ਅੰਮ੍ਰਿਤਸਰਚੰਡੀਗੜ੍ਹਜਲੰਧਰਦੇਸ਼-ਵਿਦੇਸ਼ਪੰਜਾਬ

ਮਨਮੋਹਨ ਸਿੰਘ ਢਿਲੋਂ ਦੀ ਕਿਤਾਬ ‘ਨਵੀਂ ਰੁੱਤ’ ਅਲੋਚਨਾ ਦੇ ਸਮਕਾਲੀ ਸਰੋਕਾਰ

ਦਿਲਜੀਤ ਸਿੰਘ ਬੇਦੀ

(ਮਧੂਸਾਰ ਬਿਊਰੋ)
ਇਸ ਪੁਸਤਕ ਵਿੱਚ ਲੇਖਕ ਨੇ ਪੈਂਤੀ ਦੇ ਕਰੀਬ ਕਵਿਤਾਵਾਂ, ਗੀਤ ਆਦਿ ਸ਼ਾਮਲ ਕੀਤੇ ਹਨ। ਮਨਮੋਹਨ ਸਿੰਘ ਢਿੱਲੋਂ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਦੇ ਆਪਣੇ ਅਸੂਲਾਂ ‘ਤੇ ਚੱਲਣ ਵਾਲਾ ਇਨਸਾਨ ਹੈ। ਉਸਦੀ ਜ਼ਿੰਦਗੀ ਵਿਚ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲੰਮਾ ਸਮਾਂ ਪ੍ਰਕਾਸ਼ਨ ਵਿਭਾਗ ਵਿਚ ਅਤੇ ਫਿਰ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵਿਚ ਨੌਕਰੀ ਕਰਨਾ ਅਹਿਮ ਹੈ, ਉਥੇ ਇਸ ਨੌਕਰੀ ਤੋਂ ਪਹਿਲਾਂ ਕੁੱਝ ਸਾਲ ਦਿੱਲੀ ਵਿਚ ਕੰਮ ਕਰਨਾ ਵੀ ਘੱਟ ਮਹੱਤਵਪੂਰਨ ਨਹੀਂ ਹੈ। ਅੰਮ੍ਰਿਤਸਰ ਪੱਕਾ ਰੁਜ਼ਗਾਰ ਮਿਲਣ ‘ਤੇ ਉਸਨੇ ਐਮ.ਏ. ਪੰਜਾਬੀ ਵਿਭਾਗੀ ਲੋੜਾਂ ਲਈ ਪੱਤਰਕਾਰੀ ਵਿਚ ਡਿਪਲੋਮਾ ਵੀ ਕੀਤਾ, ਆਪਣੀ ਜ਼ਿੰਦਗੀ ਦੇ ਪੰਜ ਛੇ ਦਹਾਕਿਆਂ ਦੇ ਸੰਘਰਸ਼ਮਈ ਜੀਵਨ ‘ਤੇ ਪਿੱਛਲਝਾਤ ਮਾਰਦਿਆਂ ਜੋ ਵੀ ਮਹੱਤਵਪੂਰਨ ਪਲ ਉਸ ਨੂੰ ਸਮਾਜ ਨਾਲ ਸਾਂਝੇ ਕਰਨ ਵਾਲੇ ਲਗਦੇ ਹਨ, ਅੱਜ-ਕਲ੍ਹ ਉਹ ਉਨ੍ਹਾਂ ਨੂੰ ਲਿਖਤੀ ਰੂਪ ਦੇ ਕੇ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕਰਨ ਵਿਚ ਮਸ਼ਰੂਫ਼ ਹੈ। ਉਸ ਦੀਆਂ ਪੰਜ ਪੁਸਤਕਾਂ ਛਪ ਚੁਕੀਆਂ ਹਨ, ਹਥਲੀ ਪੁਸਤਕ, ‘ਨਵੀਂ ਰੁੱਤ’ ਦਾ ਦੂਸਰਾ ਸੰਸਕਰਣ ਦੀਆਂ ਕੁੱਝ ਪਰਤਾਂ ਦੀ ਵਿਆਖਿਆ ਪਾਠਕਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।

ਮਨੁੱਖ ਦੀ ਜ਼ਿੰਦਗੀ ਦੇ ਸ਼ੁਰੂਆਤੀ 20 ਤੋਂ 30 ਸਾਲ ਦੀ ਉਮਰ ਵਾਲੇ ਸੰਘਰਸ਼ਮਈ ਦਿਨ ਹਮੇਸ਼ਾ ਯਾਦਗਾਰੀ ਅਤੇ ਤਜ਼ਰਬਿਆਂ ਨਾਲ ਭਰਪੂਰ ਹੁੰਦੇ ਹਨ। ਪਿਆਰ, ਮੁਹੱਬਤ ਵਾਲੇ ਅਹਿਸਾਸ ਵੀ ਇਸ ਉਮਰ ਵਿਚ ਬੰਦੇ ਨੂੰ ਆਪਣੇ ਵੱਲ ਤੀਬਰਤਾ ਨਾਲ ਖਿੱਚਦੇ ਹਨ। ਭਾਰਤੀ ਸੰਸਕ੍ਰਿਤੀ ਬੱਚੇ ਨੂੰ ਜਵਾਨ ਹੋਣ ਤਕ ਏਹੀ ਸਿਖਾਉਂਦੀ ਹੈ ਇਸ਼ਕ ਖੇਡ ਵਿਚ ਪਿਆ ਤਾਂ ਜੀਵਨ ਵਿਚ ਅਸਫ਼ਲ ਹੋਵੇਗਾ। ਪਰ ਜੀਵਨ ਦਾ ਇਕ ਸੱਚ ਇਹ ਵੀ ਹੈ ਕਿ ਜੋ ਲੋਕ ਪਿਆਰ ਦੀ ਖੇਡ ਵਿਚ ਸਫ਼ਲ ਹੁੰਦੇ ਹਨ, ਉਨ੍ਹਾਂ ਲਈ ਜੀਵਨ ਦੀ ਹਰ ਲੜਾਈ ਬਹੁਤ ਛੋਟੀ ਰਹਿ ਜਾਂਦੀ ਹੈ। ਇਹ ਕਾਵਿ-ਪੁਸਤਕ ਉਸਦੀ ਅਮੀਰ ਸਾਧਾਰਣਤਾ ਨੂੰ ਪੇਸ਼ ਕਰਦੀ ਹੈ। ਇਸ ਪੁਸਤਕ ਦਾ ਬਾਰੀਕੀ ਨਾਲ ਅਧਿਐਨ ਕਰਨ ਤੇ ਇਸ ਵਿੱਚੋਂ ਬਹੁਤ ਸਾਰੇ ਇਸਾਰੇ ਮਿਲਦੇ ਹਨ। ਜੀਵਨ ਦੀਆਂ ਕਈ ਪਰਤਾਂ ਨੂੰ ਪੇਸ਼ ਕਰਦੇ ਹਨ।

‘ਨਵੀਂ ਰੁੱਤ’ ਮਨਮੋਹਨ ਸਿੰਘ ਢਿਲੋਂ ਦਾ ਪਹਿਲ-ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਕਵੀ ਨੇ ਸਮਕਾਲੀ ਜੀਵਨ ਨੂੰ ਬਿਲਕੁਲ ਨਵੇਂ ਤੇ ਉਸਾਰੂ ਤਰੀਕੇ ਨਾਲ ਰੂਪਮਾਨ ਕੀਤਾ ਹੈ। ਸੁਖਾਵੇਂ ਪ੍ਰਬੰਧ ਦੇ ਨਿਰਮਾਣ ਲਈ ਕਰਮਸ਼ੀਲਤਾ ਦਾ ਹੋਣਾ ਬਹੁਤ ਲਾਜ਼ਮੀ ਹੈ ਕਿਉਂਕਿ ਖੋਖਲੇ ਨਾਹਰਿਆਂ ਤੇ ਫੋਕੀਆਂ ਗੱਲਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਪ੍ਰਾਪਤੀਆਂ ਦਾ ਮਾਰਗ ਅਕਸਰ ਕਠਿਨ ਹੀ ਹੋਇਆ ਕਰਦਾ ਹੈ। ਇਸੇ ਲਈ ਅਜਿਹੇ ਹਿਤੈਸ਼ੀ ਕਾਰਜ ਲਈ ਉਸਾਰੂ ਰਵੱਈਆ ਹੋਣਾ ਬਹੁਤ ਜ਼ਰੂਰੀ ਹੈ। ਕਾਵਿ-ਸੰਗ੍ਰਹਿ ਵਿਚ ਸਾਨੂੰ ਉਸਾਰੂ ਦ੍ਰਿਸ਼ਟੀਕੋਣ ਪ੍ਰਤੱਖ ਦ੍ਰਿਸ਼ਟੀਗੋਚਰ ਹੁੰਦਾ ਹੈ।

ਇਸ ਵਿੱਚ ਪਿਆਰ ਭਾਵਨਾਵਾਂ ਨਾਲ ਸਿੰਜੇ ਹੋਏ ਖੂਬਸੂਰਤ ਗੀਤ ਵੀ ਲਿਖੇ ਹੋਏ ਮਿਲਦੇ ਹਨ। ਕਈ ਮੌਕਿਆਂ ਉਪਰ ਲੈਅ-ਆਤਮਕ ਤੇ ਗੀਤਕ ਗੁਣ ਢਿੱਲੋਂ ਦੀ ਕਵਿਤਾ ਵਿਚ ਲੌਕਿਕ ਅੰਸ਼ਾਂ ਦੇ ਪ੍ਰਭਾਵ ਨੂੰ ਉਜਾਗਰ ਕਰਦੇ ਹਨ। ਢਿਲੋਂ ਦੀ ਕਵਿਤਾ ਵਿਚ ਸਭ ਤੋਂ ਪ੍ਰਮੁੱਖ ਲੱਛਣ ਉਸ ਦੀ ਸਰਲ ਤੇ ਸਾਦਾ ਕਾਵਿ-ਸ਼ੈਲੀ ਹੈ। ਉਸ ਨੇ ਸਹਿਜ ਸੁਭਾਅ ਹੀ ਅਲੰਕਾਰ ਜਾਂ ਹੋਰ ਅਜਿਹੀਆਂ ਕਾਵਿਕ-ਜੁਗਤਾਂ ਦੀ ਵਰਤੋਂ ਕੀਤੀ ਹੈ। ਖ਼ਾਸ ਤੌਰ `ਤੇ ਮਾਝੀ ਦੇ ਮੁਹਾਵਰੇ ਨੂੰ ਉਸ ਨੇ ਬੜੇ ਸੁਭਾਵਿਕ ਰੂਪ ਵਿਚ ਵਰਤਿਆ ਹੈ। ਜ਼ਿੰਦਗੀ ਤੋਂ ਹੋ ਕੇ ਨਿਰਾਸ਼, ਮੌਤ ਨੂੰ ’ਵਾਜ਼ਾਂ ਨਾ ਮਾਰ। ਗ਼ਮਾਂ ਦਾ ਚੁੱਕ ਲੈ ਪਹਾੜ, ਹਿੰਮਤ ਹੌਂਸਲਾ ਨਾ ਹਾਰ। ਕਵੀ ਮਨ ਵੱਲੋਂ ਮਨੁੱਖੀ ਮਨ ਦੀਆਂ ਚਿੱਤਰੀਆਂ ਇਹ ਪਰਤਾਂ ਅੱਜ ਵੀ ਤੇ ਸਾਰਥਿਕ ਹਨ, ਸਗੋਂ ਹਰ ਸਮੇਂ ਦਾ ਸੱਚ ਹਨ। ਇਹ ਨੌਜਵਾਨ ਮਨੁੱਖ ਦੀਆਂ ਵੀ ਭਾਵਨਾਵਾਂ ਹਨ ਅਤੇ ਹਰ ਨੌਜਵਾਨ ਸਾਹਿਤਕਾਰ ਦੇ ਸ਼ੁਰੂ ਦੇ ਦਿਨਾਂ ਦੀਆਂ ਲਿਖਤਾਂ ਦਾ ਸਹੀ ਚਿੱਤਰਣ ਹਨ। ਮਨਮੋਹਨ ਸਿੰਘ ਢਿੱਲੋਂ ਜਿਵੇਂ-ਜਿਵੇਂ ਜੀਵਨ ਵਿਚ ਅੱਗੇ ਵਧਦਾ ਹੈ, ਉਸਦੇ ਤਜ਼ਰਬੇ/ਅਨੁਭਵ ਉਸਨੂੰ ਸਮਾਜ ਦੀਆਂ ਹੋਰ ਪਰਤਾਂ ਨਾਲ ਜੋੜਦੇ ਹਨ, ਤਾਂ ਉਸਦੇ ਲਿਖਣ ਦੇ ਵਿਸ਼ੇ ਵੀ ਬਦਲਦੇ ਹਨ।

ਮਨਮੋਹਨ ਸਿੰਘ ਢਿੱਲੋਂ ਵਿੱਚ ਕਵੀ ਵਾਲੇ ਗੁਣ ਹਨ ਅਤੇ ਉਸ ਵਿਚ ਭਾਵੁਕਤਾ ਤੋਂ ਹੱਟ ਕੇ ਗੱਲ ਕਹਿਣ ਦੀ ਰੁਚੀ ਵਧੇਰੇ ਸਪੱਸ਼ਟ ਹੋਈ ਹੈ। ਨਾ ਸਿਰਫ਼ ਭਾਵੁਕਤਾ ਦਾ ਤਿਆਗ ਹੀ ਉਸਦੀ ਕਵਿਤਾ ਦਾ ਇਕ ਗੁਣ ਹੈ, ਸਗੋਂ “ਨਿਰਦਈ ਸੱਚ” ਕਹਿਣਾ ਉਸਦੀ ਕਵਿਤਾ ਨੂੰ ਬਾਕੀ ਕਵੀਆਂ ਨਾਲੋਂ ਅਲੱਗ ਕਰਦਾ ਹੈ। ਉਸਦਾ ਵਾਸਤਾ ਕਿਸੇ ਵਾਦ ਨਾਲ ਨਹੀਂ, ਸਗੋਂ ਜੀਵਨ ਦੀਆਂ ਕਠੋਰ ਸੱਚਾਈਆਂ ਅਤੇ ਇਨ੍ਹਾਂ ਦਾ ਅਨੁਭਵ ਕਰਦੀ ਅਵਸਥਾ ਨਾਲ ਹੈ। ਜੀਵਨ ਲਈ ‘ਵਾਦ” ਉਤਪੰਨ ਹੋਏ ਹਨ, ਵਾਦਾਂ ਲਈ “ਜੀਵਨ” ਉਤਪੰਨ ਨਹੀਂ ਸੀ ਹੋਇਆ। ਜਿਸ ਕਲਾਕਾਰ ਕੋਲ ਇਹ ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣ ਹੈ, ਉਹ ਦੀ ਰਚਨਾ ਉੱਪਰ ਵਾਦਾਂ ਦਾ ਕੋਝਾ ਤੇ ਖਸਿਆ-ਪਿਟਿਆ ਥੱਪਾ ਨਹੀਂ ਲੱਗ ਸਕਦਾ ਅਤੇ ਉਸ ਦੀ ਕਲਾ ਹੀ ਪਾਠਕਾਂ ਨੂੰ ਕੁਝ ਦੇ, ਜਾਂ ਸੁਝਾਅ ਸਕਦੀ ਹੈ। “ਅਲਵਿਦਾ” ਕਵਿਤਾ ਵਿਚ ਮਨਮੋਹਨ ਸਿੰਘ ਢਿੱਲੋਂ ਵਿਅਰਥ ਲੰਘਦੇ ਦਿਨਾਂ ਦਾ ਜ਼ਿਕਰ ਕਰਦਾ ਹੋਇਆ ਸਪੱਸ਼ਟ ਵੇਖਦਾ ਹੈ ਕਿ ਦਿਨ ਗੁਜ਼ਰ ਰਹੇ ਹਨ, ਪਰ ਜੀਵਨ ਦਾ ਕੁਝ ਸੌਰਦਾ ਨਹੀਂ । ਉਹ ਵਾਦਾਂ ਦੀ ਲੁੱਚੀ ਤੇ ਭ੍ਰਿਸ਼ਟ ਰੌਸ਼ਨੀ ਉਪਰ ਕਟਾਖਸ਼ ਕਰਦਾ ਹੋਇਆ ਕਹਿੰਦਾ ਹੈ ਕਿ ਰੌਸ਼ਨੀ ਇਤਨੀ ਵੱਧ ਗਈ ਹੈ ਕਿ ਇਸ ਨੇ ਜੀਵਨ ਦੇ ਚੰਗ ਅਤੇ ਮੰਦ ਨੂੰ ਲੁਕੋ ਲਿਆ ਹੈ। ਸਫ਼ਰ ਸਵੇਰੇ ਜਦੋਂ ਸੂਰਜ ਆਪਣੀਆਂ ਕਿਰਨਾਂ ਦਰਵਾਜ਼ੇ ਦੀਆਂ ਚੀਥਾਂ ਥਾਣੀਂ ਮੇਰੇ ਕਮਰੇ ਅੰਦਰ ਸੁੱਟਦਾ ਹੈ। ਮੈਂ..ਆਪਣਾ ਸਫ਼ਰ ਸ਼ੁਰੂ ਕਰਦਾ ਹਾਂ। ਤੇ ਨਿੱਤ ਇਹ ਸਫ਼ਰ ਜਾਰੀ ਰਹਿੰਦਾ ਹੈ। ਮੈਂ ਇਸ ਨਾਲ ਸੰਤੁਸ਼ਟ ਹਾਂ ਜਾਂ ਨਹੀਂ ਇਹ ਸੂਰਜ ਨਹੀਂ ਜਾਣਦਾ। ਉਹ ਪੰਜਾਬੀ ਕਾਵਿ-ਰਚਨਾ ਵਿਚ ਜਿਨ੍ਹਾਂ ਸੰਭਾਵਨਾਵਾਂ ਨੂੰ ਲੈ ਕੇ ਪ੍ਰਵਿਸ਼ਟ ਹੋਇਆ ਹੈ, ਮੈਨੂੰ ਯਕੀਨ ਹੈ, ਪੰਜਾਬੀ ਕਾਵਿਤਾ ਦੇ ਪਾਠਕ ਉਸ ਨੂੰ ਹੋਰ ਉੱਨਤ ਹੁੰਦਾ ਹੋਇਆ ਵੇਖਣਗੇ ਅਤੇ ਉਸ ਦੇ ਯਤਨਾਂ ਦੀ ਸ਼ਲਾਘਾ ਕਰਨਗੇ।

Leave a Reply

Your email address will not be published. Required fields are marked *