ਹਾਕਮ ਧਿਰ ਦੇ ਲੰਬੜਦਾਰ ਦੀਆਂ ਅਸ਼ਲੀਲ ਫ਼ਿਲਮਾਂ ਆਈਆਂ ਸਾਹਮਣੇ
ਪਤਨੀ ਨੇ ਇਤਰਾਜ਼ਯੋਗ ਵੀਡੀਓ ਕੀਤੇ ਜਨਤਕ
ਲੰਬੜਦਾਰ ਪਤੀ ਉੱਤੇ ਉਸਨੂੰ ਜਿਸਮਫ਼ਰੋਸ਼ੀ ਦਾ ਧੰਦਾ ਕਰਨ ਲਈ ਮਜਬੂਰ ਕਰਨ ਦੇ ਲਗਾਏ ਇਲਜ਼ਾਮ
ਪੁਲੀਸ ਸਿਆਸੀ ਦਬਾਅ ਹੇਠ ਕਾਰਵਾਈ ਕਰਨ ਤੋਂ ਇਨਕਾਰੀ
ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਾਗਰ)
‘ਆਪ’ ਪਾਰਟੀ ਦੇ ਇੱਕ ਮੰਤਰੀ ਦੀ ਸੈਕਸ ਟੇਪ ਵਾਇਰਲ ਹੋਣ ਤੋਂ ਬਾਅਦ ਹੁਣ ਦੀਨਾਨਗਰ ਅੰਦਰ ਹਾਕਮ ਧਿਰ ਨਾਲ ਸਬੰਧਿਤ ਪਿੰਡ ਦੇ ਇੱਕ ਲੰਬੜਦਾਰ ਦੀਆਂ ਅਸ਼ਲੀਲ ਫ਼ਿਲਮਾਂ ਸਾਹਮਣੇ ਆਈਆਂ ਹਨ। ਜਿਸ ਕਾਰਨ ਖੇਤਰ ਅੰਦਰ ਚਰਚਾ ਦਾ ਬਾਜ਼ਾਰ ਗਰਮ ਹੈ ਪਰ ਪੁਲੀਸ ਇਸ ਮਾਮਲੇ ‘ਤੇ ਕਾਰਵਾਈ ਕਰਨ ਦੀ ਬਜਾਏ ਠੰਡੇ ਬਸਤੇ ਵਿੱਚ ਪਾਣ ‘ਚ ਲੱਗੀ ਹੋਈ ਹੈ।
ਮੀਡੀਆ ਕੋਲ ਪਹੁੰਚੇ ਵੀਡੀਓ ਵਿੱਚ ਹਾਕਮ ਧਿਰ ਨਾਲ ਸਬੰਧਿਤ ਪਿੰਡ ਜੱਗੋਚੱਕ ਟਾਂਡਾ ਦਾ ਮੌਜੂਦਾ ਲੰਬੜਦਾਰ ਜਸਵੀਰ ਸਿੰਘ ਉਰਫ਼ ਵੀਰੂ ਆਪਣੇ ਹੀ ਪਿੰਡ ਦੀ ਇੱਕ ਔਰਤ ਨਾਲ ਬੇਪਰਦਾ ਹੋ ਕੇ ਬੇਹੱਦ ਇਤਰਾਜ਼ਯੋਗ ਹਾਲਤ ਵਿੱਚ ਦਿੱਸ ਰਿਹਾ ਹੈ। ਫ਼ਿਲਮਾਂ ਦੀ ਗਿਣਤੀ 6-7 ਦੇ ਕਰੀਬ ਹੈ ਪਰ ਇਨ੍ਹਾਂ ਵਿੱਚੋਂ ਤਿੰਨ ਫ਼ਿਲਮਾਂ ਵਿੱਚ ਉਕਤ ਲੰਬੜਦਾਰ ਅਤੇ ਔਰਤ ਦਾ ਚਿਹਰਾ ਬਿਲਕੁੱਲ ਸਾਫ਼ ਦਿੱਸਦਾ ਹੈ। ਫ਼ਿਲਮਾਂ ਵਿੱਚ ਉਕਤ ਆਗੂ ਉਸ ਔਰਤ ਨੂੰ ਪੂਰੀ ਤਰ੍ਹਾਂ ਬੇਪਰਦਾ ਕਰਕੇ ਜ਼ਬਰਦਸਤੀ ਮੋਬਾਈਲ ਨਾਲ ਫ਼ਿਲਮ ਬਣਾਉਂਦਾ ਹੈ ਅਤੇ ਔਰਤ ਦੇ ਇਤਰਾਜ਼ ਕਰਨ ‘ਤੇ ਉਸਨੂੰ ਫ਼ਿਲਮ ਡਿਲੀਟ ਕਰਨ ਦਾ ਭਰੋਸਾ ਦਿੰਦਾ ਹੈ। ਉਂਜ ਬਾਕੀ ਸਮਾਂ ਦੋਨਾਂ ਦਰਮਿਆਨ ਸਭ ਕੁਝ ਰਜ਼ਾਮੰਦੀ ਨਾਲ ਹੁੰਦਾ ਹੈ। ਫ਼ਿਲਮ ਵਿੱਚ ਇੱਕ ਹੋਰ ਔਰਤ ਵੀ ਦਿਖਾਈ ਦਿੰਦੀ ਹੈ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਮਾਮਲਾ ਜਿਸਮਫ਼ਰੋਸ਼ੀ ਦੇ ਧੰਦੇ ਨਾਲ ਸਬੰਧਿਤ ਹੈ, ਜੋ ਪਿਛਲੇ ਕਈ ਸਾਲਾਂ ਤੋਂ ਬਹਿਰਾਮਪੁਰ ਤੇ ਦੋਰਾਂਗਲਾ ਪੁਲੀਸ ਦੇ ਨੱਕ ਹੇਠਾਂ ਚੱਲ ਰਿਹਾ ਹੈ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਸਨਸਨੀਖ਼ੇਜ ਮਾਮਲੇ ਨੂੰ ਲੰਬੜਦਾਰ ਦੇ ਕਿਸੇ ਸਿਆਸੀ ਵਿਰੋਧੀ ਨੇ ਨਹੀਂ ਬਲਕਿ ਖ਼ੁਦ ਉਸਦੀ ਧਰਮ ਪਤਨੀ ਨੇ ਉਜਾਗਰ ਕੀਤਾ ਹੈ। ਪਤਨੀ ਅਨੁਸਾਰ ਮਾਰਚ 2015 ‘ਚ ਉਸਦਾ ਵਿਆਹ ਲੰਬੜਦਾਰ ਜਸਵੀਰ ਸਿੰਘ ਉਰਫ਼ ਵੀਰੂ ਨਾਲ ਹੋਇਆ ਸੀ ਅਤੇ ਉਸੇ ਦਿਨ ਤੋਂ ਉਸਨੂੰ ਉਸਦੀਆਂ ਮਾੜੀਆਂ ਕਾਰਵਾਈਆਂ ਬਾਰੇ ਸ਼ੱਕ ਹੋਣ ਲੱਗਾ। ਪਰ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਿਤ ਹੋਣ ਅਤੇ ਕੋਈ ਪੁਖ਼ਤਾ ਸਬੂਤ ਨਾ ਹੋਣ ਕਾਰਨ ਉਸਨੇ ਕਦੇ ਮੂੰਹ ਨਹੀਂ ਖੋਲ੍ਹਿਆ। ਲੰਬੜਦਾਰ ਕਈ ਵਾਰ ਰਾਤ ਨੂੰ ਨੀਂਦ ਦੀਆਂ ਗੋਲੀਆਂ ਦੇ ਦਿੰਦਾ ਅਤੇ ਉਸਨੂੰ ਦੇਰ ਸਵੇਰੇ ਜਾ ਕੇ ਹੋਸ਼ ਆਉਂਦੀ ਤੇ ਸਾਰਾ ਦਿਨ ਸਰੀਰ ਟੁੱਟਦਾ ਭੱਜਦਾ ਤੇ ਸਿਰ ਚੱਕਰਾਉਂਦਾ ਰਹਿੰਦਾ। ਪਤਨੀ ਨੇ ਦੋਸ਼ ਲਗਾਇਆ ਕਿ ਬਾਅਦ ਵਿੱਚ ਉਹ ਉਸਨੂੰ ਮੋਬਾਈਲ ਫ਼ੋਨ ‘ਤੇ ਅਸ਼ਲੀਲ ਫ਼ਿਲਮਾਂ ਦਿਖਾਉਂਦਾ ਅਤੇ ਹੋਰਨਾਂ ਲੋਕਾਂ ਨਾਲ ਅਜਿਹਾ ਕਰਨ ਲਈ ਉਸਨੂੰ ਮਨਾਉਣ ਦਾ ਯਤਨ ਕਰਦਾ। ਉਹ ਹਰ ਵਾਰ ਉਸਦਾ ਵਿਰੋਧ ਕਰਦੀ ਅਤੇ ਬਦਲੇ ਵਿੱਚ ਉਹ ਉਸਦੀ ਕੁੱਟਮਾਰ ਕਰਦਾ। ਉਸਨੇ ਦੱਸਿਆ ਕਿ ਪਤੀ ਦੀ ਸ਼ਹਿ ‘ਤੇ ਹੀ ਉਸਦੇ ਚਾਚੇ ਦੇ ਮੁੰਡੇ ਮਨਦੀਪ ਸਿੰਘ ਅਤੇ ਬੌਬੀ ਪੁੱਤਰ ਸੁਲੱਖਣ ਸਿੰਘ ਜਿਨ੍ਹਾਂ ਦੀ ਮਾਂ ਪਿੰਡ ਦੀ ਮੌਜੂਦਾ ਸਰਪੰਚ ਹੈ, ਉਹ ਉਸਨੂੰ ਕਮਰੇ ‘ਚ ਇਕੱਲੀ ਦੇਖ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ। ਜਿਨ੍ਹਾਂ ਦੀ ਸ਼ਿਕਾਇਤ ਕਈ ਵਾਰ ਚਾਚੀ ਨੂੰ ਕੀਤੀ ਗਈ ਪਰ ਉਸਨੇ ਅਣਸੁਣੀਂ ਕਰ ਦਿੱਤੀ। ਪਤਨੀ ਨੇ ਦੱਸਿਆ ਕਿ ਬਾਅਦ ਵਿੱਚ ਲੰਬੜਦਾਰ ਉਸਨੂੰ ਗ਼ਲਤ ਧੰਦੇ ਲਈ ਰਾਜ਼ੀ ਕਰਨ ਦੇ ਮਕਸਦ ਨਾਲ ਇਹ ਧਮਕੀਆਂ ਵੀ ਦੇਣ ਲੱਗਾ ਕਿ ਜੇਕਰ ਕਹਿਣਾ ਨਾ ਮੰਨਿਆਂ ਤਾਂ ਬੇਹੋਸ਼ੀ ਦੀ ਹਾਲਤ ‘ਚ ਬਣਾਈਆਂ ਉਸਦੀਆਂ ਫ਼ਿਲਮਾਂ ਤੇ ਫੋਟੋਆਂ ਇੰਟਰਨੈੱਟ ‘ਤੇ ਪਾ ਦੇਵੇਗਾ। ਉਸਦੇ ਰਾਜ਼ੀ ਨਾ ਹੋਣ ‘ਤੇ ਝਗੜਾ ਕਰਦਿਆਂ ਉਸਨੇ 12 ਅਗਸਤ ਨੂੰ ਉਸਦੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ 13 ਅਗਸਤ ਨੂੰ ਉਸ ਵੱਲੋਂ ਦੋਰਾਂਗਲਾ ਥਾਣੇ ‘ਚ ਕੁੱਟਮਾਰ ਦੀ ਸ਼ਿਕਾਇਤ ਕੀਤੀ ਪਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ।
ਪਤਨੀ ਨੇ ਦੱਸਿਆ ਕਿ ਕੁੱਟਮਾਰ ਤੋਂ ਪਹਿਲਾਂ ਉਸਨੂੰ ਲੰਬੜਦਾਰ ਦੇ ਮੋਬਾਈਲ ਦਾ ਇੱਕ ਮੈਮਰੀ ਕਾਰਡ ਲੱਭ ਗਿਆ। ਜਿਸਨੂੰ ਉਹ ਆਪਣੇ ਨਾਲ ਪੇਕੇ ਘਰ ਲੈ ਆਈ ਪਰ ਖ਼ੁਦ ਦੀਆਂ ਅਸ਼ਲੀਲ ਫ਼ਿਲਮਾਂ ਕਾਰਡ ਵਿੱਚ ਮੌਜੂਦ ਹੋਣ ਦੇ ਡਰ ਕਾਰਨ ਇਸ ਬਾਰੇ ਚੁੱਪ ਰਹਿਣਾ ਹੀ ਬੇਹਤਰ ਸਮਝਿਆ। ਅਖ਼ੀਰ ਪੁਲੀਸ ਤੋਂ ਇਨਸਾਫ਼ ਨਾ ਮਿਲਦਾ ਦੇਖ ਉਸਨੇ ਪਤੀ ਖ਼ਿਲਾਫ਼ ਸ਼ਖਤ ਸਟੈਂਡ ਲੈਣ ਦਾ ਫ਼ੈਸਲਾ ਕੀਤਾ ਅਤੇ ਮੈਮਰੀ ਕਾਰਡ ਬਾਰੇ ਪਰਿਵਾਰ ਨੂੰ ਜਾਣੂੰ ਕਰਵਾਇਆ। ਜਿਨ੍ਹਾਂ ਵੱਲੋਂ ਸਭ ਕੁਝ ਦੇਖਣ ‘ਤੇ ਇਹ ਇੱਕ ਵੱਡਾ ਸੈਕਸ ਸਕੈਂਡਲ ਸਾਹਮਣੇ ਆਇਆ ਅਤੇ ਇਸ ਸਬੰਧੀ ਨਵੀਂ ਦਰਖ਼ਾਸਤ 3 ਸੰਤਬਰ ਨੂੰ ਥਾਣਾ ਦੋਰਾਂਗਲਾ ਵਿੱਚ ਦਿੱਤੀ ਗਈ ਪਰ ਪੁਲੀਸ ਨੇ ਇਸ ਗੰਭੀਰ ਮਸਲੇ ‘ਤੇ ਤੁਰੰਤ ਐਕਸ਼ਨ ਲੈਣ ਦੀ ਬਜਾਏ ਕਥਿਤ ਤੌਰ ‘ਤੇ ਮੁਲਜ਼ਮਾਂ ਨਾਲ ਮਿਲੀਭੁਗਤ ਕਰਕੇ ਮਾਮਲੇ ਨੂੰ ਦਬਾਉਣ ਦਾ ਯਤਨ ਕੀਤਾ। ਪਤਨੀ ਨੇ ਦੱਸਿਆ ਕਿ 8 ਦਿਨ ਇੰਤਜ਼ਾਰ ਕਰਨ ਤੋਂ ਬਾਅਦ ਉਹ 9 ਸਤੰਬਰ ਨੂੰ ਏਐਸਪੀ ਦੀਨਾਨਗਰ ਨੂੰ ਮਿਲੇ ਅਤੇ ਉਨ੍ਹਾਂ ਅਗਲੇ ਦਿਨ ਸਖ਼ਤ ਐਕਸ਼ਨ ਲੈਣ ਦੀ ਗੱਲ ਆਖੀ ਪਰ ਬਾਅਦ ਵਿੱਚ ਉਨ੍ਹਾਂ ਦੀ ਸੁਰ ਵੀ ਨਰਮ ਪੈ ਗਈ।
ਪੀੜਤਾ ਦੀ ਮਦਦ ਲਈ ਅੱਗੇ ਆਏ ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਠਾਕੁਰ ਧਿਆਨ ਸਿੰਘ, ਜ਼ਿਲ੍ਹਾ ਪਠਾਨਕੋਟ ਸਕੱਤਰ ਕੇਵਲ ਕਾਲੀਆ, ਪਿੰ੍ਰਸੀਪਲ ਮਾਇਆਧਾਰੀ ਸ਼ਰਮਾ, ਮਾਸਟਰ ਕਸ਼ਮੀਰ ਸਿੰਘ, ਮਾਸਟਰ ਜਾਨਕੀ ਨਾਥ, ਅਮਰਜੀਤ ਸੈਣੀ ਅਤੇ ਲਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪੁਲੀਸ ਸਿਆਸੀ ਦਬਾਅ ਹੇਠ ਇਸ ਸੰਗੀਨ ਅਪਰਾਧ ‘ਤੇ ਪਰਦਾ ਪਾਣ ਦਾ ਯਤਨ ਕਰ ਰਹੀ ਹੈ। ਕਿਉਂਕਿ ਹਲਕੇ ਨਾਲ ਸਬੰਧਿਤ ਭਾਜਪਾ ਦਾ ਇੱਕ ਵੱਡਾ ਆਗੂ ਮੁਲਜ਼ਮਾਂ ਦੀ ਪਿੱਠ ‘ਤੇ ਬੈਠਾ ਹੈ। ਉਨ੍ਹਾਂ ਕਿਹਾ ਕਿ ਸਬੂਤਾਂ ਦੀ ਘਾਟ ਕਾਰਨ ਵੱਡੇ-ਵੱਡੇ ਮੁਲਜ਼ਮਾਂ ਨੂੰ ਛੱਡਣ ਦਾ ਬਹਾਨਾ ਬਣਾਉਣ ਵਾਲੀ ਪੁਲੀਸ ਹੁਣ ਸਾਰੇ ਸਬੂਤ ਮੌਜੂਦ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਭੱਜ ਰਹੀ ਹੈ। ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੁਲੀਸ ਸਿਆਸੀ ਦਬਾਅ ਹੇਠ ਦੋਸ਼ੀਆਂ ਨੂੰ ਬਚਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੀੜਤਾ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਹਮਖ਼ਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਕੜਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਬੌਕਸ
ਪੀੜਤਾ ਨਾਲ ਹੋਵੇਗਾ ਪੂਰਾ ਇਨਸਾਫ਼ : ਏਐਸਪੀ
ਏਐਸਪੀ ਦੀਨਾਨਗਰ ਵਰੁਣ ਸ਼ਰਮਾ (ਆਈਪੀਐਸ) ਨੇ ਕਿਹਾ ਕਿ ਮਾਮਲਾ ਬੇਹੱਦ ਸੰਜੀਦਾ ਹੈ। ਜਿਸ ਕਾਰਨ ਸ਼ਿਕਾਇਤਕਰਤਾ ਦੀ ਦਰਖ਼ਾਸਤ ਐਸਐਸਪੀ ਗੁਰਦਾਸਪੁਰ ਨੂੰ ਭੇਜੀ ਗਈ ਹੈ ਅਤੇ ਉਨ੍ਹਾਂ ਵੱਲੋਂ ਜੇਕਰ ਇਹ ਕੇਸ ਉਨ੍ਹਾਂ ਨੂੰ ਮਾਰਕ ਕੀਤਾ ਜਾਵੇਗਾ ਤਾਂ ਉਹ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ‘ਚ ਲਿਆਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਕਿਸੇ ਦਾ ਸਿਆਸੀ ਦਬਾਅ ਨਹੀਂ ਹੈ ਅਤੇ ਪੀੜਤਾ ਨਾਲ ਪੂਰਾ ਇਨਸਾਫ਼ ਹੋਵੇਗਾ।

