ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਰਗਬੀ ਖਿਡਾਰਣ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਐਮ.ਪੀ.ਐਡ. (ਦੋ ਸਾਲਾਂ ਪ੍ਰੋਗਰਾਮ) ਦੀ ਵਿਦਿਆਰਥਣ ਅਤੇ ਰਗਬੀ ਖਿਡਾਰਣ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਮਨਦੀਪ ਕੌਰ ਪਿੰਡ ਧੀਰਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ. ਮਲੂਕ ਸਿੰਘ ਦੀ ਸਪੁੱਤਰੀ ਹੈ। ਉਸਨੇ ਆਪਣੀ ਮਿਹਨਤ, ਸਮਰਪਣ ਅਤੇ ਖੇਡ ਪ੍ਰਤੀ ਨਿਸ਼ਠਾ ਨਾਲ ਯੂਨੀਵਰਸਿਟੀ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਅਮਨਦੀਪ ਕੌਰ ਨੇ ਚੀਨ ਅਤੇ ਸ਼੍ਰੀਲੰਕਾ ਵਿੱਚ ਆਯੋਜਿਤ ਏਸ਼ੀਅਨ ਰਗਬੀ ਅਮੀਰਾਤ ਲੀਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਪਣੇ ਕੋਚ ਸੰਦੀਪ ਕੁਮਾਰ ਦੀ ਰਹਿਨੁਮਾਈ ਹੇਠ ਉਸਨੇ ਖੇਡ ਵਿੱਚ ਵਿਲੱਖਣ ਦ੍ਰਿੜਤਾ, ਅਨੁਸ਼ਾਸਨ ਅਤੇ ਟੀਮ ਸਪਿਰਿਟ ਦਾ ਪ੍ਰਦਰਸ਼ਨ ਕੀਤਾ।
ਇਸ ਉਪਲੱਬਧੀ ਲਈ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਆਯੋਜਿਤ ਸਮਾਰੋਹ ਦੌਰਾਨ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਮ ਚਮਕਾ ਰਹੀਆਂ ਹਨ ਅਤੇ ਅਮਨਦੀਪ ਵਰਗੀਆਂ ਖਿਡਾਰਣਾਂ ਪ੍ਰੇਰਣਾ ਦਾ ਸਰੋਤ ਹਨ। ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਅਮਨਦੀਪ ਕੌਰ ਦੀ ਸਫਲਤਾ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ।
ਇਸ ਮੌਕੇ ਡਾ. ਭੁਪਿੰਦਰ ਸਿੰਘ ਘੁੰਮਣ, ਮੁਖੀ ਸਰੀਰਕ ਸਿੱਖਿਆ ਵਿਭਾਗ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਉੱਚ ਪੱਧਰੀ ਪ੍ਰਦਰਸ਼ਨ ਲਈ ਹਰ ਤਰ੍ਹਾਂ ਦੀ ਸਹੂਲਤ ਅਤੇ ਮੌਕਾ ਪ੍ਰਦਾਨ ਕਰਦੀ ਹੈ।
ਆਪਣੇ ਸੰਬੋਧਨ ਵਿੱਚ ਅਮਨਦੀਪ ਕੌਰ ਨੇ ਮਾਤਾ-ਪਿਤਾ, ਕੋਚ ਅਤੇ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਦੀ ਨੁਮਾਇੰਦਗੀ ਕਰਨਾ ਉਸਦੇ ਜੀਵਨ ਦਾ ਸਭ ਤੋਂ ਮਾਣਵਾਂ ਪਲ ਸੀ ਅਤੇ ਉਹ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਲਈ ਸਦਾ ਪ੍ਰਯਤਨਸ਼ੀਲ ਰਹੇਗੀ। ਅਮਨਦੀਪ ਕੌਰ ਦੀ ਇਹ ਪ੍ਰਾਪਤੀ ਸਿਰਫ ਉਸਦੀ ਵਿਅਕਤੀਗਤ ਸਫਲਤਾ ਨਹੀਂ, ਸਗੋਂ ਪੰਜਾਬ ਅਤੇ ਯੂਨੀਵਰਸਿਟੀ ਲਈ ਮਾਣ ਦਾ ਵਿਸ਼ਾ ਹੈ। ਉਸਦੀ ਦ੍ਰਿੜਤਾ, ਮਹਨਤ ਅਤੇ ਸਮਰਪਣ ਹੋਰ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਉਦਾਹਰਣ ਹਨ।

