ਪੱਤਰਕਾਰਾਂ ਦੇ ਰੇਖਾ ਚਿੱਤਰਾਂ ਦੀ ਪਲੇਠੀ ਕਿਤਾਬ ‘ਕਾਲੀ ਰਾਤ ਦੇ ਜੁਗਨੂੰ’ ਹੋਈ ਲੋਕ ਅਰਪਣ
ਗੁਰਨਾਮ ਸਿੰਘ ਅਕੀਦਾ ਨੇ ਪੱਤਰਕਾਰਾਂ ਦੀ ਜ਼ੁਬਾਨੀ ਵਰਣਨ ਕੀਤਾ ਪੰਜਾਬੀ ਪੱਤਰਕਾਰੀ ਦਾ ਇਤਿਹਾਸ : ਡਾ. ਅਮਰ ਕੋਮਲ
ਪਟਿਆਲਾ, 22 ਅਪਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਸਾਹਿਤ ਸਭਾ ਰਜਿ. ਵੱਲੋਂ ਆਯੋਜਿਤ ਕੀਤੇ ਸਮਾਗਮ ਵਿਚ ਪੰਜਾਬੀ ਪੱਤਰਕਾਰਾਂ ਦੇ ਰੇਖਾ ਚਿੱਤਰਾਂ ਦੀ ਪਲੇਠੀ ਕਿਤਾਬ ‘ਕਾਲੀ ਰਾਤ ਦੇ ਜੁਗਨੂੰ’ ਪਾਠਕਾਂ ਤੇ ਲੇਖਕਾਂ ਨੇ ਸਾਂਝੇ ਤੌਰ ਤੇ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿਚ ਲੋਕ ਅਰਪਣ ਕੀਤੀ। ਇਸ ਸਮੇਂ ਬਜ਼ੁਰਗ ਲੇਖਕ ਤੇ ਆਲੋਚਕ ਡਾ. ਅਮਰ ਕੋਮਲ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ‘ਗੁਰਨਾਮ ਸਿੰਘ ਅਕੀਦਾ’ ਨੇ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ ਆਦਿ ਤੇ 37 ਪੰਜਾਬੀ ਪੱਤਰਕਾਰਾਂ ਦੀ ਜ਼ੁਬਾਨੀ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਵਰਣਨ ਕੀਤਾ ਹੈ। ਇਹ ਕਿਤਾਬ ਹਰ ਉਸ ਵਿਅਕਤੀ ਲਈ ਪੜ੍ਹਨ ਯੋਗ ਹੈ ਜੋ ਪੱਤਰਕਾਰੀ ਦੇ ਕਿਸੇ ਵੀ ਖੇਤਰ ਵਿਚ ਸਰੋਕਾਰ ਰੱਖਦਾ ਹੈ।
ਇਸ ਵੇਲੇ ਉੱਘੇ ਆਲੋਚਕ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਪੱਤਰਕਾਰਾਂ ਬਾਬਤ ਕੋਈ ਪੱਤਰਕਾਰ ਘੱਟ ਹੀ ਲਿਖਦਾ ਹੈ ਇਹ ਕਾਰਜ ਗੁਰਨਾਮ ਸਿੰਘ ਅਕੀਦਾ ਨੇ ਕਰ ਵਿਖਾਇਆ ਹੈ, ਇਸ ਕਿਤਾਬ ਦੀ ਪੰਜਾਬੀ ਜਗਤ ਵਿਚ ਖੁਸ਼ਆਮਦੀਦ ਕਹਿਣਾ ਬਣਦਾ ਹੈ। ਇਸ ਵੇਲੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇ ਸ਼੍ਰੋਮਣੀ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਇਹ ਕਿਤਾਬ ਦਰਸਾਉਂਦੀ ਹੈ ਕਿ ਪੱਤਰਕਾਰ ਹੀ ਅਸਲ ਵਿਚ ਆਪਣੀ ਮਾਤ ਭਾਸ਼ਾ ਦੀ ਸੇਵਾ ਕਰਨ ਵਾਲੇ ਅਹਿਮ ਕਿਰਦਾਰ ਹਨ। ਜੋ ਹਰ ਵੇਲੇ ਆਪਣੀ ਮਾਤ ਭਾਸ਼ਾ ਨਾਲ ਸਮਾਜਿਕ, ਰਾਜਨੀਤਿਕ, ਸਭਿਆਚਾਰਕ ਗਤੀਵਿਧੀਆਂ ਨਾਲ ਲੋਕਾਂ ਨੂੰ ਰੂ-ਬ-ਰੂ ਕਰਾਉਂਦੇ ਹਨ। ਇਸ ਵੇਲੇ ਉੱਘੇ ਲੇਖਕ ਤੇ ਕਵੀ ਡਾ. ਸੰਤੋਖ ਸੁੱਖੀ ਨੇ ਕਿਹਾ ਕਿ ਕਿਤਾਬ ਕਾਲੀ ਰਾਤ ਦੇ ਜੁਗਨੂੰ ਦਾ ਲੇਖਕਾਂ ਤੇ ਪਾਠਕਾਂ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕਰਨਾ ਇਹ ਸੰਦੇਸ਼ ਦਿੰਦਾ ਹੈ ਕਿ ਪੱਤਰਕਾਰ ਸਭ ਦਾ ਹੈ ਤੇ ਉਹ ਕਮਲ ਦੇ ਫੁੱਲ ਵਾਂਗ ਨਿਰਲੇਪ ਵੀ ਰਹਿੰਦਾ ਹੈ, ਜੋ ਦੇਸ਼ ਪ੍ਰਤੀ ਆਪਣੀ ਕੌਮ ਪ੍ਰਤੀ ਤੇ ਸਮਾਜ ਪ੍ਰਤੀ ਆਪਣਾ ਸਾਰਥਕ ਫ਼ਰਜ਼ ਨਿਭਾਉਂਦਾ ਹੈ। ਲੇਖਕ ਤੇ ਆਲੋਚਕ ਡਾ. ਗੁਰਮੀਤ ਕੱਲਰਮਾਜਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਇਸ ਗੱਲੋਂ ਹੋਰ ਵੀ ਅਮੀਰ ਜਾਪਦੀ ਹੈ ਕਿ ਇਸ ਵਿਚ ਨਵੇਂ ਤਜਰਬੇ ਹੋ ਰਹੇ ਹਨ। ਇਸ ਕਿਤਾਬ ਵਿਚ ਅਜ਼ਾਦੀ ਤੋਂ ਪਹਿਲਾਂ ਦੇ ਪੱਤਰਕਾਰ ਸੁੰਦਰ ਸਿੰਘ ਲਾਇਲਪੁਰੀ ਬਾਰੇ ਰੇਖਾ ਚਿੱਤਰ ਪੜ੍ਹ ਕੇ ਅੰਗਰੇਜ਼ ਸਰਕਾਰ ਦਾ ਪੱਤਰਕਾਰਾਂ ਪ੍ਰਤੀ ਕੁਰਖ਼ਤ ਚਿਹਰਾ ਨਜ਼ਰ ਆਇਆ, ਜਿਸ ਨੂੰ ਨਿਰਪੱਖ ਪੱਤਰਕਾਰੀ ਕਰਦਿਆਂ ਫਾਂਸੀ ਦੀ ਸਜਾ ਸੁਣਾਈ ਗਈ, ਜੋ ਅੰਗਰੇਜ਼ੀ ਅਖ਼ਬਾਰ ‘ਹਿੰਦੁਸਤਾਨ ਟਾਈਮਜ਼’ ਦੇ ਫਾਊਂਡਰ ਹਨ। ਗਿਆਨੀ ਦਿੱਤ ਸਿੰਘ ਵਰਗੇ ਅਜਿਹੇ 37 ਪੱਤਰਕਾਰ ਹਨ ਜਿਨ੍ਹਾਂ ਵਿਚ ਵਰਿੰਦਰ ਵਾਲੀਆ, ਸਿੱਧੂ ਦਮਦਮੀ, ਲਾਹੌਰੀ ਰਾਮ ਬਾਲੀ, ਸਰੋਜ ਸਰਹਿੰਦੀ ਤੋਂ ਇਲਾਵਾ ਕੈਨੇਡਾ ਵਿਚ ਪੰਜਾਬੀ ਪੱਤਰਕਾਰੀ ਕਰਦੇ ਪੱਤਰਕਾਰਾਂ ਤੋਂ ਇਲਾਵਾ ਪੰਜਾਬੀ ਲਈ ਵਿਸ਼ੇਸ਼ ਕਾਰਜ ਕਰ ਰਹੇ ਪਾਕਿਸਤਾਨ ਦੇ ਵੀ ਤਿੰਨ ਪੱਤਰਕਾਰਾਂ ਦੇ ਰੇਖਾ ਚਿੱਤਰ ਲਿਖੇ ਗਏ ਹਨ। ਇਸ ਵੇਲੇ ਦਰਸ਼ਨ ਖਟਕੜ, ਨਿਰਜਣ ਬੋਹਾ ਡਾ. ਹਰਪ੍ਰੀਤ ਸਿੰਘ ਰਾਣਾ, ਸਿਮਰਨ ਸਿੰਘ ਗਰੇਵਾਲ ਅਤੇ ਰਘਬੀਰ ਸਿੰਘ ਮਹਿਮੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

