ਪਟਿਆਲਾ

ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮ ਲੀਲਾ ‘ਚ ਹਨੁਮਾਨ ਜੀ ਨੇ ਲੰਕਾ ਜਲਾਈ

ਮਾਤਾ ਸੀਤਾ ਦਾ ਸੰਦੇਸ਼ ਲੈ ਕੇ ਸਮੂਹ ਵਾਨਰ ਸੈਨਾ ਸ਼੍ਰੀ ਰਾਮ ਕੋਲ ਪਹੁੰਚੀ

ਜੋੜੀਆਂ ਭੱਠੀਆਂ ਰਾਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਆਯੋਜਿਤ ਸ਼੍ਰੀ ਰਾਮ ਲੀਲਾ ਦਾ ਅੱਠਵਾਂ ਦਿਨ

ਪਟਿਆਲਾ, 29 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) :- ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਅਤੇ ਜੋੜੀਆਂ ਭੱਠੀਆਂ ਰਾਇਲ ਯੂਥ ਕਲੱਬ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਅਗਵਾਈ ਹੇਠ ਜੋੜੀਆਂ ਭੱਠੀਆਂ ਚੌਕ ਵਿੱਚ ਆਯੋਜਿਤ ਸ਼੍ਰੀ ਰਾਮ ਲੀਲਾ ਵਿੱਚ ਅੱਜ ਹਨੁਮਾਨ ਜੀ ਨੇ ਰਾਵਣ ਨਾਲ ਭੇਂਟ ਕਰਨ ਤੋਂ ਬਾਅਦ ਲੰਕਾ ਨੂੰ ਅੱਗ ਲਗਾ ਦਿੱਤੀ। ਇਹ ਦ੍ਰਿਸ਼ ਦੇ ਮੰਚਣ ਦੌਰਾਨ “ਰਾਮ ਨਾਮ” ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉਠਿਆ। ਸ਼੍ਰੀ ਰਾਮ ਲੀਲਾ ਵਿੱਚ ਧਰਮ ਪ੍ਰਚਾਰਕ ਸੰਜੀਵ ਗੁਰੂ ਜੀ ਮਹਾਰਾਜ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ।

ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ। ਸ੍ਰੀ ਰਾਮ ਲੀਲਾ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਸ਼੍ਰੀ ਰਾਮ ਲੀਲਾ ਮੰਚ ਨਾਲ ਸਦਾ ਖੜੇ ਹਨ ਅਤੇ ਜੋ ਵੀ ਉਨ੍ਹਾਂ ਦੀ ਸੇਵਾ ਲਗਾਈ ਜਾਵੇਗੀ, ਉਹ ਨਿਭਾਉਣਗੇ। ਇਸ ਦੌਰਾਨ ਜ਼ਿੰਮੀ ਗੁਪਤਾ, ਕੁਸ਼ਲ ਚੋਪੜਾ, ਕੁਮਾਰ ਵਿਸ਼ੇਸ਼, ਸੰਜੀਵ ਸ਼ਰਮਾ, ਜਤਿੰਦਰ ਗਰਗ, ਹਰਪ੍ਰੀਤ ਵੀ ਮੌਜੂਦ ਰਹੇ।

ਸ਼੍ਰੀ ਰਾਮ ਲੀਲਾ ਦੇ ਅੱਠਵੇਂ ਦਿਨ ਦਿਖਾਇਆ ਗਿਆ ਕਿ ਹਨੁਮਾਨ ਜੀ ਨੇ ਆਪਣੀ ਪੂੰਛ ਨਾਲ ਸੋਨੇ ਦੀ ਲੰਕਾ ਨੂੰ ਅੱਗ ਲਾ ਦਿੱਤੀ ਅਤੇ ਰਾਮ ਨਾਮ ਦਾ ਜੈਘੋਸ਼ ਕੀਤਾ। ਇਸ ਤੋਂ ਬਾਅਦ ਉਹ ਮਾਤਾ ਸੀਤਾ ਨਾਲ ਭੇਂਟ ਕਰਕੇ ਮੁੜ ਸ਼੍ਰੀ ਰਾਮ ਕੋਲ ਆ ਗਏ। ਹਨੁਮਾਨ ਜੀ ਨੇ ਲੰਕਾ ਤੋਂ ਵਾਪਸ ਆ ਕੇ ਸ਼੍ਰੀ ਰਾਮ ਨੂੰ ਮਾਤਾ ਸੀਤਾ ਦੇ ਦਰਸ਼ਨ ਅਤੇ ਉਨ੍ਹਾਂ ਦੇ ਸੰਦੇਸ਼ ਬਾਰੇ ਦੱਸਿਆ।

ਅਗਲੇ ਦ੍ਰਿਸ਼ ਵਿੱਚ ਦਰਸਾਇਆ ਗਿਆ ਕਿ ਲੰਕਾ ਉੱਤੇ ਚੜ੍ਹਾਈ ਲਈ ਵਾਨਰ ਸੈਨਾ ਸਮੇਤ ਸ਼੍ਰੀ ਰਾਮ ਸਮੁੰਦਰ ਕੰਢੇ ਪਹੁੰਚਦੇ ਹਨ। ਉਨ੍ਹਾਂ ਨੇ ਸਮੁੰਦਰ ਨੂੰ ਰਸਤਾ ਦੇਣ ਦੀ ਬੇਨਤੀ ਕੀਤੀ। ਨਲ ਅਤੇ ਨੀਲ ਦੀ ਮਦਦ ਨਾਲ ਵਾਨਰਾਂ ਨੇ ਸਮੁੰਦਰ ਉੱਤੇ ਪੱਥਰਾਂ ਨਾਲ ਸੇਤੂ ਬਣਾਇਆ। ਇਸ ਦੌਰਾਨ “ਜੈ ਸ਼੍ਰੀ ਰਾਮ” ਦੇ ਨਾਅਰਿਆਂ ਨਾਲ ਪੰਡਾਲ ਗੂੰਜ ਉਠਿਆ। ਇਸ ਤੋਂ ਅਗਲਾ ਦ੍ਰਿਸ਼ ਰਾਵਣ ਦਰਬਾਰ ਦਾ ਸੀ, ਜਿਸ ਵਿੱਚ ਧਰਮ ਦੇ ਪੱਖ ਵਿੱਚ ਖੜੇ ਵਿਭੀਸ਼ਣ ਨੂੰ ਰਾਵਣ ਨੇ ਅਪਮਾਨਿਤ ਕਰਕੇ ਦਰਬਾਰ ਤੋਂ ਕੱਢ ਦਿੱਤਾ। ਫਿਰ ਵਿਭੀਸ਼ਣ ਸ਼੍ਰੀ ਰਾਮ ਦੀ ਸ਼ਰਣ ਵਿੱਚ ਆ ਗਏ। ਸ਼੍ਰੀ ਰਾਮ ਨੇ ਉਨ੍ਹਾਂ ਨੂੰ ਗਲੇ ਲਾ ਕੇ ਲੰਕਾ ਦਾ ਭਵਿੱਖੀ ਰਾਜਾ ਘੋਸ਼ਿਤ ਕੀਤਾ। ਯੁੱਧ ਤੋਂ ਪਹਿਲਾਂ ਆਖਰੀ ਸ਼ਾਂਤੀ ਪ੍ਰਸਤਾਵ ਲੈ ਕੇ ਸ਼੍ਰੀ ਰਾਮ ਨੇ ਅੰਗਦ ਨੂੰ ਰਾਵਣ ਕੋਲ ਭੇਜਿਆ। ਸ਼੍ਰੀ ਰਾਮ ਲੀਲਾ ਵਿੱਚ ਭਗਵਾਨ ਰਾਮ ਦਾ ਕਿਰਦਾਰ ਨੀਰਜ ਸ਼ਰਮਾ, ਮਾਤਾ ਸੀਤਾ ਦਾ ਸੋਨਾਸ਼ੀ ਕੌਸ਼ਲ, ਲਕਸ਼ਣ ਦਾ ਆਦਿਤਿਆ ਸ਼ਰਮਾ, ਹਨੁਮਾਨ ਜੀ ਦਾ ਵਿਕੀ, ਰਾਵਣ ਦਾ ਲਕਸ਼ਯ ਸ਼ਰਮਾ, ਮੇਘਨਾਥ ਦਾ ਕਸ਼ੀਸ਼ ਕਪੂਰ, ਸੁਗਰੀਵ ਦਾ ਮਾਧਵ, ਵਿਭੀਸ਼ਣ ਦਾ ਪਾਤਰ ਸ਼ਿਵਮ ਨੇ ਨਿਭਾਇਆ ਅਤੇ ਪਾਰਥ ਭੱਲਾ, ਅਨਮੋਲ, ਸ਼ੁਭਮ, ਖੁਸ਼, ਦਿਵਯਮ, ਈਸ਼ਾਨ ਬਾਂਸਲ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਨਿਭਾ ਕੇ ਸਾਰਿਆਂ ਦਿਲ ਜਿੱਤ ਲਿਆ।

Leave a Reply

Your email address will not be published. Required fields are marked *