ਪੰਜਾਬ

ਪਠਾਨਕੋਟ-ਦਿੱਲੀ ਰੇਲ ਗੱਡੀ ਦਾ ਦੀਨਾਨਗਰ ‘ਚ ਸਟਾਪੇਜ਼ ਰਹੇਗਾ ਜਾਰੀ

ਵਿਧਾਇਕਾ ਅਰੁਣਾ ਚੌਧਰੀ ਦੀ ਕੋਸ਼ਿਸ਼ ਮੁੜ ਲਿਆਈ ਰੰਗ
ਗੁਰਦਾਸਪੁਰ, (ਸਰਬਜੀਤ ਸਾਗਰ)
ਇਸ ਹਲਕੇ ਤੋਂ ਕਾਂਗਰਸ ਦੀ ਵਿਧਾਇਕਾ ਅਰੁਣਾ ਚੌਧਰੀ ਦੇ ਅਣਥਕ ਯਤਨ ਇੱਕ ਵਾਰ ਮੁੜ ਰੰਗ ਲਿਆਏ ਹਨ ਅਤੇ ਰੇਲਵੇ ਵਿਭਾਗ ਵੱਲੋਂ ਪਠਾਨਕੋਟ-ਦਿੱਲੀ ਰੇਲਗੱਡੀ ਨੂੰ ਦੀਨਾਨਗਰ ਸਟੇਸ਼ਨ ‘ਤੇ ਇੱਕ ਮਿੰਟ ਲਈ ਰੁਕਣ ਦੀ ਅਸਥਾਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸਦਾ ਸਟਾਪੇਜ਼ ਸਮਾਂ-ਹੱਦ ਖ਼ਤਮ ਹੋਣ ਕਾਰਨ 17 ਸਤੰਬਰ ਨੂੰ ਸਮਾਪਤ ਹੋ ਗਿਆ ਸੀ।
ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵੱਲੋਂ ਦੀਨਾਨਗਰ ਤੋਂ ਦਿੱਲੀ ਵੱਲ ਨੂੰ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਕਰੀਬ 6 ਮਹੀਨੇ ਪਹਿਲਾਂ ਇਸ ਰੇਲਗੱਡੀ ਦਾ ਸਟਾਪੇਜ਼ ਦੀਨਾਨਗਰ ਸਟੇਸ਼ਨ ‘ਤੇ ਕਰਨ ਦੀ ਲਿਖਤੀ ਮਨਜ਼ੂਰੀ ਦਿੱਤੀ ਗਈ ਸੀ। ਇਹ ਗੱਡੀ 6 ਮਹੀਨੇ ਲਈ ਟ੍ਰਾਇਲ ‘ਤੇ ਚਲਾਈ ਗਈ ਸੀ ਅਤੇ ਅਗਲੇਰੀ ਮਨਜ਼ੂਰੀ ਨਾ ਮਿਲਣ ਕਾਰਨ ਇਹ ਕੱਲ੍ਹ 17 ਸਤੰਬਰ ਤੋਂ ਦੀਨਾਨਗਰ ਸਟੇਸ਼ਨ ‘ਤੇ ਰੁਕਣੀ ਬੰਦ ਹੋ ਗਈ ਸੀ। ਵਿਧਾਇਕਾ ਅਰੁਣਾ ਚੌਧਰੀ ਵੱਲੋਂ ਗੱਡੀ ਦੇ ਸਟਾਪੇਜ਼ ਨੂੰ ਸਥਾਈ ਨਾ ਕਰਨ ਦੀ ਸੂਰਤ ਵਿੱਚ 10 ਦਿਨ ਪਹਿਲਾਂ ਹੀ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਈਮੇਲ ਕਰਕੇ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਸਟਾਪੇਜ਼ ਸਥਾਈ ਕਰਨ ਦੀ ਮੰਗ ਕੀਤੀ ਗਈ। ਮੰਤਰੀ ਵੱਲੋਂ ਧਿਆਨ ਨਾ ਦੇਣ ‘ਤੇ ਵਿਧਾਇਕਾ ਵੱਲੋਂ ਇੱਕ ਦਿਨ ਪਹਿਲਾਂ ਦੁਬਾਰਾ ਉਨ੍ਹਾਂ ਨੂੰ ਈਮੇਲ ਕਰਕੇ ਚੇਤੇ ਕਰਵਾਇਆ ਗਿਆ। ਜਿਸ ਮਗਰੋਂ ਕੇਂਦਰੀ ਮੰਤਰੀ ਵੱਲੋਂ ਵਿਧਾਇਕਾ ਨੂੰ ਜਵਾਬ ਭੇਜ ਕੇ ਜਾਣੂੰ ਕਰਵਾਇਆ ਗਿਆ ਕਿ ਉਨ੍ਹਾਂ ਨੇ ਮਾਮਲਾ ਕੇਂਦਰੀ ਐਡਵਾਈਜ਼ਰ/ਕੋਚਿੰਗ ਬੋਰਡ ਨੂੰ ਕਾਰਵਾਈ ਹਿੱਤ ਭੇਜ ਦਿੱਤਾ ਗਿਆ ਹੈ। ਲੇਕਿਨ ਇਸਦੇ ਬਾਵਜੂਦ ਜਦੋਂ ਟਰੇਨ ਦੇ ਸਟਾਪੇਜ਼ ਸਬੰਧੀ ਮੌਕੇ ‘ਤੇ ਕੋਈ ਐਕਸ਼ਨ ਹੁੰਦਾ ਨਾ ਦਿੱਸਿਆ ਤਾਂ ਸਮਾਂ-ਹੱਦ ਮੁੱਕਣ ਦੀ ਚਿੰਤਾ ਤਹਿਤ ਆਖ਼ਰੀ ਦਿਨ ਵਿਧਾਇਕਾ ਵੱਲੋਂ ਮਸਲੇ ਨੂੰ ਹੋਰ ਗੰਭੀਰਤਾ ਨਾਲ ਉਠਾਉਂਦਿਆਂ ਅਗਲੇ ਹੁਕਮਾਂ ਤੱਕ ਟਰੇਨ ਦੀ ਅਸਥਾਈ ਸਟਾਪੇਜ਼ ਦੀ ਮੰਗ ਕੇਂਦਰੀ ਮੰਤਰੀ ਕੋਲ ਕੀਤੀ ਗਈ। ਜਿਸਨੂੰ ਮਨਜ਼ੂਰ ਕਰਦਿਆਂ ਵਿਭਾਗ ਦੇ ਡੀਆਰਐਮ ਫ਼ਿਰੋਜ਼ਪੁਰ ਵੱਲੋਂ ਅੱਜ ਦੀਨਾਨਗਰ ਦੇ ਸਟੇਸ਼ਨ ਸੁਪਰੀਡੈਂਟ ਨੂੰ ਅਗਲੇ ਹੁਕਮਾਂ ਤੱਕ ਰੇਲਗੱਡੀ ਨੂੰ ਇੱਕ ਮਿੰਟ ਲਈ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਵਿਧਾਇਕਾ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਉਨ੍ਹਾਂ ਦੀਆਂ ਅਣਥਕ ਕੋਸ਼ਿਸ਼ਾਂ ਦਾ ਨਤੀਜਾ ਹੈ ਅਤੇ ਬਹੁਤ ਜਲਦ ਟਰੇਨ ਦੇ ਪੱਕੇ ਸਟਾਪੇਜ਼ ਦੀ ਮਨਜ਼ੂਰੀ ਵੀ ਲੈ ਦਿੱਤੀ ਜਾਵੇਗੀ।
ਲਾਹਾ ਖੱਟਣ ਲਈ ਭਾਜਪਾ ਨੇ ਕੀਤਾ ਡਰਾਮਾ
ਟਰੇਨ ਦਾ ਸਟਾਪੇਜ਼ ਮੁੜ ਤੋਂ ਹੋਣ ਦਾ ਸਿਹਰਾ ਆਪਣੇ ਸਿਰ ਬੰਨਣ ਦੇ ਮਕਸਦ ਨਾਲ ਭਾਜਪਾ ਵੱਲੋਂ ਅੱਜ ਸਵੇਰੇ ਰੇਲਵੇ ਸਟੇਸ਼ਨ ‘ਤੇ ਬਿਨ੍ਹਾਂ ਸਿਰ ਪੈਰ ਦਾ ਡਰਾਮਾ ਕੀਤਾ ਗਿਆ। ਜਾਣਕਾਰੀ ਅਨੁਸਾਰ ਲਗਪਗ ਦੋ ਦਰਜਨ ਦੇ ਕਰੀਬ ਭਾਜਪਾ ਦੇ ਸਥਾਨਕ ਆਗੂ ਸਵੇਰੇ 7 ਵਜੇ ਦੇ ਕਰੀਬ ਰੇਲਵੇ ਸਟੇਸ਼ਨ ‘ਤੇ ਪਹੁੰਚ ਗਏ ਅਤੇ ਕੁਝ ਦੇਰ ਬਾਅਦ ਦੀਨਾਨਗਰ ਸਟੇਸ਼ਨ ‘ਤੇ ਪੁੱਜੀ ਪਠਾਨਕੋਟ-ਦਿੱਲੀ ਰੇਲਗੱਡੀ ਦੇ ਅੱਗੇ ਖੜ੍ਹੇ ਹੋ ਗਏ। ਅਣਹੋਣੀ ਘਟਨਾ ਦੇ ਮੱਦੇਨਜ਼ਰ ਭਾਰੀ ਪੁਲੀਸ ਫੋਰਸ ਵੀ ਮੌਕੇ ‘ਤੇ ਪਹੁੰਚੀ ਹੋਈ ਸੀ। ਇਸ ਮੌਕੇ ਭਾਜਪਾ ਆਗੂਆਂ ਨੇ ਟਰੇਨ ਦੇ ਸਟਾਪੇਜ਼ ਸਬੰਧੀ ਨਾ ਤਾਂ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਅਤੇ ਨਾ ਹੀ ਸਥਾਈ ਸਟਾਪੇਜ਼ ਕੀਤੇ ਜਾਣ ਸਬੰਧੀ ਕੋਈ ਮੰਗ ਪੱਤਰ ਰੇਲਵੇ ਅਧਿਕਾਰੀਆਂ ਨੂੰ ਦਿੱਤਾ ਗਿਆ। ਪੱਤਰਕਾਰਾਂ ਵੱਲੋਂ ਜਦੋਂ ਇਸ ਬਾਰੇ ਭਾਜਪਾ ਆਗੂਆਂ ਨੂੰ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਅਤੇ ਇਹ ਕਹਿ ਕੇ ਪੱਲਾ ਛੁਡਾ ਗਏ ਕਿ ਅਸੀਂ ਜ਼ਿਲ੍ਹਾ ਆਗੂਆਂ ਨੂੰ ਦੱਸ ਦਿੱਤਾ ਹੈ ਅਤੇ ਉਨ੍ਹਾਂ ਨੇ ਅੱਗੋਂ ਰੇਲਵੇ ਵਿਭਾਗ ਨਾਲ ਗੱਡੀ ਦੇ ਸਟਾਪੇਜ਼ ਬਾਰੇ ਗੱਲ ਕਰ ਲਈ ਹੈ। ਉੱਧਰ ਦੂਜੇ ਪਾਸੇ ਵਿਧਾਇਕਾ ਅਰੁਣਾ ਚੌਧਰੀ ਨੇ ਭਾਜਪਾ ਆਗੂਆਂ ਦੇ ਟਰੇਨ ਅੱਗੇ ਖੜ੍ਹੇ ਹੋਣ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਟਰੇਨਾਂ ਅੱਗੇ ਖੜ੍ਹੇ ਹੋ ਕੇ ਰੋਸ ਜਤਾਉਣ ਨਾਲ ਗੱਡੀਆਂ ਦੀ ਪੱਕੀ ਮਨਜ਼ੂਰੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਭਾਜਪਾ ਆਗੂ ਇਹ ਜਾਣ ਚੁੱਕੇ ਸਨ ਕਿ ਕਾਂਗਰਸੀ ਵਿਧਾਇਕਾ ਦੇ ਯਤਨਾਂ ਨਾਲ ਟਰੇਨ ਦਾ ਸਟਾਪੇਜ਼ ਪਹਿਲਾਂ ਵਾਂਗ ਹੀ ਜਾਰੀ ਰਹਿਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਲਈ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਣ ਦੇ ਮੰਤਵ ਤਹਿਤ ਭਾਜਪਾ ਵੱਲੋਂ ਇਹ ਨਾਟਕ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਟਰੇਨ ਦੇ ਸਟਾਪੇਜ਼ ਸਬੰਧੀ ਸਾਰੇ ਦਸਤਾਵੇਜ਼ ਤੇ ਕੇਂਦਰੀ ਰੇਲ ਮੰਤਰੀ ਦੀ ਚਿੱਠੀ ਉਨ੍ਹਾਂ ਕੋਲ ਮੌਜੂਦ ਹੈ ਜਦਕਿ ਭਾਜਪਾ ਆਗੂਆਂ ਕੋਲ ਅਜਿਹਾ ਇੱਕ ਵੀ ਸਬੂਤ ਨਹੀਂ ਹੈ। ਜਿਸ ਤੋਂ ਸਾਬਤ ਹੋ ਸਕੇ ਕਿ ਟਰੇਨ ਉਨ੍ਹਾਂ ਰੁਕਵਾਈ ਹੈ।

Leave a Reply

Your email address will not be published. Required fields are marked *