ਪੰਜਾਬਪਟਿਆਲਾ

ਕਲਗੀਧਰ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਮਨਾਇਆ

ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾ ਸਤਿਕਾਰ ਭੇਂਟ

ਦੀਵਾਨ ਹਾਲ ਵਿਖੇ ਹਜ਼ੂਰੀ ਕੀਰਤਨੀ ਅਤੇ ਢਾਡੀ ਜੱਥੇ ਨੇ ਸੁਣਾਇਆ ਇਤਿਹਾਸ

ਗੁਰੂ ਸਾਹਿਬ ਦਾ ਸੰਘਰਸ਼ਮਈ ਜੀਵਨ ਪ੍ਰਮਾਤਮਾ ਦੇ ਭਾਣੇ ’ਚ ਰਹਿਣ ਦਾ ਪ੍ਰਤੀਕ : ਪ੍ਰੋ. ਬਡੂੰਗਰ

ਪਟਿਆਲਾ 27 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਗੁਰੂ ਘਰ ਨਤਮਸਤਕ ਹੋ ਕੇ ਮਨਾਇਆ ਗਿਆ। ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਮਾਤਾ ਗੁਜਰੀ ਜੀ ਸਮੇਤ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਵੀ ਨਮਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਹਜ਼ੂਰੀ ਕੀਰਤਨੀਆਂ ਅਤੇ ਢਾਡੀ ਕਵੀਸ਼ਰੀ ਜੱਥਿਆਂ ਨੇ ਇਤਿਹਾਸ ਸਰਵਣ ਕਰਕੇ ਸੰਗਤਾਂ ਨੂੰ ਮਹਾਨ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖ ੇਕਰਵਾਏ ਧਾਰਮਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮੁੱਖਵਾਕ ਭਾਈ ਭੁਪਿੰਦਰਪਾਲ ਸਿੰਘ ਅਤੇ ਹੈਡ ਗ੍ਰੰਥੀ ਭਾਈ ਹਰਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਮਾਗਮ ਦੌਰਾਨ ਉਚੇਚੇ ਤੌਰ ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜਿਥੇ ਸੰਗਤਾਂ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ, ਉਥੇ ਹੀ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਸ਼ਰਧਾ ਸਤਿਕਾਰ ਵੀ ਭੇਂਟ ਕੀਤਾ।

ਸੰਗਤਾਂ ਨੂੰ ਪ੍ਰੇਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਜਿਥੇ ਕੌਮ ਦਸ਼ੇਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਦੁਨੀਆ ਭਰ ਵਿਚ ਮਨਾ ਰਹੀ, ਉਥੇ ਹੀ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਤਿਕਾਰ ਭੇਂਟ ਕਰਨ ਲਈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ’ਤੇ ਸਿਜਦਾ ਹੋ ਰਹੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਦਸਮੇਸ਼ ਪਿਤਾ ਦਾ ਸਮੁੱਚਾ ਜੀਵਨ ਜੰਗਾਂ ਯੁੱਧਾਂ ਵਾਲਾ ਅਤੇ ਸੰਘਰਸ਼ਮਈ ਰਿਹਾ, ਉਥੇ ਹੀ ਪ੍ਰਮਾਤਮਾ ਦੇ ਬਾਣੇ ’ਚ ਰਹਿ ਕੇ ਗੁਰਬਾਣੀ ਦੀ ਰਚਨਾ, ਖਾਲਸਾ ਪੰਥ ਦਾ ਸਾਜਣਾ ਵਰਗਾ ਫਲਸਫਾ ਦੇਣਾ ਦੱਸਦਾ ਹੈ ਕਿ ਗੁਰੂ ਸਾਹਿਬ ਨੇ ਸਮੁੱਚੀ ਲੋਕਾਈ ਨੂੰ ‘ਆਪੇ ਗੁਰੂ ਚੇਲਾ’ ਦਾ ਨਿਵੇਕਲਾ ਸਿਧਾਂਤ ਦਿੱਤਾ ਅਤੇ ਮਾਨਵਤਾ ਦੇ ਕਲਿਆਣੇ ਉਦੇਸ਼ ਹਿੱਤ ਸਮਾਜ ਨੂੰ ਨਿਆਰੀ ਅਤੇ ਨਿਰਾਲੀ ਪਹਿਚਾਣ ਦਿੱਤੀ ਅਤੇ ਧਰਮ, ਜਾਤ, ਨਸਲ ਅਤੇ ਇਲਾਕਾਬਾਦ ਤੋਂ ਉਪਰ ਉਠ ਕੇ ਬਾਣੀ ਦੇ ਫਲਸਫੇ ਨਾਲ ਬਰਾਬਰੀ ਦਾ ਅਧਿਕਾਰ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਸਮਾਜਕ ਕਦਰਾਂ ਕੀਮਤਾਂ ਲਈ ਸਮੁੱਚਾ ਪਰਿਵਾਰ ਪੰਥ ਤੋਂ ਨਿਛਾਵਰ ਕੀਤਾ, ਜੋ ਮਿਸਾਲੀ ਹੈ। ਗੁਰਮਤਿ ਸਮਾਗਮ ਦੌਰਾਨ ਪੁੱਜੀਆਂ ਸਖਸ਼ੀਅਤਾਂ ਅਤੇ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਨੇ ਧੰਨਵਾਦ ਕੀਤਾ, ਜੋ ਅਕਸਰ ਗੁਰੂ ਘਰ ਹੁੰਦੇ ਸਮਾਗਮਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਮਨਦੀਪ ਸਿੰਘ ਭਲਵਾਨ, ਮੀਤ ਮੈਨੇਜਰ ਜਸਵਿੰਦਰ ਸਿੰਘ ਬਿੱਲਾ, ਅਕਾਊਟੈਂਟ ਗੁਰਮੀਤ ਸਿੰਘ, ਭਾਈ ਹਜੂਰੀ ਸਿੰਘ, ਗੁਰਪਿਆਰ ਸਿੰਘ ਜੌਹਰ, ਪ੍ਰਚਾਰਕ ਜਸਵੀਰ ਸਿੰਘ, ਭਾਈ ਗੁਲਵਿੰਦਰ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ, ਅਧਿਕਾਰੀ ਤੇ ਸੰਗਤਾਂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *