ਅੰਮ੍ਰਿਤਸਰਪੰਜਾਬਪਟਿਆਲਾ

ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ ਵਲੋਂ ਕਿਲ੍ਹਾ ਲੋਹਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

ਪੰਜ ਪਿਆਰਿਆਂ ਨੇ ਮੁਖ ਦਰਬਾਰ ਦਾ ਨੀਂਹ ਪੱਥਰ ਰੱਖਿਆ

ਸ੍ਰੀ ਫਤਹਿਗੜ੍ਹ ਸਾਹਿਬ:- 9 ਜੂਨ ((ਮਧੂਸਾਰ ਬਿਊਰੋ)) ਗੁਰਦੁਆਰਾ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਕਿਲ੍ਹਾ ਲੋਹਗੜ੍ਹ ਸਾਹਿਬ (ਮੁਖਲਿਸਗੜ੍ਹ) ਹਰਿਆਣਾ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਗੁਰਮਤਿ ਸਮਾਗਮ ਕਰਕੇ ਪੂਰਨ ਸਿੱਖੀ ਰਹੁ ਰੀਤਾਂ ਤੇ ਸਿੱਖ ਪਰੰਪਰਾਵਾਂ ਅਨੁਸਾਰ ਚੜ੍ਹਦੀਕਲਾ ’ਚ ਮਨਾਇਆ ਗਿਆ। ਏਥੇ ਹੀ ਪੰਜ ਪਿਆਰਿਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਬਨਾਉਣ ਲਈ ਪੁਜੀ ਨੀਂਹ ਵਿੱਚ ਪੰਜ ਇੱਟਾਂ ਸਤਿਨਾਮ ਵਾਹਿਗੁਰੂ ਦਾ ਜਾਪੁ ਕਰਦਿਆਂ ਰੱਖੀਆਂ ਇਸ ਤੋਂ ਪਹਿਲਾਂ ਅਰਦਾਸ ਸੰਤ ਬਾਬਾ ਮਨਮੋਹਨ ਸਿੰਘ ਬਾਰਨਵਾਲਿਆਂ ਨੇ ਕੀਤੀ।

