ਨਕਲੀ ਵਰਦੀ ਪਾ ਕੇ ਥਾਣੇਦਾਰੀ ਵਿਖਾਉਣ ਵਾਲੀ ਔਰਤ ਗ੍ਰਿਫਤਾਰ
ਅਦਾਲਤ ਨੇ ਪੁਲਿਸ ਰਿਮਾਂਡ ‘ਤੇ ਭੇਜਿਆ
ਪਟਿਆਲਾ 16 ਸਤੰਬਰ (ਅਮਰਜੀਤ ਸਿੰਘ/ਮਧੁਸਾਰ ਬਿਊਰੋ)
ਸਹਾਇਕ ਥਾਣੇਦਾਰ ਦੀ ਨਕਲੀ ਵਰਦੀ ਪਾ ਕੇ ਲੋਕਾਂ ਨੂੰ ਧਮਕਾਉਣ ਦੇ ਮਾਮਲੇ ‘ਚ ਡਿਊਟੀ ਮੈਜਿਸਟਰੇਟ ਕਮਲ ਵਰਿੰਦਰ ਸਿੰਘ ਦੀ ਅਦਾਲਤ ਵਿਚ ਪੁਲਿਸ ਨੇ ਕਥਿਤ ਦੋਸ਼ੀ ਮਹਿਲਾ ਗੁਰਜੀਤ
ਕੌਰ ਉਰਫ ਗੋਰੋ ਪੁੱਤਰੀ ਗੁਰਚਰਨ ਸਿੰਘ ਵਾਸੀ ਅਮਾਮਗੜ੍ਹ ਸਮਾਣਾ ਨੂੰ ਪੇਸ਼ ਕੀਤਾ। ਪੁਲਿਸ ਨੇ ਉਕਤ ਮਹਿਲਾ ਦੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ।
ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਉਕਤ ਮਹਿਲਾ ਨੂੰ ਮੌਕੇ ‘ਤੇ ਕਾਬੂ ਕੀਤਾ ਗਿਆ ਸੀ, ਜਦਕਿ ਇਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਇਸ ਦੇ ਸਾਥੀ ਬਾਰੇ ਪਤਾ ਕਰਨਾ ਹੈ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਬਾਰੇ ਪਤਾ ਕਰਨਾ ਹੈ। ਅਦਾਲਤ ਨੇ ਉਕਤ ਮਹਿਲਾ ਦਾ 17 ਸਤੰਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ। ਥਾਣਾ ਤ੍ਰਿਪੜੀ ਪੁਲਿਸ ਨੇ ਗੁਰਜੀਤ ਕੌਰ ਉਰਫ ਗੋਰੋ ਪੁੱਤਰੀ ਗੁਰਚਰਨ ਸਿੰਘ ਵਾਸੀ ਅਮਾਮਗੜ ਮਹੁੱਲਾ ਸਮਾਨਾ ਅਤੇ ਸੋਨੀ ਵਾਸੀ ਚਮਾਰਪੁਰ ਮਲੇਰਕੋਟਲਾ ਜ਼ਿਲਾ ਸੰਗਰੂਰ ਵਿਰੁੱਧ ਧਾਰਾ 419, 420, 384, 170 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਪੁਲਿਸ ਦੇ ਏ.ਐਸ.ਆਈ ਪ੍ਰਕਾਸ਼ ਮਸੀਹ ਸਮੇਤ ਪੁਲਿਸ ਪਾਰਟੀ ਗਸਤ ਵਾ ਤਲਾਸ ਭੈੜੇ ਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬੁੱਸ ਅੱਡਾ ਨੇੜੇ ਹਰਦਾਸ ਪੁਰ ਮੌਜੂਦ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਥਿਤ ਦੋਸ਼ੀ ਪੰਜਾਬ ਪੁਲਿਸ ਦੀ ਨਕਲੀ ਵਰਦੀ ਪਾ ਕੇ ਰਾਹ ਜਾਂਦੇ ਵਹੀਕਲਾਂ ਨੂੰ ਰੋਕਦੇ ਤੇ ਕਾਗਜ ਚੈਕ ਕਰਨ ਦੇ ਬਹਾਨੇ ਲੜਕੇ ਅਤੇ ਲੜਕੀਆਂ ਦਾ ਪਿੱਛਾ ਕਰਦੇ ਤੇ ਪਰਚਾ ਕਰਨ ਦੀਆਂ ਧਮਕੀਆਂ ਦਿੰਦੇ ਅਤੇ ਮੋਟੀ ਰਕਮ ਵਸੂਲਦੇ ਹਨ।

