ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵਿਖੇ ਪੰਜ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ

ਪਟਿਆਲਾ, 22 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਵਿਭਾਗ ਦੇ ਪੰਜ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਹਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਭਾਗ ਦੇ ਸੇਵਾ ਮੁਕਤ ਪ੍ਰੋ. ਜੋਗਿੰਦਰ ਸਿੰਘ ਦਰਗਨ ਵੱਲੋਂ ‘ਗੋਪਾ ਫਾਊਂਡੇਸ਼ਨ’ ਦੇ ਬੈਨਰ ਹੇਠ ਤਿੰਨ ਵਿਦਿਆਰਥੀਆਂ ਨੂੰ 11000/-ਰੁਪਏ ਪ੍ਰਤੀ ਵਿਦਿਅਰਥੀ ਦੇ ਹਿਸਾਬ ਨਾਲ਼ ‘ਬਰਜਿੰਦਰ ਦਰਗਨ ਮੈਮੋਰੀਅਲ ਸਕਾਲਰਸ਼ਿਪ’ ਪ੍ਰਦਾਨ ਕੀਤੀ ਗਈ। ਇਹ ਸਕਾਲਰਸ਼ਿਪ ਐੱਮ-ਐੱਸ. ਸੀ. ਆਨਰਜ਼ ਬਾਟਨੀ (ਪੰਜ ਸਾਲਾ ਇੰਟੀਗ੍ਰੇਟਿਡ ਕੋਰਸ) ਸੈਸ਼ਨ 2023-2024 ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਸ਼ੀਸ਼ ਕੁਮਾਰ ਅਤੇ ਐੱਮ-ਐੱਸ. ਸੀ. ਆਨਰਜ਼ ਬਾਟਨੀ (ਦੋ ਸਾਲਾ ਕੋਰਸ) ਸੈਸ਼ਨ 2023-2024 ਦੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਰੀਤੂ ਸ਼ਰਮਾ ਅਤੇ ਰਮਨਦੀਪ ਕੌਰ ਨੂੰ ਪ੍ਰਦਾਨ ਕੀਤੀ ਗਈ।
ਪ੍ਰੋ. ਜੋਗਿੰਦਰ ਸਿੰਘ ਦਰਗਨ ਵੱਲੋਂ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਸਵਰਗਵਾਸੀ ਪਤਨੀ ਦੀ ਨਿੱਘੀ ਯਾਦ ਵਿੱਚ ਚਲਾਈ ਜਾ ਰਹੀ ‘ਗੋਪਾ ਫਾਊਂਡੇਸ਼ਨ’ ਵੱਲੋਂ ਸਕੂਲ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੇ ਵਿਦਿਆਰਥੀਆਂ ਦੀ ਆਰਥਿਕ ਮਦਦ ਲਈ ਕਈ ਕਦਮ ਚੁੱਕੇ ਜਾ ਰਹੇ ਹਨ।

ਇਸੇ ਲੜੀ ਤਹਿਤ ਬਨਸਪਤੀ ਵਿਗਿਆਨ, ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲਗਾਤਾਰ ਤੀਜੇ ਸਾਲ ਇਹ ਸਕਾਲਰਸ਼ਿਪ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਅਤੇ ਗੋਪਾ ਫਾਊਂਡੇਸ਼ਨ ਨੂੰ ਬੜੀ ਖੁਸ਼ੀ ਅਤੇ ਤਸੱਲੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਇਹ ਸਕਾਲਰਸ਼ਿਪ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ। ਸਮਾਗਮ ਦੌਰਾਨ ਪਟਿਆਲਾ ਦੀ ਸਮਾਜ ਸੇਵੀ ਸੰਸਥਾ ਪਬਲਿਕ ਵੈਲਫ਼ੇਅਰ ਸੋਸਾਇਟੀ ਵੱਲੋਂ ਵੀ ਬਨਸਪਤੀ ਵਿਗਿਆਨ ਵਿਭਾਗ ਦੇ ਦੋ ਲੋੜਵੰਦ ਵਿਦਿਆਰਥੀਆਂ, ਹਰਸ਼ੀਆ ਸ਼ਰਮਾ ਅਤੇ ਦੀਆ ਗੋਇਲ ਨੂੰ 21000/-ਰੁਪਏ ਪ੍ਰਤੀ ਵਿਦਿਆਰਥੀ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸਕੱਤਰ ਸ੍ਰੀ ਸੁਰਿੰਦਰ ਕੁਮਾਰ ਨੇ ਪਬਲਿਕ ਵੈਲਫ਼ੇਅਰ ਸੁਸਾਇਟੀ ਵੱਲੋਂ ਸਮਾਜ ਸੇਵਾ ਖਾਸ ਕਰਕੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਲਈ ਕੀਤੇ ਜਾ ਰਹੇ ਯਤਨਾਂ ਅਤੇ ਪ੍ਰੋਗਰਾਮਾਂ ਦੀ ਤਫਸੀਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਹ ਵਿੱਤੀ ਮਦਦ ਇਸੇ ਤਰ੍ਹਾਂ ਜਾਰੀ ਰਹੇਗੀ । ਵਿਭਾਗ ਮੁਖੀ ਪ੍ਰੋ. ਗੀਤਿਕਾ ਸਰਹਿੰਦੀ ਨੇ ਦੋਵੇਂ ਸੰਸਥਾਵਾਂ ਵੱਲੋਂ ਬਨਸਪਤੀ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਅਤੇ ਆਰਥਿਕ ਮਦਦ ਕਰਨ ਲਈ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਵਿਭਾਗ ਵੱਲੋਂ ਆਪਣਾ ਸਾਲਾਨਾ ਇਨਾਮ ਵੰਡ ਸਮਾਰੋਹ ਵੀ ਕੀਤਾ ਗਿਆ। ਇਸ ਸਮਾਰੋਹ ਦੌਰਾਨ ਸੈਸ਼ਨ 2024-25 ਦੌਰਾਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਅਕਾਦਮਿਕ ਸਰਗਰਮੀਆਂ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਮਾਰੀਆਂ ਮੱਲਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਜੋਗਿੰਦਰ ਸਿੰਘ ਦਰਗਨ ਵੱਲੋਂ ਲਿਖੀ ਕਿਤਾਬ ‘ਚੈਲੇੰਜਜ਼ ਹੋਪ ਐਂਡ ਸਕਸੈੱਸ’ ਵੀ ਲੋਕ ਅਰਪਣ ਕੀਤੀ ਗਈ। ਅੰਤ ਵਿੱਚ ਵਿਭਾਗ ਦੇ ਸੀਨੀਅਰ ਅਧਿਆਪਕ ਪ੍ਰੋ. ਮਨਰੂਚੀ ਕੌਰ ਵੱਲੋਂ ਸਾਰੇ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ ਗਿਆ.

Leave a Reply

Your email address will not be published. Required fields are marked *