ਗੁਰਦੁਆਰਾ ਬਿਬਾਨਗੜ੍ਹ ਸਾਹਿਬ ਛਾਉਣੀ ਤੋਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਲਿਖਤੀ ਜਾਣਕਾਰੀ ਦੇਂਦਿਆ ਦਸਿਆ ਹੈ ਕਿ ਹਰਿਆਣਾ ਸਥਿਤ ਗੁ: ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਦਲ ਪੰਥ ਬੁੱਢਾ ਦਲ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਦੁਤੀ ਇਲਾਹੀ ਬਾਣੀ ਦੇ ਆਖੰਡ ਪਾਠ ਦੇ ਭੋਗ ਉਪਰੰਤ ਸੰਤ ਬਾਬਾ ਮਨਮੋਹਨ ਸਿੰਘ ਬਾਰਨਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਮਨੋਹਰ ਕੀਰਤਨ ਕੀਤਾ। ਪੰਥ ਦੇ ਪ੍ਰਸਿੱਧ ਢਾਡੀਆਂ, ਕਵੀਸ਼ਰਾਂ ਦੇ ਜਥਿਆਂ ਨੇ ਗੁਰ ਇਤਿਹਾਸ ਗੁਰਬਾਣੀ ਵਿਖਿਆਨ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਾਨਾਮੱਤੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਸੰਗਤਾਂ ਨੇ ਵੱਡੀ ਪੱਧਰ ਤੇ ਹੁੰਮ ਹੁਮਾ ਹਾਜ਼ਰੀ ਭਰੀ।
ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਅਤੇ ਸਢੋਰੇ ਨੂੰ ਜਿਤਣ ਉਪਰੰਤ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਉਚੀ ਥਾਂ ਉਤੇ ਉਸਾਰਿਆ ਗਿਆ ਕਿਲ੍ਹਾ ਮੁਖ਼ਲਿਸ ਗੜ੍ਹ (ਲੋਹਗੜ੍ਹ) ਨੂੰ ਆਪਣੀ ਪਹਿਲੀ ਰਾਜਧਾਨੀ ਬਣਾਇਆ। ਉਨ੍ਹਾਂ ਕਿਹਾ ਇਸ ਕਿਲ੍ਹੇ ਨੂੰ 16 ਹਜ਼ਾਰ ਘੋੜਚੜੇ ਅਤੇ ਪੈਦਲ ਸੈਨਿਕਾ ਨੇ ਬਹਾਦਰ ਸ਼ਾਹ ਦੀ ਅਗਵਾਈ ਵਿੱਚ ਕਈ ਮਹੀਨੇ ਘੇਰੀ ਰੱਖਿਆ ਪਰ ਕਿਲ੍ਹੇ ਤੇ ਕਬਜਾ ਨਾ ਹੋ ਸਕਿਆ। ਏਸੇ ਕਾਰਨ ਇਸ ਦਾ ਨਾਂ ਮੁਖਲਿਸਗੜ੍ਹ ਤੋਂ ਬਦਲ ਕੇ ਕਿਲ੍ਹਾ ਲੋਹਗੜ੍ਹ ਰਖਿਆ ਗਿਆ। ਪਹਿਲਾਂ ਇਹ ਕਿਲ੍ਹਾ ਸ਼ਾਹਜਹਾਨ ਬਾਦਸ਼ਾਹ ਦੇ ਆਦੇਸ ਨਾਲ ਮੁਖਲਿਸਖਾਨ ਨੇ ਬਣਾਇਆ ਸੀ। ਅੱਜ ਇਹ ਬੁੱਢਾ ਦਲ ਨਿਹੰਗ ਸਿੰਘਾਂ ਦੀ ਛਾਵਨੀ ਹੈ। ਉਨ੍ਹਾ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਲਾਸਾਨੀ ਤੇ ਅਦਭੁਤ ਹੈ ਇਸ ਦੀ ਮਿਸਾਲ ਕਿਸੇ ਹੋਰ ਇਤਿਹਾਸ ਵਿਚ ਨਹੀ ਮਿਲਦੀ ਹੈ। ਜਿਸ ਨਿਰਭੈਤਾ ਅਤੇ ਦਾਰਸ਼ਨਿਕ ਸੋਚ ਅਨੁਸਾਰ ਬੰਦਾ ਸਿੰਘ ਨੇ ਆਪਣੀ ਤੇ ਆਪਣੇ ਪੁੱਤਰ ਦੀ ਸ਼ਹਾਦਤ ਦਿਤੀ ਉਹ ਬੇਮਿਸਾਲ ਹੈ। ਸਮੱਚੀ ਕੌਮ ਉਨ੍ਹਾਂ ਵੱਲੋਂ ਕੀਤੇ ਸਾਨਾਮੱਤੇ ਕਾਰਜਾਂ ਤੇ ਮਾਣ ਅਭਿਨੰਦਨ ਦੇਂਦੀ ਹੈ। ਉਨ੍ਹਾਂ ਕਿਹਾ ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਦੇ ਮੁਖ ਦਰਬਾਰ ਹਾਲ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਪਹਿਲਾਂ ਇੱਥੇ ਛੋਟਾ ਆਰਜੀ ਦਰਬਾਰ ਹਾਲ ਸੀ ਸੰਗਤਾਂ ਦੀ ਆਮਦ ਵੱਧਣ ਕਾਰਨ ਹੁਣ ਵਿਸ਼ਾਲ ਤੇ ਸੁੰਦਰ ਦਰਬਾਰ ਸਾਹਿਬ ਬਣੇਗਾ। ਬਾਬਾ ਹਰਨੇਕ ਸਿੰਘ ਸੰਗਤਾਂ ਦੇ ਸਹਿਯੋਗ ਨਾਲ ਇਸ ਸੇਵਾ ਨੂੰ ਮੁਕੰਮਲ ਕਰਨਗੇ। ਇਸ ਉਪਰੰਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਆਪਣੇ ਜਥੇ ਸਮੇਤ ਗੁਰਦੁਆਰਾ ਤੰਬੂ ਸਾਹਿਬ ਪਾਤਸ਼ਾਹੀ ਪਹਿਲੀ ਕੋਪਾਲਮੋਚਨ ਅਤੇ ਗੁਰਦੁਆਰਾ ਅੰਗੀਠਾ ਸ਼ਹੀਦ ਬਾਬਾ ਤਪਾ ਸਿੰਘ ਜੀ ਛਛਰੋਲੀ ਵਿਖੇ ਵੀ ਉਚੇਚੇ ਤੌਰ ਤੇ ਪੁਜੇ ਅਤੇ ਛਾਵਨੀਆਂ ਦਾ ਨਿਰੀਖਣ ਕੀਤਾ। ਇਸ ਸਮੇਂ ਬਾਬਾ ਮਲੂਕ ਸਿੰਘ ਲਾਡੀ ਅਨੰਦਪੁਰ ਸਾਹਿਬ, ਬਾਬਾ ਬਲਦੇਵ ਸਿੰਘ ਕਿਆਮਪੁਰੀ, ਬਾਬਾ ਅਮਨਦੀਪ ਸਿੰਘ, ਬਾਬਾ ਵਿਸਵਪ੍ਰਤਾਪ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਕਰਮ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਰਣਜੋਧ ਸਿੰਘ, ਬਾਬਾ ਸਰਬਜੀਤ ਸਿੰਘ ਡੀ.ਸੀ, ਬਾਬਾ ਦਲੇਰ ਸਿੰਘ ਖਾਲਸਾ, ਬਾਬਾ ਗੁਰਪਾਲ ਸਿੰਘ, ਬਾਬਾ ਦਲੀਪ ਸਿੰਘ ਮਹੰਤ ਛਛਰੋਲੀ, ਬਾਬਾ ਗੋਰਾ ਸਿੰਘ ਕੋਪਾਲਮੋਚਨ ਸਮੇਤ ਅਨੇਕਾਂ ਨਿਹੰਗ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *