ਕਿਸਾਨੀ ਕਰਜ਼ਾ ਮੁਆਫ਼ੀ ਸਬੰਧੀ ਅਮਰਿੰਦਰ ਦੇ ਬਿਆਨ ਨੂੰ ਝੂਠ ਦਾ ਪੁਲੰਦਾ : ਮੁੱਖ ਮੰਤਰੀ
ਅਮਰਗੜ੍ਹ-ਸੰਗਰੂਰ, 16 ਸਤੰਬਰ (ਮਧੂਸਾਰ ਬਿਊਰੋ)
ਸੂਬਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨੀ ਕਰਜ਼ਾ ਮੁਆਫ਼ੀ ਸਬੰਧੀ ਦਿੱਤੇ ਗਏ ਬਿਆਨ ਨੂੰ ਝੂਠ ਦਾ ਪੁਲੰਦਾ ਦਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਸੰਗਤ ਦਰਸ਼ਨ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਕੈਪ. ਅਮਰਿੰਦਰ ਸਿੰਘ ਇਸ ਮੁੱਦੇ ਤੇ ਕੋਰਾ ਝੂਠ ਬੋਲ ਰਹੇ ਹਨ ਕਿਉਂਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਜਾਣਦੇ ਹਨ ਕਿ ਆਪਣੇ ਕਾਰਜਕਾਲ ਦੌਰਾਨ ਕੈਪਟਨ ਨੇ ਅਕਾਲੀ ਭਾਜਪਾ ਸਰਕਾਰ ਵੱਲੋਂ ਮੁਆਫ਼ ਕੀਤੇ ਗਏ ਬਿਜਲੀ ਦੇ ਮੁੜ ਬਿੱਲ ਲਗਾ ਦਿੱਤੇ ਸਨ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਕੈਪਟਨ ਕਿਸਾਨਾ ਦੀ ਮੌਜੂਦਾ ਦੌਰ ਵਿੱਚ ਬਦਹਾਲੀ ਲਈ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀਆਂ ਦੀਆਂ ਮਾੜੀਆਂ ਨੀਤੀਆਂ ਕਾਰਨ ਸੂਬੇ ਦਾ ਕਿਸਾਨ ਅੱਜ ਮੰਦਹਾਲੀ ਦੀ ਕਗਾਰ ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਅਜਿਹੀਆਂ ਨੀਤੀਆਂ ਬਣਾਈਆਂ ਜਿਸ ਨਾਲ ਕਿਸਾਨੀ ਲਾਗਤਾਂ ਤਾਂ ਅਸਮਾਨ ਨੂੰ ਛੂਹ ਗਈਆਂ ਪਰ ਮੁਨਾਫ਼ਾ ਘਟਦਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਕਾਰਨ ਹੀ ਅੱਜ ਪੰਜਾਬ ਦਾ ਕਿਸਾਨ ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ ਹੈ।
ਆਮ ਆਦਮੀ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਹਿਕਾ ਕਿ ਇਹ ਛੁਰਲੀਬਾਜ਼ਾਂ ਦੀ ਪਾਰਟੀ ਹੈ ਜਿਨ੍ਹਾਂ ਦਾ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ‘ਤੇ ਆਪਣਾ ਚੋਣ ਨਿਸ਼ਾਨ ਛਪਵਾ ਕੇ ਅਤੇ ਚੋਣ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੋਈ ਸਰੋਕਾਰ ਨਹੀਂ ਹੈ।
ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੇ ਚੌਥੇ ਫਰੰਟ ‘ਤੇ ਵਰ੍ਹਦਿਆਂ ਸ. ਬਾਦਲ ਨੇ ਏਸ ਨੂੰ ਭਗੌੜੇ ਅਤੇ ਮੌਕਾਪ੍ਰਸਤ ਆਗੂਆਂ ਦਾ ਇੱਕ ਟੋਲਾ ਦੱਸਿਆ ਜ਼ੋ ਕਿ ਸਿਰਫ਼ ਸੱਤਾ ਦੀ ਪ੍ਰਾਪਤੀ ਲਈ ਜੁੜ ਬੈਠੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਕੋਈ ਵੀ ਵਿਚਾਰਧਾਰਾ ਹੀਂ ਹੈ ਅਤੇ ਇਹ ਨਾ ਤਾਂ ਪੰਜਾਬ ਅਤੇ ਨਾ ਹੀ ਪੰਜਾਬੀਅਤ ਪ੍ਰਤੀ ਵਫਾਦਾਰ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੀ ਮਾਂ ਪਾਰਟੀ ਪ੍ਰਤੀ ਵਫ਼ਾਦਾਰ ਨਹੀਂ ਹੁੰਦੇ ਉਹ ਕਦੇ ਵੀ ਸੂਬੇ ਪ੍ਰਤੀ ਵਫਾਦਾਰ ਨਹੀਂ ਹੋ ਸਕਦੇ।
ਸੰਗਤ ਦਰਸ਼ਨ ਪ੍ਰੋਗਰਾਮ ਦੀ ਮਹੱਤਤਾ ਨੁੰ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਸਰਕਾਰ ਨੂੰ ਲੋਕਾਂ ਦੇ ਦਰ ‘ਤੇ ਲੈ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਨਾ ਕੇਵਲ ਲੋਕਾਂ ਦੀਆਂ ਸਮੱਸਿਆਵਾਂ ਦਾ ਫੌਰੀ ਹੱਲ ਬਲਕਿ ਇਹ ਅਧਿਕਾਰੀਆਂ ਦੀ ਕਾਰਗੁਜ਼ਾਰੀ ਪਰਖਣ ਦੇ ਵਿੱਚ ਵੀ ਸਹਾਈ ਹੁੰਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਸਰਕਾਰ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਫੋਕੇ ਨਾਅਰਿਆਂ ਅਤੇ ਝੂਠੇ ਲਾਰਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਕਾਰਗੁਜਾਰੀ ਸਾਰਿਆਂ ਦੇ ਸਾਹਮਣੇ ਹੈ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਿਰਫ਼ ਸੁਪਨੇ ਵੇਚ ਰਹੇ ਹਨ। ਸ. ਬਾਦਲ ਨੇ ਆਸ ਪ੍ਰਗਟਾਈ ਕਿ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੱਲੋਂ ਕਰਵਾਏ ਗਏ ਬੇਮਿਸਾਲ ਵਿਕਾਸ ਕਾਰਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦਾ ਸਾਥ ਦੇਣਗੇ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਅਤੇ ਮੈਨੀਫੈਸਟੋ ਦਾ ਐਲਾਨ ਢੁਕਵੇਂ ਸਮੇਂ ‘ਤੇ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵਿਧਾਇਕ ਅਮਰਗੜ੍ਹ ਸ. ਇਕਬਾਲ ਸਿੰਘ ਝੂੰਦਾ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਪੰਜਾਬ ਸਰਕਾਰ ਵੱਲੋਂ ਹਲਕਾ ਅਮਰਗੜ੍ਹ ਵਿੱਚ ਵਿਆਪਕ ਪੱਧਰ ‘ਤੇ ਕਰਵਾਏ ਗਏ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ। ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਸ. ਬਾਦਲ ਵੱਲੋਂ ਵੱਖ ਵੱਖ ਜ਼ੋਨਾਂ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਵੰਡ ਵੀ ਕੀਤੀ ਗਈ।
ਇਸ ਦੌਰਾਨ ਵਿਧਾਇਕਾ ਮਲੇਰਕੋਟਲਾ ਬੀਬੀ ਫਰਜ਼ਾਨਾ ਆਲਮ, ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ, ਡੀ.ਆਈ.ਜੀ ਬਲਕਾਰ ਸਿੰਘ ਸਿੱਧੂ, ਮੰਡੀ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਰਵਿੰਦਰ ਸਿੰਘ ਚੀਮਾ, ਜ਼ਸਵੀਰ ਸਿੰਘ ਦਿਓਲ, ਭੁਪਿੰਦਰ ਸਿੰਘ ਭਲਵਾਨ ਅਤੇ ਜੈਪਾਲ ਸਿੰਘ ਮੰਡੀਆਂ ਮੈਂਬਰ ਐਸ.ਜੀ.ਪੀ.ਸੀ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇਜਾ ਸਿੰਘ ਕਮਾਲਪੁਰ, ਮਨਜਿੰਦਰ ਸਿੰਘ ਬਾਵਾ, ਜ਼ਸਵਿੰਦਰ ਦੱਦੀ, ਮਨਜਿੰਦਰ ਸਿੰਘ ਲਾਗੜੀਆਂ ਸਮੇਤ ਹੋਰ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਵੀ ਹਾਜਰ ਸਨ।

