ਪੁੱਡਾ ਪ੍ਰਸ਼ਾਸ਼ਨ ਦੀਆਂ ਗਲਤ ਨੀਤੀਆਂ ਕਾਰਨ ਫਲਾਪ ਹੋਈ ਨਿਲਾਮੀ
ਪਟਿਆਲਾ, 16 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਟੀ (ਪੀ. ਡੀ. ਏ.) ਪ੍ਰਸ਼ਾਸ਼ਨ ਦੀਆਂ ਗਲਤ ਨੀਤੀਆਂ ਕਾਰਨ ਪੁੱਡਾ ਵਲੋਂ ਨਾਭਾ ਰੋਡ ਸਥਿਤ ਸਿੰਚਾਈ ਵਿਭਾਗ ਦੇ ਲਹਿਲ ਡਵੀਜ਼ਨ ਦੀ ਜ਼ਮੀਨ ਵਿਚ ਪਲਾਟਾਂ ਦੀ ਜੋ ਨਿਲਾਮੀ ਰੱਖੀ ਸੀ, ਉਹ ਪੂਰੀ ਠੱਪ ਹੋ ਗਈ। ਨਿਲਾਮੀ ਰੱਖੀ ਹੋਣ ਕਾਰਨ ਪੁੱਡਾ ਅਧਿਕਾਰੀ ਸ਼ੁਕਰਵਾਰ ਨੂੰ ਸਵੇਰੇ 10 ਵਜੇ ਮੌਕੇ ‘ਤੇ ਪਹੁੰਚ ਗਏ ਸਨ। ਇਸ ਦੌਰਾਨ ਉਨ੍ਹਾਂ ਮਾਈਕ ਵਗੈਰਾ ਫਿਟ ਕੀਤਾ ਪਰ ਦੁਪਿਹਰ 12 ਵਜੇ ਤੱਕ ਇਕ ਵੀ ਖਰੀਦਦਾਰ ਨਹੀਂ ਪਹੁੰਚਿਆ।
ਦਿਲਚਸਪ ਗੱਲ ਤਾਂ ਇਹ ਹੈ ਕਿ ਇਹ ਜ਼ਮੀਨ ਬਿਲਕੁਲ ਮਾਡਲ ਟਾਊਨ ਦੇ ਨਾਲ ਲੱਗਦੀ ਹੈ, ਜਿਸ ਕਾਰਨ ਇਹ ਇਕ ਤਰ੍ਹਾਂ ਨਾਲ ਨਿਊ ਮਾਡਲ ਟਾਊਨ ਬਣਨਾ ਸੀ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਇਸ ਨੂੰ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ। ਜਾਣਕਾਰੀ ਅਨੁਸਾਰ ਪੁੱਡਾ ਅਧਿਕਾਰੀਆਂ ਵਲੋਂ ਜ਼ਮੀਨ ਦੇ ਰੇਟਾਂ ਵਿਚ ਮੰਦੀ ਹੋਣ ਦੇ ਬਾਵਜੂਦ ਵੀ ਰੇਟ ਵੱਧ ਰੱਖਣ ਅਤੇ ਪਲਾਟਾਂ ਦੇ ਗਲਤ ਸਾਈਜ਼ ਰੱਖਣ ਕਾਰਨ ਇਹ ਬੋਲੀ ਬੁਰੀ ਤਰ੍ਹਾਂ ਫਲਾਪ ਹੋਈ। ਪੁੱਡਾ ਵਲੋਂ ਇਥੇ 1000 ਗਜ, 500 ਗਜ ਅਤੇ 400 ਗਜ ਦੇ ਪਲਾਟ ਕੱਟੇ ਗਏ ਸਨ। 500 ਗਜ ਦੇ ਪਲਾਟ ਦੀ ਕੀਮਤ 1,40,67,060 ਬਣਦੀ ਸੀ ਜਦੋਂ ਕਿ 1000 ਗਜ ਦੇ ਪਲਾਟ ਦੀ ਕੀਮਤ 2,96,95,458 ਬਣਦੀ ਸੀ। ਪੁੱਡਾ ਨੇ ਇਥੇ 500 ਗਜ ਦੇ ਪਲਾਟਾਂ ਦੀ ਰਾਖਵੀਂ ਕੀਮਤ 28000 ਰੁਪਏ ਗਜ ਦੇ ਕਰੀਬ ਰੱਖੀ ਸੀ ਜਦੋਂ ਕਿ ਕਾਰਨਰ ਪਲਾਟਾਂ ਦੀ ਰਾਖਵੀਂ ਕੀਮਤ ਕਰੀਬ 35000 ਰੁਪਏ ਰੱਖੀ ਸੀ। ਇਸੇ ਤਰ੍ਹਾਂ ਕਾਰਨਰ ਪਾਰਕਿੰਗ ਫੇਸਿੰਗ ਪਲਾਟਾਂ ਦੀ ਕੀਮਤ ਹੋਰ ਵਧਾ ਕੇ ਰੱਖੀ ਗਈ ਸੀ। ਜਦੋਂ ਕਿ ਅੱਜ ਦੇ ਸਮੇਂ ਪੰਜਾਬ ਵਿਚ ਪ੍ਰਾਪਰਟੀ ਬੇਹੱਦ ਮੰਦੀ ਹੈ। ਮਾਰਕੀਟ ਵਿਚ 4 ਸਾਲ ਪਹਿਲਾਂ ਜਿਸ ਪਲਾਟ ਦੀ ਕੀਮਤ 15000 ਰੁਪਏ ਗਜ ਸੀ ਅੱਜ ਉਹ 8000 ਰੁਪਏ ਗਜ ਨੂੰ ਮਿਲ ਰਿਹਾ ਹੈ। ਅਜਿਹੇ ਵਿਚ ਪੁੱਡਾ ਵਲੋਂ ਮਾਰਕੀਟ ਦੀ ਜ਼ਮੀਨੀ ਹਕੀਕਤ ਨੂੰ ਦਰਕਿਨਾਰ ਕਰਦੇ ਹੋਏ ਬਹੁਤ ਜ਼ਿਆਦਾ ਰੇਟ ਫਿਕਸ ਕਰ ਦਿੱਤੇ ਸਨ, ਜਿਸ ਕਾਰਨ ਲੋਕਾਂ ਨੇ ਇਨ੍ਹਾਂ ਪਲਾਟਾਂ ਨੂੰ ਖਰੀਦਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਇਕ ਪਾਸੇ ਪ੍ਰਾਈਵੇਟ ਕਾਲੋਨਾਈਜ਼ਰ ਵੱਖ-ਵੱਖ ਸਕੀਮਾਂ ਰਾਹੀਂ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਇਥੋਂ ਤੱਕ ਕਿ ਸ਼ਾਹੀ ਸ਼ਹਿਰ ਪਟਿਆਲਾ ਦੇ ਇੰਪਰੂਵਮੈਂਟ ਟਰੱਸਟ ਵਲੋਂ 20 ਫੀਸਦੀ ਰੇਟ ਘਟਾ ਕੇ ਪਲਾਟ ਵੇਚਣ ਦਾ ਮਤਾ ਪਾਸ ਕੀਤਾ ਗਿਆ ਹੈ। ਅਜਿਹੇ ਵਿਚ ਪੁੱਡਾ ਵਲੋਂ ਇੰਨੀ ਜ਼ਿਆਦਾ ਕੀਮਤ ਰੱਖਣਾ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਸੀ। ਪਹਿਲਾਂ ਤੋਂ ਹੀ ਅੰਦੇਸ਼ਾ ਲਾਇਆ ਜਾ ਰਿਹਾ ਸੀ ਕਿ ਇਹ ਨਿਲਾਮੀ ਫੇਲ ਹੋਵੇਗੀ। ਪੁੱਡਾ ਦੇ ਅਸਟੇਟ ਅਫਸਰ ਅਮਰਜੀਤ ਸਿੰਘ ਨੇ ਮੰਨਿਆ ਕਿ ਇਕ ਵੀ ਖਰੀਦਦਾਰ ਨਹੀਂ ਪਹੁੰਚਿਆ ਸੀ, ਜਿਸ ਕਾਰਨ ਇਹ ਬੋਲੀ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਵੇਗਾ ਅਤੇ ਦੁਬਾਰਾ ਤੋਂ ਬੋਲੀ ਰੱਖੀ ਜਾਵੇਗੀ। ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਇਥੇ 18000 ਤੋਂ ਲੈ ਕੇ 20000 ਰੁਪਏ ਗਜ ਤੱਕ ਹੀ ਪਲਾਟ ਵਿਕ ਸਕਦੇ ਹਨ। ਪੁੱਡਾ ਦੀ ਪ੍ਰਾਪਰਟੀ ਲੈਣਾ ਇਸ ਲਈ ਮੁਸ਼ਕਲ ਹੈ ਕਿਉਂਕਿ ਇਸ ਸੰਬੰਧੀ ਸਾਰਾ ਪੈਸਾ 1 ਨੰਬਰ ਵਿਚ ਹੀ ਦੇਣਾ ਪੈਂਦਾ ਹੈ। ਅਜਿਹੇ ਵਿਚ ਜਿਨ੍ਹਾਂ ਲੋਕਾਂ ਕੋਲ ਵਾਈਟ ਮਨੀ ਨਹੀਂ, ਉਹ ਸਰਕਾਰੀ ਪ੍ਰਾਪਰਟੀ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਉਂਦੇ। ਪੁੱਡਾ ਬੇਸ਼ੱਕ ਸਰਕਾਰੀ ਅਦਾਰਾ ਹੈ ਪਰ ਬਾਦਲ ਸਰਕਾਰ ਵਿਚ ਇਹ ਅਦਾਰਾ ਬਿਲਕੁਲ ਕਮਰਸ਼ੀਅਲ ਬਣ ਗਿਆ ਹੈ ਅਤੇ ਵੱਧ ਤੋਂ ਵੱਧ ਕਮਾਈ ਕਰਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਲੋਕਾਂ ਨੇ ਹੁਣ ਪੁੱਡਾ ਦੀਆਂ ਕਾਲੋਨੀਆਂ ਵਿਚ ਪਲਾਟ ਲੈਣੇ ਬੰਦ ਕਰ ਦਿੱਤੇ ਹਨ। ਪੁੱਡਾ ਵਲੋਂ ਰੱਖੇ ਗਏ ਰੇਟ ਬਿਲਕੁਲ ਗੈਰ ਵਾਜਬ ਅਤੇ ਮਾਰਕੀਟ ਰੇਟਾਂ ਤੋਂ ਕੋਹਾਂ ਦੂਰ ਸਨ। ਪੁੱਡਾ ਵਲੋਂ ਬਸਾਏ ਗਏ ਅਰਬਨ ਅਸਟੇਟ ਵਿਚ ਅੱਜ ਬੇਹੱਦ ਮੰਦੀ ਆ ਗਈ ਹੈ। ਕਰੀਬ 4 ਸਾਲ ਪਹਿਲਾਂ ਪੁੱਡਾ ਵਲੋਂ ਅਰਬਨ ਅਸਟੇਟ ਵਿਚ ਨਿਲਾਮੀ ਕੀਤੀ ਗਈ ਸੀ ਤਾਂ ਉਸ ਸਮੇਂ 28000 ਰੁਪਏ ਗਜ ਦੇ ਹਿਸਾਬ ਨਾਲ ਪਲਾਟ ਵਿਕੇ ਸਨ ਜਦੋਂ ਕਿ ਅੱਜ 19000 ਰੁਪਏ ਗਜ ਨੂੰ ਪਲਾਟ ਮਿਲਦੇ ਹਨ। ਇਹ ਸਭ ਕੁੱਝ ਜਾਣਦੇ ਹੋਏ ਕਿ ਪੁੱਡਾ ਵਲੋਂ ਜਾਣਬੂਝ ਕੇ ਇਥੇ ਰੇਟ ਵੱਧ ਰੱਖੇ ਗਏ ਸਨ, ਜਿਸ ਕਾਰਨ ਹੀ ਇਹ ਬੋਲੀ ਫੇਲ ਹੋਈ ਹੈ।

