ਅੰਮ੍ਰਿਤਸਰਚੰਡੀਗੜ੍ਹਪੰਜਾਬ

ਬਿਸ਼ਪ ਮਨੋਜ ਚਰਨ ਨੇ ਡਾਇਓਸਿਸ ਆਫ਼ ਅੰਮ੍ਰਿਤਸਰ, ਚਰਚ ਆਫ ਨੌਰਥ ਇੰਡੀਆ ਦਾ ਚਾਰਜ ਸੰਭਾਲਿਆ

ਅੰਮ੍ਰਿਤਸਰ, 3 ਮਾਰਚ:(ਮਧੂਸਾਰ ਬਿਊਰੋ) ਚਰਚ ਆਫ਼ ਨੌਰਥ ਇੰਡੀਆ (ਸੀਐਨਆਈ) ਦੀ ਬੰਬੇ ਡਾਇਓਸਿਸ ਦੇ ਬਿਸ਼ਪ ਮਨੋਜ ਚਰਨ ਨੇ ਡਾਇਓਸਿਸ ਆਫ਼ ਅੰਮ੍ਰਿਤਸਰ, ਚਰਚ ਆਫ਼ ਨੌਰਥ ਇੰਡੀਆ, ਦਾ ਚਾਰਜ ਸੰਭਾਲ ਲਿਆ ਹੈ। ਸੀਐਨਆਈ ਸੰਵਿਧਾਨ ਦੇ ਉਪਬੰਧਾਂ ਦੇ ਅਨੁਸਾਰ ਜਦੋਂ ਇੱਕ ਬਿਸ਼ਪ ਦਾ ਅਹੁਦਾ ਖਾਲੀ ਹੁੰਦਾ ਹੈ ਤਾਂ ਡਾਇਓਸਿਸ ਦੀ ਪੂਰੀ ਦੇਖਭਾਲ ਦੀ ਜ਼ਿੰਮੇਵਾਰੀ ਅਤੇ ਚਾਰਜ ਮੌਡਰੇਟਰ ‘ਤੇ ਆ ਜਾਂਦੀ ਹੈ। ਉਸ ਕੋਲ ਡਾਇਓਸਿਸ ਤੋਂ ਇੱਕ ਪਾਦਰੀ ਨੂੰ ਆਪਣੀ ਕਮਿਸਰੀ ਵਜੋਂ ਜਾਂ ਇੱਕ ਬਿਸ਼ਪ ਨੂੰ ਆਪਣੀ ਐਪੀਸਕੋਪਲ ਕਮਿਸਰੀ ਵਜੋਂ ਨਿਯੁਕਤ ਕਰਨ ਦੀ ਸ਼ਕਤੀ ਹੁੰਦੀ ਹੈ। ਸੀਐਨਆਈ ਸਿਨੋਡ ਦੇ ਮੌਡਰੇਟਰ, ਦ ਮੋਸਟ ਰੈਵਰੈਂਡ ਬੀ ਕੇ ਨਾਇਕ ਨੇ, ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਹੋਏ, ਬਿਸ਼ਪ ਮਨੋਜ ਚਰਨ ਨੂੰ ਡਾਇਓਸਿਸ ਆਫ ਅੰਮ੍ਰਿਤਸਰ ਦਾ ਐਪੀਸਕੋਪਲ ਕਮਿਸਰੀ ਨਿਯੁਕਤ ਕੀਤਾ ਹੈ। ਬਿਸ਼ਪ ਚਰਨ ਡਾਇਓਸਿਸ ਦੇ ਪੂਰੇ ਚਾਰਜ ਅਤੇ ਕੰਮ ਦੀ ਦੇਖਭਾਲ ਕਰਨਗੇ। ਇਹ ਦ ਮੋਸ੍ਟ ਰੈਵ ਡਾ ਪੀ ਕੇ ਸਾਮੰਤਾਰਾਏ, ਬਿਸ਼ਪ, ਡੀਓਏ, ਸੀਐਨਆਈ, ਜਿਨ੍ਹਾਂ ਨੇ 25 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਈ ਅਤੇ ਉਹ ਇਕੋ ਡਾਇਓਸਿਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਬਿਸ਼ਪ ਹਨ, ਦੀ ਸੇਵਾਮੁਕਤੀ ਦੇ ਕਾਰਨ ਹੋਇਆ ਹੈ। ਬਿਸ਼ਪ ਸਾਮੰਤਾਰਾਏ ਨੇ ਸੀਐਨਆਈ ਦੇ ਡਿਪਟੀ ਮਾਡਰੇਟਰ, ਮਾਡਰੇਟਰ ਅਤੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਣ ਤੋਂ ਇਲਾਵਾ ਕਈ ਅੰਤਰਰਾਸ਼ਟਰੀ ਫੋਰਮਾਂ ਵਿਚ ਵੀ ਸੇਵਾ ਨਿਭਾਈ ਹੈ।

ਡਾਇਓਸਿਸ ਦੇ ਬਿਸ਼ਪ ਵਜੋਂ, ਬਿਸ਼ਪ ਚਰਨ ਡਾਇਓਸਿਸ ਆਫ਼ ਅੰਮ੍ਰਿਤਸਰ ਦੇ ਅਧਿਆਤਮਿਕ ਅਤੇ ਪ੍ਰਸ਼ਾਸਨਿਕ ਮਾਮਲਿਆਂ ਦੀ ਨਿਗਰਾਨੀ ਕਰਨਗੇ। ਆਪਣੇ ਅਮੀਰ ਅਨੁਭਵ ਅਤੇ ਅਗਵਾਈ ਦੇ ਨਾਲ, ਬਿਸ਼ਪ ਚਰਨ ਪਿਆਰ, ਦਇਆ ਅਤੇ ਸੇਵਾ ਦੇ ਸੰਦੇਸ਼ ਨੂੰ ਫੈਲਾਉਣ ਦੇ ਮਿਸ਼ਨ ਵਿੱਚ ਡਾਇਓਸਿਸ ਦੀ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਬਿਸ਼ਪ ਚਰਨ ਨੇ ਇਸ ਮੌਕੇ ਤੇ ਡਾਇਓਸਿਸ ਦੇ ਪ੍ਰਚਾਰ, ਸਿੱਖਿਆ, ਵਾਤਾਵਰਣ ਸੰਬੰਧੀ ਪਹਿਲਕਦਮੀਆਂ ਅਤੇ ਸਮਾਜਿਕ ਪਹੁੰਚ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਖੇਤਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਅੰਤਰ-ਧਾਰਮਿਕ ਸੰਵਾਦ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਬਿਸ਼ਪ ਚਰਨ ਨੇ ਕਿਹਾ, “ਮੈਂ ਡਾਇਓਸਿਸ ਆਫ ਅੰਮ੍ਰਿਤਸਰ, ਸੀਐਨਆਈ ਦਾ ਵਾਧੂ ਚਾਰਜ ਸੰਭਾਲ ਕੇ ਨਿਮਰ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਪਾਦਰੀਆਂ, ਆਮ ਲੋਕਾਂ ਅਤੇ ਮਸੀਹੀ ਭਾਈਚਾਰੇ ਦੇ ਨੇਤਾਵਾਂ ਨਾਲ ਰੱਲ ਕੇ ਕੰਮ ਕਰਨ ਅਤੇ ਇੱਕ ਜ਼ਿਆਦਾ ਸਿੱਖਿਅਤ, ਵਚਨਬੱਧ, ਨਿਆਂਪੂਰਨ ਅਤੇ ਹਮਦਰਦ ਸਮਾਜ ਬਣਾਉਣ ਲਈ ਵਚਨਬੱਧ ਹਾਂ।” ਡਾਇਓਸਿਸ ਆਫ ਅੰਮ੍ਰਿਤਸਰ, ਸੀਐਨਆਈ, ਵਿਭਿੰਨ ਆਬਾਦੀ ਦੀ ਸੇਵਾ ਕਰਦੀ ਹੈ ਅਤੇ ਏਕਤਾ, ਸ਼ਾਂਤੀ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਬਿਸ਼ਪ ਚਰਨ ਦੀ ਅਗਵਾਈ ਹੇਠ, ਇਹ ਡਾਇਓਸਿਸ ਸਮਾਜ ਦੇ ਹਾਸ਼ੀਏ ‘ਤੇ ਪਏ ਲੋਕਾਂ ਅਤੇ ਕਮਜ਼ੋਰ ਵਰਗਾਂ ਦੀ ਸੇਵਾ ਕਰਨ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖੇਗੀ। ਇਸ ਮੌਕੇ ਤੇ ਡਾਇਓਸਿਸ ਦੇ ਅਧਿਕਾਰੀ, ਕਾਰਜਕਾਰੀ ਕਮੇਟੀ ਦੇ ਮੈਂਬਰ, ਸੰਸਥਾਵਾਂ ਦੇ ਮੁਖੀ, ਪ੍ਰੈਸਬੀਟਰ, ਲੇ ਲੀਡਰ ਅਤੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *