ਪਟਿਆਲਾ

ਪਟਿਆਲਾ ਜੋਨ ਦੇ ਤਿੰਨ ਰੋਜ਼ਾ ਖ਼ੇਤਰੀ ਯੁਵਕ ਮੇਲੇ ਵਿੱਚ ਖ਼ਾਲਸਾ ਕਾਲਜ ਪਟਿਆਲਾ ਬਣਿਆ ਓਵਰਆਲ ਚੈਪੀਅਨ

ਵੱਖ-ਵੱਖ ਵੰਨਗੀਆਂ ਦੀਆਂ ਪੰਜਾਂ ਵਿੱਚੋਂ ਚਾਰ ਓਵਰਆਲ ਟਰਾਫੀਆਂ ਵੀ ਖ਼ਾਲਸਾ ਕਾਲਜ ਪਟਿਆਲਾ ਨੇ ਜਿੱਤੀਆਂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਜੋਨ ਦੇ ਤਿੰਨ ਰੋਜ਼ਾ ਖੇਤਰੀ ਯੁਵਕ ਮੇਲੇ ਵਿੱਚ ਖ਼ਾਲਸਾ ਕਾਲਜ ਪਟਿਆਲਾ ਨੇ ਆਪਣੇ ਇਤਿਹਾਸ ਨੂੰ ਹੋਰ ਵੀ ਸ਼ਾਨਮੱਤਾ ਬਣਾਉਂਦੇ ਹੋਏ ਲਗਾਤਾਰ 16ਵੀਂ ਵਾਰ ਵੀ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਖੇਤਰੀ ਯੁਵਕ ਮੇਲੇ ਦੇ ਤੀਜੇ ਦਿਨ ਸਵੇਰ ਦੇ ਸੈਸ਼ਨ ਵਿੱਚ ਪ੍ਰੋ ਯਸ਼ਪਾਲ ਸ਼ਰਮਾ ਸਾਬਕਾ ਡੀਨ ਅਕਾਦਮਿਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਰਨਣਯੋਗ ਹੈ ਕਿ ਇਹ ਸਮੁੱਚਾ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਸ੍ਰੀ ਵਰਿੰਦਰ ਕੌਸ਼ਿਕ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਿੱਜੀ ਦੇਖ ਰੇਖ ਹੇਠ ਸਫ਼ਲਤਾ ਪੂਰਵਕ ਨੇਪਰੇ ਚੜਿਆ ਅਤੇ ਉਨਾਂ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਡਾ. ਧਰਮਿੰਦਰ ਸਿੰਘ ਉੱਭਾ ਨੂੰ ਤਿੰਨ ਰੋਜ਼ਾ ਖੇਤਰੀ ਯੁਵਕ ਮੇਲੇ ਵਿੱਚ ਓਵਰਆਲ ਚੈਂਪੀਅਨ ਬਣਨ ਤੇ ਮੁਬਾਰਕਬਾਦ ਵੀ ਦਿੱਤੀ। ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਵਿਚ ਡਾ.ਸਤੀਸ਼ ਕੁਮਾਰ ਵਰਮਾ ਸਾਬਕਾ ਡਾਇਰੈਕਟਰ , ਯੁਵਕ ਭਲਾਈ ਵਿਭਾਗ , ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਆਪਣੇ ਕਰ ਕਮਲਾਂ ਨਾਲ ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ, ਡੀਨ ਸੱਭਿਆਚਾਰਕ ਸਰਗਰਮੀਆਂ ਡਾ.ਹਰਵਿੰਦਰ ਕੌਰ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਇਸ ਜ਼ੋਨਲ ਖ਼ੇਤਰੀ ਯੁਵਕ ਮੇਲੇ ਦੌਰਾਨ ਓਵਰਆਲ ਚੈਂਪੀਅਨ ਰਹਿਣ ਤੇ ਟਰਾਫੀ ਪ੍ਰਦਾਨ ਕੀਤੀ। ਇਸ ਮੇਲੇ ਦੌਰਾਨ ਪੰਜਾਬੀ ਯੂਨੀਵਰਸਿਟੀ ਕੈਂਪਸ ਫਸਟ ਰਨਰਅੱਪ ਅਤੇ ਮਹਿੰਦਰਾ ਕਾਲਜ ਪਟਿਆਲਾ ਸੈਕਿੰਡ ਰਨਰਅੱਪ ਰਿਹਾ। ਇਸ ਤੋਂ ਇਲਾਵਾ ਵੱਖ-ਵੱਖ ਵੰਨਗੀਆਂ ਵਿੱਚ ਓਵਰਆਲ ਮਿਊਜ਼ਿਕ ਟਰਾਫੀ, ਓਵਰਆਲ ਡਾਂਸ ਟਰਾਫੀ ਅਤੇ ਓਵਰਆਲ ਫਾਈਨ ਆਰਟਸ ਟਰਾਫੀ ਓਵਰਆਲ ਥੀਏਟਰ ਟਰਾਫੀ (ਮੋਦੀ ਕਾਲਜ ਨਾਲ ਸਾਂਝੀ), ਵੀ ਖ਼ਾਲਸਾ ਕਾਲਜ ਪਟਿਆਲਾ ਨੇ ਆਪਣੀ ਬਿਹਤਰੀਨ ਪੇਸ਼ਕਾਰੀ ਸਦਕਾ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਅਤੇ ਓਵਰਆਲ ਲਿਟਰੇਰੀ ਟਰਾਫ਼ੀ ਪਬਲਿਕ ਕਾਲਜ ਸਮਾਣਾ ਨੇ ਹਾਸਲ ਕੀਤੀ।

ਖ਼ਾਲਸਾ ਕਾਲਜ ਪਟਿਆਲਾ ਦੇ ਖੇਤਰੀ ਯੁਵਕ ਮੇਲੇ ਵਿੱਚ ਓਵਰਆਲ ਚੈਂਪੀਅਨ ਬਣਨ ਤੇ ਸ. ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਅਤੇ ਸਕੱਤਰ ਵਿੱਦਿਆ ਸ. ਸੁਖਵਿੰਦਰ ਸਿੰਘ ਵੱਲੋਂ ਵੀ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਪ੍ਰੋ ਯਸ਼ਪਾਲ ਸ਼ਰਮਾ ਸਾਬਕਾ ਡੀਨ ਅਕਾਦਮਿਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਸਮਾਜ ਦੀ ਤਰੱਕੀ ਵਿਰਾਸਤ ਨੂੰ ਸਾਂਭਣ ਨਾਲ ਹੀ ਜੁੜੀ ਹੋਈ ਹੈ। ਇਨ੍ਹਾਂ ਕਾਰਜਾਂ ਨਾਲ ਹੀ ਬੱਚਿਆਂ ਦੀ ਸ਼ਖ਼ਸੀਅਤ ਉਸਾਰੂ ਬਣਦੀ ਹੈ। ਸਾਬਕਾ ਡਾਇਰੈਕਟਰ , ਯੁਵਕ ਭਲਾਈ ਵਿਭਾਗ , ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ.ਸਤੀਸ਼ ਕੁਮਾਰ ਵਰਮਾ ਨੇ ਇਸ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਮਿਹਨਤ ਨੂੰ ਸਿਜਦਾ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਗੱਲ ਤੇ ਫਖ਼ਰ ਹੈ ਕਿ ਯੁਵਕ ਮੇਲਿਆ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਹੈ ਮੇਰੀ ਪਰਮਾਤਮਾ ਅੱਗੇ ਹਮੇਸ਼ਾ ਹੀ ਇਹ ਦੁਆ ਹੈ ਕਿ ਸਾਡੇ ਭਵਿੱਖ ਦੇ ਵਾਰਸ ਇਸੇ ਤਰ੍ਹਾਂ ਖੁਸ਼ੀਆਂ ਤੇ ਜ਼ਿੰਦਗੀ ਦਾ ਆਨੰਦ ਮਾਣਦੇ ਰਹਿਣ। ਕਾਲਜ ਪਿ੍ਰੰਸੀਪਲ ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਮੈਂ ਇਸ ਗੱਲ ਦਾ ਹਮੇਸ਼ਾ ਹੀ ਮੁਦੱਈ ਰਿਹਾ ਹਾਂ ਕਿ ਦੁਨੀਆ ਵਿੱਚ ਉਨ੍ਹਾਂ ਕੌਮਾਂ ਨੇ ਹੀ ਵੱਧ ਤਰੱਕੀ ਕੀਤੀ ਹੈ। ਜਿੱਥੇ ਆਉਣ ਵਾਲੀ ਪੀੜ੍ਹੀ ਪਹਿਲੀ ਦੀ ਨਿਸਬਤ ਵਧੇਰੇ ਮਿਹਨਤੀ ਹੋਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀਆਂ ਨਵੀਆਂ ਪੀੜ੍ਹੀਆਂ ਬਹੁਤ ਮਿਹਨਤੀ ਅਤੇ ਚੇਤਨ ਹਨ ਪਰ ਇਸ ਦੇ ਨਾਲ ਹੀ ਸਾਡਾ ਇਹ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਨੂੰ ਸਹੀ ਸੇਧ ਪ੍ਰਦਾਨ ਕਰੀਏ ਅਤੇ ਆਪਣੇ ਸਭਿਆਚਾਰ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕਰੀਏ। ਇਸ ਮੌਕੇ ਉਨਾਂ ਮੇਲੇ ਦੇ ਆਯੋਜਨ ਵਿੱਚ ਸਹਾਇਕ ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲ ਸਾਹਿਬਾਨ, ਟੀਚਰ ਇੰਚਾਰਜ, ਵੱਖ-ਵੱਖ ਟੀਮਾਂ ਦੇ ਕੋਚ ਸਾਹਿਬਾਨ, ਖ਼ਾਲਸਾ ਕਾਲਜ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਦਾ ਵੀ ਧੰਨਵਾਦ ਕੀਤਾ। ਖੇਤਰੀ ਯੁਵਕ ਮੇਲੇ ਦੇ ਤੀਸਰੇ ਦਿਨ ਹੋਏ ਮੁਕਾਬਲਿਆਂ ਦੌਰਾਨ ਗਿੱਧਾ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਨੇ ਪਹਿਲਾ, ਖ਼ਾਲਸਾ ਕਾਲਜ ਪਟਿਆਲਾ ਨੇ ਦੂਜਾ ਅਤੇ ਗੌਰਮਿੰਟ ਕਾਲਜ ਫਾਰ ਗਰਲਜ਼ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਾਈਮ ਵਿੱਚ ਮੋਦੀ ਕਾਲਜ ਨੇ ਪਹਿਲਾ , ਮਹਿੰਦਰਾ ਕਾਲਜ ਨੇ ਦੂਜਾ ਅਤੇ ਖ਼ਾਲਸਾ ਕਾਲਜ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕਿੱਟ ਵਿੱਚ ਖਾਲਸਾ ਕਾਲਜ ਪਟਿਆਲਾ ਨੇ ਪਹਿਲਾ, ਮੋਦੀ ਕਾਲਜ ਨੇ ਦੂਜਾ ਅਤੇ ਮਹਿੰਦਰਾ ਕਾਲਜ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਡਾਂਸ ਵਿੱਚ ਗੌਰਮੈਂਟ ਗਰਲਜ ਕਾਲਜ ਨੇ ਪਹਿਲਾ ਅਤੇ ਖ਼ਾਲਸਾ ਕਾਲਜ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਦ -ਵਿਵਾਦ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਨੇ ਪਹਿਲਾ, ਪਬਲਿਕ ਕਾਲਜ ਸਮਾਣਾ ਨੇ ਦੂਜਾ ਅਤੇ ਖ਼ਾਲਸਾ ਕਾਲਜ ਪਟਿਆਲਾ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਕਲਾ ਵਿੱਚ ਪਬਲਿਕ ਕਾਲਜ ਸਮਾਣਾ ਨੇ ਪਹਿਲਾ , ਖ਼ਾਲਸਾ ਕਾਲਜ ਪਟਿਆਲਾ ਨੇ ਦੂਜਾ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਤੀਜਾ ਸਥਾਨ ਪ੍ਰਾਪਤ ਕੀਤਾ । ਕਾਵਿ ਉਚਾਰਨ ਵਿੱਚ ਖ਼ਾਲਸਾ ਕਾਲਜ ਪਟਿਆਲਾ ਨੇ ਪਹਿਲਾ, ਮੋਦੀ ਕਾਲਜ ਨੇ ਦੂਜਾ ਅਤੇ ਪਬਲਿਕ ਕਾਲਜ ਸਮਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੇਲੇ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹੁੰਮ ਹੁਮਾ ਕੇ ਭਾਗ ਲਿਆ ਅਤੇ ਵੱਖ ਵੱਖ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਖ਼ਾਲਸਾ ਕਾਲਜ ਪਟਿਆਲਾ ਦੇ ਡੀਨ ਸੱਭਿਆਚਾਰਕ ਸਰਗਰਮੀਆਂ ਡਾ.ਹਰਵਿੰਦਰ ਕੌਰ ਦੇ ਅਹਿਮ ਉਪਰਾਲਿਆਂ ਸਦਕਾ ਇਹ ਮੇਲਾ ਸਾਰਿਆਂ ਦੇ ਮਨਾਂ ਤੇ ਯਾਦਗਾਰੀ ਪੈੜਾਂ ਛੱਡ ਗਿਆ।

Leave a Reply

Your email address will not be published. Required fields are marked *