ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਗੁ: ਸ਼ਹੀਦ ਸਿੰਘਾਂ ਸੋਹਾਣਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਫਤਿਹਗੜ੍ਹ ਸਾਹਿਬ:- 03 ਦਸੰਬਰ (ਮਧੂਸਾਰ ਬਿਊਰੋ) ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨੇ ਲਿਖਤੀ ਜਾਣਕਾਰੀ ਦਿਤੀ ਹੈ ਕਿ ਅਮਰ ਮਹਾਨ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਉਨ੍ਹਾਂ ਨੇ ਸ਼ਹੀਦੀ ਅਸਥਾਨ ਗੁ: ਸ਼ਹੀਦ ਸਿੰਘਾਂ ਸੋਹਾਣਾ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸੰਗਤੀ ਸਹਿਯੋਗ ਨਾਲ ਪੂਰੀ ਸਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਜੇ ਧਾਰਮਿਕ ਦੀਵਾਨ ਵਿੱਚ ਮੀਰੀ ਪੀਰੀ ਦੇ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਗਿ. ਕੁਲਦੀਪ ਸਿੰਘ ਗੱੜਗਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦੇਂਦਿਆਂ ਕਿਹਾ ਕਿ ਸਿੱਖ ਪੰਥ ਦੀਆਂ ਸਮੂਹ ਸੰਪਰਦਾਵਾਂ, ਸੰਸਥਾਵਾਂ, ਰਾਜਸੀ ਦਲਾਂ, ਧਾਰਮਿਕ ਸੁਸਾਇਟੀਆਂ ਆਦਿ ਨੂੰ ਇੱਕਤਰ ਹੋ ਕੇ ਗੁਰੂ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕਰਨੇ ਚਾਹੀਦੇ ਹਨ। ਜਿਵੇਂ ਬਾਬਾ ਹਨੂੰਮਾਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਮਹਾਨ ਕੁਰਬਾਨੀਆਂ ਦੇ ਕੇ ਕੀਤੇ। ਉਨ੍ਹਾਂ ਕਿਹਾ ਪੰਜਾਬ ਦੀ ਧਰਤੀ ਤੇ ਬੇਅੰਤ ਹੀ ਸੂਰਬੀਰ, ਨਿਧੜਕ ਕੌਮੀ ਪ੍ਰਵਾਨਿਆਂ ਦਾ ਖੂਨ ਡੁਲਿਆ ਹੈ। ਉਸ ਦਾ ਮੁੱਲ ਤਾਰਨ ਲਈ ਸਭ ਮਾਈ ਭਾਈ ਨੂੰ ਅੰਮ੍ਰਿਤਧਾਰੀ ਹੋ ਕੇ ਸਮਰਪਿਤ ਭਾਵਨਾ ਨਾਲ ਇਕ ਨਿਸ਼ਾਨ, ਇਕ ਵਿਧਾਨ ਦੀ ਤਾਬਿਆਂ ਸਿਰ ਜੋੜ ਬੈਠ ਕੌਮੀ ਬੇਹਤਰੀ ਲਈ ਕਾਰਜ ਕਰਨੇ ਚਾਹੀਦੇ ਹਨ।
ਉਪਰੰਤ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਜਿਨਾਂ ਨੇ ਬੁੱਢਾ ਦਲ ਨਿਹੰਗ ਸਿੰਘਾਂ ਦੀ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁੱਖ ਜਥੇਦਾਰ ਹੁੰਦਿਆ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਵਿਰੋਧ ਹੱਕ ਸੱਚ ਦੀ ਲੜਾਈ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ ਬੁੱਢਾ ਦਲ ਸਿੱਖ ਪੰਥ ਦਾ ਖਾਸ ਕਰਕੇ ਨਿਹੰਗ ਸਿੰਘਾਂ ਦਾ ਅਨਿਖੜਵਾਂ ਅੰਗ ਹੈ ਨਿਹੰਗ ਸਿੰਘ ਦੀਆਂ ਪੁਰਾਤਨ ਰਿਵਾਇਤਾਂ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਹਨ। ਉਨ੍ਹਾਂ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਵੱਲੋਂ ਦ੍ਰਿੜਤਾ ਤੇ ਨਿਰਭੈਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਫੈਸਲਿਆਂ ਦੇ ਵੇਰਵੇ ਵੀ ਸੰਗਤ ਨਾਲ ਸਾਂਝੇ ਕੀਤੇ। ਇਸ ਮੌਕੇ ਸਜੇ ਧਾਰਮਿਕ ਦੀਵਾਨ ਦੇ ਮੰਚ ਤੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਗਿ. ਕੁਲਦੀਪ ਸਿੰਘ ਗੱੜਗਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਵਿਸ਼ੇਸ਼ ਤੌਰ ਤੇ ਸ੍ਰੀ ਸਾਹਿਬ, ਦੋਸ਼ਾਲਾ ਤੇ ਸਿਰਪਾਓ ਨਾਲ ਸਨਮਾਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਰਾਗੀ, ਢਾਡੀ, ਪ੍ਰਚਾਰਕਾਂ, ਵਿਦਵਾਨਾਂ, ਧਾਰਮਿਕ ਸਖਸ਼ੀਅਤਾਂ ਉਚੇਚੇ ਤੌਰ ਤੇ ਹਾਜ਼ਰੀ ਭਰੀ।

