ਖ਼ਾਲਸਾ ਕਾਲਜ ਪਟਿਆਲਾ ਵੱਲੋਂ ਮਨਾਇਆ ਗਿਆ ‘ਹਿੰਦੀ ਦਿਵਸ’
ਪਟਿਆਲਾ 16 ਸਤੰਬਰ (ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਦੇ ਹਿੰਦੀ ਵਿਭਾਗ ਵੱਲੋਂ ‘ਹਿੰਦੀ ਦਿਵਸ’ ਮਨਾਇਆ ਗਿਆ । ਇਸ ਮੌਕੇ ਵਿਭਾਗ ਵੱਲੋਂ ਇੱਕ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਿਬੰਧ ਲੇਖਣ ਅਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਸਥਾਨਕ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਹਿੰਦੀ ਨੂੰ ਰਾਸ਼ਟਰ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਅਪਣੱਤ ਨਾਲ ਭਰਪੂਰ ਇਸ ਭਾਸ਼ਾ ਨੂੰ ਮਾਣ ਦੇਣਾ ਸਾਡਾ ਸਭ ਦਾ ਸਾਂਝਾ ਕਰਤੱਵ ਹੈ। ਉਨ੍ਹਾਂ ਵਿਭਾਗ ਵੱਲੋਂ ਕਰਵਾਈ ਗਈ ਇਸ ਪ੍ਰਤੀਯੋਗਿਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਿੰਦੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਸ ਤਰ੍ਹਾਂ ਦੇ ਯਤਨ ਲਾਹੇਵੰਦ ਸਾਬਤ ਹੋਣਗੇ ਅਤੇ ਕਾਲਜ ਭਵਿੱਖ ਵਿੱਚ ਵੀ ਭਾਸ਼ਾ ਦੀ ਪ੍ਰਫੁੱਲਤਾ ਲਈ ਇਸ ਤਰ੍ਹਾਂ ਦੇ ਉੱਦਮ ਤੇ ਪ੍ਰੇਰਨਾ ਭਰਪੂਰ ਯਤਨ ਕਰਦਾ ਰਹੇਗਾ।
ਇਸ ਮੌਕੇ ਹਿੰਦੀ ਵਿਭਾਗ ਦੇ ਮੁਖੀ ਅਤੇ ਡੀਨ ਕਲਚਰਲ ਡਾ. ਹਰਵਿੰਦਰ ਕੌਰ ਨੇ ਜਿੱਥੇ ਵਿਦਿਆਰਥੀਆਂ ਨੂੰ ‘ਹਿੰਦੀ ਦਿਵਸ’ ਨੂੰ ਇੱਕ ਸੰਕਲਪ ਦਿਵਸ ਵਜੋਂ ਮਨਾਉਣ ਲਈ ਪ੍ਰੇਰਿਆ ਉੱਥੇ ਨਾਲ ਹੀ ਉਹਨਾਂ ਨੇ ਹਿੰਦੀ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਹਿੰਦੀ ਸੰਸਾਰ ਭਰ ਵਿੱਚ ਸਭ ਤੋਂ ਵੱਧ ਸਮਝੀ ਜਾਣ ਵਾਲੀ ਭਾਸ਼ਾ ਹੈ ਤੇ ਉਹਨਾਂ ਨੇ ਇਸ ਦੀ ਲਿਪੀ ਦੇ ਵਿਗਿਆਨਕ ਹੋਣ ਬਾਰੇ ਵੀ ਦੱਸਿਆ।
‘ਹਿੰਦੀ ਦਿਵਸ’ ਦੇ ਮੌਕੇ ‘ਤੇ ਵਿਭਾਗ ਵੱਲੋਂ ਕਰਵਾਈ ਗਈ ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਕਵਿਤਾ ਉਚਾਰਣ ਪ੍ਰਤੀਯੋਗਿਤਾ ਵਿੱਚ ਹਰਪ੍ਰੀਤ ਕੌਰ, ਅਰਸ਼ਦੀਪ ਕੌਰ ਤੇ ਪ੍ਰਭਜੀਤ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਤੇ ਨਿਬੰਧ ਲੇਖਣ ਪ੍ਰਤੀਯੋਗਿਤਾ ਵਿੱਚ ਹਰਪ੍ਰੀਤ ਕੌਰ, ਅਮਨਪ੍ਰੀਤ ਕੌਰ ਤੇ ਸ਼ਸ਼ੀਕਾਂਤ ਨੇ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।

