ਹਾਕਮਾਂ ਦੇ ਲੰਬੜਦਾਰ ਸਮੇਤ ਤਿੰਨ ਲੋਕਾਂ ਖ਼ਿਲਾਫ਼ ਪੁਲਿਸ ਨੇ ਦਰਜ ਕੀਤਾ ਮਾਮਲਾ
ਮੀਡੀਆ ਵਿੱਚ ਮਾਮਲਾ ਉਜਾਗਰ ਹੋਣ ਤੋਂ ਬਾਅਦ ਹਰਕਤ ‘ਚ ਆਈ ਪੁਲੀਸ
ਬਹਿਰਾਮਪੁਰ ਥਾਣੇ ‘ਚ ਵੱਖ-ਵੱਖ ਧਾਰਾਵਾਂ ਹੇਠ ਪਰਚਾ ਦਰਜ
ਪੀੜਤ ਪਰਿਵਾਰ ਪਰਚੇ ‘ਚ ਦਰਜ ਕੀਤੀਆਂ ਧਾਰਾਵਾਂ ਤੋਂ ਅਸੰਤੁਸ਼ਟ
ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਾਗਰ)
ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਪਤਨੀ ਨੂੰ ਜਿਸਮਫ਼ਰੋਸ਼ੀ ਦੇ ਧੰਦੇ ‘ਚ ਪਾਣ ਲਈ ਮਜਬੂਰ ਕਰਨ ਵਰਗੇ ਦੋਸ਼ਾਂ ‘ਚ ਘਿਰੇ ਹਾਕਮ ਧਿਰ ਨਾਲ ਸਬੰਧਿਤ ਪਿੰਡ ਜੱਗੋਚੱਕ ਟਾਂਡਾ ਦੇ ਨੰਬਰਦਾਰ ਤੇ ਉਸਦੇ ਦੋ ਚਚੇਰੇ ਭਰਾਵਾਂ ਖ਼ਿਲਾਫ਼ ਪੁਲੀਸ ਨੇ ਵੱਖ-ਵੱਖ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਹੈ। ਮਾਮਲੇ ਦੀ ਸੰਜੀਦਗੀ ਨੂੰ ਦੇਖਦਿਆਂ ਐਸਐਸਪੀ ਗੁਰਦਾਸਪੁਰ ਵੱਲੋਂ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਦੋਸ਼ੀ ਫ਼ਰਾਰ ਹਨ ਅਤੇ ਪੁਲੀਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਨੰਬਰਦਾਰ ਦੀ ਪਤਨੀ ਨੇ ਪੁਲੀਸ ਨੂੰ ਮੋਬਾਈਲ ਫੋਨ ਦਾ ਇੱਕ ਮੈਮਰੀ ਕਾਰਡ ਦੇ ਕੇ ਆਰੋਪ ਲਗਾਏ ਸਨ ਕਿ ਉਸਦੇ ਪਤੀ ਦੇ ਪਿੰਡ ਦੀਆਂ ਪਰਾਈਆਂ ਔਰਤਾਂ ਨਾਲ ਨਜਾਇਜ਼ ਸਬੰਧ ਹਨ ਅਤੇ ਇਹ ਉਨ੍ਹਾਂ ਦੀਆਂ ਅਸ਼ਲੀਲ ਫ਼ਿਲਮਾਂ ਬਣਾ ਕੇ ਉਸਨੂੰ ਵੀ ਅਜਿਹਾ ਕੰਮ ਕਰਨ ਲਈ ਮਜਬੂਰ ਕਰਦਾ ਹੈ। ਉਸਨੇ ਇਸ ਕੰਮ ਵਿੱਚ ਨੰਬਰਦਾਰ ਦੇ ਚਾਚੇ ਦੇ ਦੋ ਮੁੰਡਿਆਂ ਦੀ ਸ਼ਮੂਲੀਅਤ ਦੱਸਦਿਆਂ ਉਨ੍ਹਾਂ ‘ਤੇ ਵੀ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ ਲਗਾਏ ਸਨ। ਪੁਲਿਸ ਨੂੰ ਸਾਰੇ ਸਬੂਤ ਸੌਪਣ ਦੇ ਬਾਵਜੂਦ ਵੀ ਸਿਆਸੀ ਦਬਾਅ ਕਾਰਨ ਮਾਮਲਾ ਲਟਕਦਾ ਜਾ ਰਿਹਾ ਸੀ ਅਤੇ ਐਸਐਚਓ ਤੋਂ ਲੈ ਕੇ ਹੋਰ ਸੀਨੀਅਰ ਅਧਿਕਾਰੀ ਵੀ ਕਾਰਵਾਈ ਕਰਨ ਤੋਂ ਮੂੰਹ ਮੋੜ ਰਹੇ ਸਨ। ਇਸ ਦੌਰਾਨ ਮਾਮਲਾ ਮੀਡੀਆ ‘ਚ ਉਜਾਗਰ ਹੋਣ ਤੋਂ ਬਾਅਦ ਇਹ ਕੇਸ ਡੀਜੀਪੀ ਪੰਜਾਬ ਅਤੇ ਐਸਐਸਪੀ ਗੁਰਦਾਸਪੁਰ ਦੇ ਧਿਆਨ ਵਿੱਚ ਆਇਆ ਅਤੇ ਪੀੜਤ ਪਰਿਵਾਰ ਵੱਲੋਂ ਸੋਮਵਾਰ ਨੂੰ ਐਸਐਸਪੀ ਜਸਦੀਪ ਸਿੰਘ ਨੂੰ ਮਿਲਣ ‘ਤੇ ਉਨ੍ਹਾਂ ਵੱਲੋਂ ਤੁਰੰਤ ਇਸ ਸਬੰਧੀ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਗਏ। ਦੀਨਾਨਗਰ ਦੇ ਏਐਸਪੀ ਵਰੁਣ ਸ਼ਰਮਾ (ਆਈਪੀਐਸ) ਅਨੁਸਾਰ ਥਾਣਾ ਬਹਿਰਾਮਪੁਰ ‘ਚ ਨੰਬਰਦਾਰ ਜਸਵੀਰ ਸਿੰਘ ਉਰਫ਼ ਵੀਰੂ ਪੁੱਤਰ ਕੁਲਦੀਪ ਸਿੰਘ ਅਤੇ ਚਾਚੇ ਦੇ ਮੁੰਡੇ ਮਨਦੀਪ ਤੇ ਬੌਬੀ ਪੁੱਤਰ ਸੁਲੱਖਣ ਸਿੰਘ ਦੇ ਖ਼ਿਲਾਫ਼ ਧਾਰਾ 498ਏ/354/328/370/511/506/34 ਆਈਪੀਸੀ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਪੀੜਤ ਪਰਿਵਾਰ ਪੁਲੀਸ ਦੀ ਕਾਰਵਾਈ ਤੋਂ ਅਸੰਤੁਸ਼ਟ ਹੈ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਪੁਲੀਸ ਅਜੇ ਵੀ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਆਮ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ ਜਦਕਿ ਜੋ ਸਬੂਤ (ਮੈਮਰੀ ਕਾਰਡ ਵਿਚਲੀਆਂ ਅਸ਼ਲੀਲ ਫ਼ਿਲਮਾਂ) ਅਤੇ ਦੋਸ਼ ਉਨ੍ਹਾਂ ਵੱਲੋਂ ਲਗਾਏ ਗਏ ਸਨ, ਉਸ ਸਬੰਧੀ ਕੋਈ ਵੀ ਢੁੱਕਵੀਂ ਧਾਰਾ ਪੁਲੀਸ ਵੱਲੋਂ ਨਹੀਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਧਾਰਾਵਾਂ ਦੀ ਤੁਰੰਤ ਜ਼ਮਾਨਤ ਕਰਵਾ ਕੇ ਉਕਤ ਦੋਸ਼ੀ ਵਿਅਕਤੀ ਆਪਣੇ ਸਿਆਸੀ ਰਸੂਖ਼ ਦੀ ਵਰਤੋ ਕਰਦਾ ਹੋਇਆ ਪੁਲੀਸ ਕਾਰਵਾਈ ‘ਚ ਵਿਘਨ ਪਾ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲੀਸ ਨੇ ਸਹੀ ਦੋਸ਼ਾਂ ਹੇਠ ਬਣਦੀਆਂ ਧਾਰਾਵਾਂ ਨਾ ਲਗਾਈਆਂ ਤਾਂ ਉਹ ਹੋਰ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਹੋਣਗੇ।
ਬੌਕਸ
ਵਿਧਾਇਕਾ ਨੇ ਚੁੱਕਿਆ ਪੀੜਤਾ ਦਾ ਮੁੱਦਾ
ਸਿਆਸੀ ਦਬਾਅ ਕਾਰਨ ਇਨਸਾਫ਼ ਲਈ ਭਟਕ ਰਹੀ ਲੰਬੜਦਾਰ ਦੀ ਪਤਨੀ ਦਾ ਮੁੱਦਾ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਅਤੇ ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਚੌਧਰੀ ਵੱਲੋਂ ਪੂਰੀ ਸੰਜੀਦਗੀ ਨਾਲ ਚੁੱਕਿਆ ਗਿਆ। ਵਿਧਾਇਕਾ ਵੱਲੋਂ ਸੈਸ਼ਨ ਵਿੱਚ ਰੁੱਝੇ ਹੋਣ ਦੇ ਬਾਵਜੂਦ ਮੋਬਾਈਲ ਫ਼ੋਨ ਰਾਹੀਂ ਸੰਪਰਕ ਕਰਕੇ ਪੀੜਤਾ ਦੀ ਫ਼ਰਿਆਦ ਸੁਣੀ ਗਈ ਅਤੇ ਇਸ ਸਬੰਧੀ ਕੁਝ ਅਖ਼ਬਾਰਾਂ ਵਿੱਚ ਛੱਪੀਆਂ ਖ਼ਬਰਾਂ ਦਾ ਹਵਾਲਾ ਦਿੰਦਿਆਂ ਡੀਜੀਪੀ ਪੰਜਾਬ, ਐਸਐਸਪੀ ਤੇ ਏਡੀਸੀ (ਡੀ) ਗੁਰਦਾਸਪੁਰ ਅਤੇ ਐਸਐਚਓ ਦੋਰਾਂਗਲਾ ਨੂੰ ਸੋਸ਼ਲ ਮੀਡੀਆ ਰਾਹੀਂ ਤੁਰੰਤ ਕਾਰਵਾਈ ਕਰਨ ਹਿੱਤ ਲਿਖਿਆ ਗਿਆ। ਇਸ ਦੌਰਾਨ ਡੀਜੀਪੀ ਵੱਲੋਂ ਵਿਧਾਇਕਾ ਨੂੰ ਵਾਪਸ ਮੈਸਿਜ ਕਰਕੇ ਫ਼ੌਰੀ ਐਕਸ਼ਨ ਲੈਣ ਦਾ ਭਰੋਸਾ ਦਿੱਤਾ ਗਿਆ ਅਤੇ ਇਸ ਤਰ੍ਹਾਂ ਵਿਧਾਇਕਾ ਦੀਆਂ ਕੋਸ਼ਿਸ਼ਾਂ ਸਦਕਾ ਪੁਲੀਸ ਨੇ ਕਾਰਵਾਈ ‘ਚ ਤੇਜ਼ੀ ਲਿਆਂਦੀ। ਉਂਜ ਇਸਦੇ ਲਈ ਸੀਪੀਆਈ (ਐਮ) ਦੇ ਜ਼ਿਲ੍ਹਾ ਆਗੂਆਂ ਵੱਲੋਂ ਵੀ ਪੂਰੀ ਵਾਹ ਲਗਾਈ ਗਈ ਅਤੇ ਦੋਨਾਂ ਪਾਸਿਓਂ ਤੋਂ ਪਏ ਦਬਾਅ ਕਾਰਨ ਪੁਲੀਸ ਨੂੰ ਦੇਰ ਸ਼ਾਮ ਮਾਮਲਾ ਦਰਜ ਕਰਨਾ ਪਿਆ।

