕਾਰਾਂ ਨੂੰ 16-18 ਘੰਟੇ ਤੱਕ ਜਨਰੇਟਰਾਂ ‘ਤੇ ਮਿੱਲਾਂ ਚਲਾਉਣੀਆਂ ਪੈਂਦੀਆਂ ਸਨ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੀ ਸਨਅਤ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਅਕਾਲੀ-ਭਾਜਪਾ ਸਰਕਾਰ ਹੋਰ ਉਦਯੋਗਪੱਖੀ ਨੀਤੀਆਂ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਵਿਸ਼ਵ ਪੱਧਰੀ ਢਾਂਚੇ ਅਤੇ ਨੀਤੀਆਂ ਦੀ ਬਦੌਲਤ ਪੰਜਾਬ ਵਿਚ ਬਹੁਤ ਸਾਰੇ ਕੌਮੀ ਅਤੇ ਕੌਮਾਂਤਰੀ ਉਦਯੋਗਪਤੀ ਨਿਵੇਸ਼ ਵਿਚ ਉਤਸ਼ਾਹ ਵਿਖਾ ਰਹੇ ਹਨ।
ਆਮ ਆਦਮੀ ਪਾਰਟੀ ਸਬੰਧੀ ਪੁੱਛੇ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ੋਸ਼ਲ ਮੀਡੀਆ ‘ਤੇ ਆਈ ਪੰਜਾਬ ਦੇ ‘ਆਪ’ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਪੈਸੇ ਲੈਣ ਦੀ ਵੀਡੀਓ ਨੇ ਹੁਣ ਸ਼ਰੇਆਮ ਸਾਬਤ ਕਰ ਦਿੱਤਾ ਹੈ ਕਿ ‘ਆਪ’ ਲੁੱਟਖੋਰਾਂ ਦੀ ਪਾਰਟੀ ਹੈ ਅਤੇ ਪੰਜਾਬ ਵਾਸੀਆਂ ਨੂੰ ਇਸ ਪਾਰਟੀ ਦੇ ਝੂਠੇ ਵਾਅਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੇ ਨਕਸਲੀ ਆਗੂਆਂ ਦਾ ਟੋਲਾ ਹੈ ਜੋ ਪੰਜਾਬ ਦਾ ਸ਼ਾਂਤੀ ਅਤੇ ਖੁਸ਼ਹਾਲੀ-ਭਰਪੂਰ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਅਤੇ ਪੰਜਾਬ ਦੀ ਤਰੱਕੀ ਕਰਨਾ ਤੇ ਲੋਕਾਂ ਦਾ ਜੀਵਨ-ਪੱਧਰ ਉੱਚਾ ਚੁੱਕਣਾ ਸਾਡਾ ਮੁੱਖ ਮਕਸਦ ਹੈ ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਿਰਫ ਸੱਤਾ ਪ੍ਰਾਪਤੀ ਦਾ ਲਾਲਚ ਰੱਖਦੀਆਂ ਹਨ।
ਸ. ਬਾਦਲ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਸੈਸ਼ਨ, ਜੋ ਕਿ 5 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ, ਵਿਚ ਜੀਐਸਟੀ ‘ਤੇ ਫੈਸਲਾ ਲਿਆ ਜਾਵੇਗਾ। ਪੰਜਾਬ ਵਿਚ ‘ਪਕੋਕਾ’ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਲਾਗੂ ਕਰਨ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਪਕੋਕਾ’ ਸਬੰਧੀ ਸਾਰੇ ਪੱਖ ਘੋਖਣ ਲਈ ਪੰਜਾਬ ਦੇ ਮੰਤਰੀ ਮੰਡਲ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਕਿਹਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਦਿੱਤੀ ਅੰਤਿਮ ਰਿਪੋਰਟ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ।
ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਅਮਲੋਹ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਰਸਮੀ ਉਮੀਦਵਾਰ ਐਲਾਨੇ ਜਾਣ ਸਬੰਧੀ ਇਕ ਹੋਰ ਸਵਾਲ ਦੇ ਜਵਾਬ ਵਿਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਜਿਸ ਹਲਕੇ ਤੋਂ ਵੀ ਅਕਾਲੀ ਉਮੀਦਵਾਰ ਨੇ ਚੋਣ ਲੜਨੀ ਹੈ ਇਸ ਸਬੰਧੀ ਉਸ ਹਲਕੇ ਦੇ ਆਗੂਆਂ ਅਤੇ ਵਰਕਰਾਂ ਨੂੰ ਪੂਰੀ ਜਾਣਕਾਰੀ ਹੈ ਅਤੇ ਚੋਣਾਂ ਦੀ ਤਿਆਰੀ ਪਾਰਟੀ ਵੱਲੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਸੂਚੀ ਦਾ ਰਸਮੀ ਐਲਾਨ ਬਹੁਤ ਜਲਦ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵਿਕਾਸ ਦੇ ਸਭ ਤੋਂ ਜ਼ਿਆਦਾ ਕੰਮ ਮੌਜੂਦਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਕਰਵਾਏ ਹਨ ਅਤੇ ਸਾਰੇ ਵਰਗਾਂ ਲਈ ਭਲਾਈ ਸਕੀਮਾਂ ਤੋਂ ਇਲਾਵਾ ਸੂਬੇ ਦੇ ਬੁਨਿਆਦੇ ਢਾਂਚੇ ਵਿਚ ਵੀ ਜਬਰਦਸਤ ਸਕਾਰਾਤਮਕ ਤਬਦੀਲੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ 4-6 ਮਾਰਗੀ ਬਣਾਈਆਂ ਗਈਆਂ ਹਨ ਉੱਥੇ ਸੂਬੇ ਨੂੰ ਵਾਧੂ ਬਿਜਲੀ ਵਾਲਾ ਬਣਾਉਣਾ ਅਕਾਲੀ-ਭਾਜਪਾ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਅਮਲੋਹ ਸ਼ਹਿਰ ਲਈ 16.72 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ ਸੰਗਤ ਦਰਸ਼ਨ ਦੌਰਾਨ 49 ਪਿੰਡਾਂ ਨੂੰ 8 ਕਰੋੜ 70 ਲੱਖ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਜਾਰੀ ਕੀਤੀਆਂ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਵਿਕਾਸ ਦੀ ਇਸ ਰਫਤਾਰ ਨੂੰ ਹੋਰ ਤੇਜ਼ ਕਰਨ ਲਈ ਅਕਾਲੀ-ਭਾਜਪਾ ਗੱਠਜੋੜ ਨੂੰ ਜਿੱਤ ਦੀ ਹੈਟ੍ਰਿਕ ਲਵਾਈ ਜਾਵੇ।

Leave a Reply

Your email address will not be published. Required fields are marked *