ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਨੇਪਾਲ ’ਚ ਫਿਰਕੂ ਤਣਾਅ : ਭਾਰਤੀ ਸਰਹੱਦ ਨਾਲ ਲੱਗਦੇ ਇਲਾਕਿਆਂ ’ਚ ਹਿੰਸਾ

ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ

ਕਾਠਮੰਡੂ 4 ਜਨਵਰੀ (ਮਧੂਸਾਰ ਬਿਊਰੋ) ਦੱਖਣੀ ਨੇਪਾਲ ਵਿੱਚ ਭਾਰਤੀ ਸਰਹੱਦ ਦੇ ਨੇੜੇ ਸਥਿਤ ਦੋ ਕਸਬਿਆਂ ਵਿੱਚ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਇਤਰਾਜ਼ਯੋਗ ਧਾਰਮਿਕ ਸਮੱਗਰੀ ਪੋਸਟ ਕੀਤੇ ਜਾਣ ਤੋਂ ਬਾਅਦ ਤਣਾਅ ਹਿੰਸਕ ਰੂਪ ਧਾਰਨ ਕਰ ਗਿਆ ਹੈ। ਭਾਰਤ ਦੇ ਰਕਸੌਲ ਨਾਲ ਲੱਗਦੇ ਪਰਸਾ ਜ਼ਿਲ੍ਹੇ ਦੇ ਬੀਰਗੰਜ ਵਿੱਚ ਐਤਵਾਰ ਨੂੰ ਸਥਿਤੀ ਉਸ ਸਮੇਂ ਵਿਗੜ ਗਈ ਜਦੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਧਨੁਸ਼ਾ ਜ਼ਿਲ੍ਹੇ ਵਿੱਚ ਇੱਕ ਮਸਜਿਦ ਦੀ ਭੰਨ-ਤੋੜ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ।

ਪੁਲੀਸ ਅਨੁਸਾਰ, ਜਦੋਂ ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜ ਕੇ ਸੜਕਾਂ ਜਾਮ ਕੀਤੀਆਂ ਅਤੇ ਪੁਲਿਸ ਥਾਣੇ ’ਤੇ ਪਥਰਾਅ ਕੀਤਾ, ਤਾਂ ਭੀੜ ਨੂੰ ਖਿੰਡਾਉਣ ਲਈ ਅੱਧਾ ਦਰਜਨ ਦੇ ਕਰੀਬ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਹਿੰਸਾ ਵਿੱਚ ਸੱਤ ਪੁਲਿਸ ਮੁਲਾਜ਼ਮ ਮਾਮੂਲੀ ਜ਼ਖ਼ਮੀ ਹੋਏ ਹਨ। ਇਸ ਮਾਮਲੇ ਦੀ ਸ਼ੁਰੂਆਤ ਧਨੁਸ਼ਾ ਜ਼ਿਲ੍ਹੇ ਵਿੱਚ ਇੱਕ ਟਿਕਟੌਕ ਵੀਡੀਓ ਤੋਂ ਹੋਈ ਸੀ, ਜਿਸ ਤੋਂ ਬਾਅਦ ਕੁਝ ਸ਼ਰਾਰਤੀ ਅਨਸਰਾਂ ਨੇ ਇੱਕ ਮਸਜਿਦ ਨੂੰ ਨਿਸ਼ਾਨਾ ਬਣਾਇਆ। ਪੁਲੀਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪਰਸਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਭੋਲਾ ਦਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਕਿਸੇ ਵੀ ਗਤੀਵਿਧੀ ਤੋਂ ਦੂਰ ਰਹਿਣ ਜਿਸ ਨਾਲ ਸਮਾਜਿਕ ਸਾਂਝ ਖ਼ਰਾਬ ਹੁੰਦੀ ਹੋਵੇ। ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਫੇਸਬੁੱਕ, ਟਿਕਟੌਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *