India ਅਤੇ Malaysia ਵਿਚਾਲੇ ਇਤਿਹਾਸਕ ਸਮਝੌਤੇ : ਸੈਮੀ-ਕੰਡਕਟਰ ਅਤੇ ਡਿਜੀਟਲ ਪੇਮੈਂਟ ਖੇਤਰ ਵਿੱਚ ਵਧੇਗਾ ਸਹਿਯੋਗ
ਪ੍ਰਧਾਨ ਮੰਤਰੀ ਮੋਦੀ ਦੀ ਮਲੇਸ਼ੀਆ ਫੇਰੀ: ਨਵਾਂ ਕੌਂਸਲੇਟਜਨਰਲ ਖੋਲ੍ਹਣ ਅਤੇ ਸਥਾਨਕ ਕਰੰਸੀ ਵਿੱਚ ਵਪਾਰ ਦਾ ਐਲਾਨ
ਨਵੀਂ ਦਿੱਲੀ 8 ਫਰਵਰੀ (ਮਧੂਸਾਰ ਬਿਊਰੋ) ਭਾਰਤ ਅਤੇ ਮਲੇਸ਼ੀਆ ਨੇ ਸੈਮੀ-ਕੰਡਕਟਰ ਬਣਾਉਣ ਅਤੇ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਸੁਖਾਲਾ ਬਣਾਉਣ ਲਈ ਅਹਿਮ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾਤੋ ਸੇਰੀ ਅਨਵਰ ਇਬਰਾਹਿਮ ਵਿਚਾਲੇ ਹੋਈ ਦੁਵੱਲੀ ਬੈਠਕ ਦੌਰਾਨ ਦੋਵਾਂ ਦੇਸ਼ਾਂ ਨੇ ਅਤਿਵਾਦ ਦੇ ਹਰ ਰੂਪ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਮੋਦੀ ਨੇ ਕਿਹਾ ਕਿ ਭਾਰਤ ਮਲੇਸ਼ੀਆ ਨਾਲ ਆਪਣੇ ਸਬੰਧਾਂ ਨੂੰ ਇੱਕ ਨਵੀਂ ਉਚਾਈ ’ਤੇ ਲਿਜਾਣਾ ਚਾਹੁੰਦਾ ਹੈ। ਭਾਰਤ ਨੇ ਮਲੇਸ਼ੀਆ ਵਿੱਚ ਇੱਕ ਨਵਾਂ ‘ਕੌਂਸਲੇਟ ਜਨਰਲ’ ਖੋਲ੍ਹਣ ਅਤੇ ਕੁਆਲਾਲੰਪੁਰ ਦੀ ਯੂਨੀਵਰਸਿਟੀ ਵਿੱਚ ‘ਤਿਰੂਵੱਲੂਵਰ ਕੇਂਦਰ’ ਸਥਾਪਤ ਕਰਨ ਦਾ ਵੀ ਐਲਾਨ ਕੀਤਾ।
ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ NP39 ਅਤੇ ਮਲੇਸ਼ੀਆ ਦੇ PayNet ਵਿਚਾਲੇ ਸਮਝੌਤਾ ਹੋਇਆ ਹੈ, ਜਿਸ ਨਾਲ ਸੈਲਾਨੀਆਂ ਅਤੇ ਛੋਟੇ ਕਾਰੋਬਾਰੀਆਂ ਲਈ ਪੈਸੇ ਦਾ ਲੈਣ-ਦੇਣ ਸਸਤਾ ਅਤੇ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ, ਦੋਵੇਂ ਦੇਸ਼ ਹੁਣ ਡਾਲਰ ਦੀ ਬਜਾਏ ਭਾਰਤੀ ਰੁਪਏ ਅਤੇ ਮਲੇਸ਼ੀਅਨ ਰਿੰਗਿਟ (Ringgit) ਵਿੱਚ ਵਪਾਰ ਕਰਨ ਨੂੰ ਉਤਸ਼ਾਹਿਤ ਕਰਨਗੇ।
ਸੈਮੀ-ਕੰਡਕਟਰ ਦੇ ਖੇਤਰ ਵਿੱਚ ਮਲੇਸ਼ੀਆ ਦੁਨੀਆ ਦਾ ਵੱਡਾ ਖਿਡਾਰੀ ਹੈ ਅਤੇ ਭਾਰਤ ਨਾਲ ਹੋਇਆ ਇਹ ਸਮਝੌਤਾ ਤਕਨੀਕੀ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਖੋਲ੍ਹੇਗਾ। ਰੱਖਿਆ ਖੇਤਰ ਵਿੱਚ ਵੀ ਭਾਰਤੀ ਡੋਰਨੀਅਰ ਜਹਾਜ਼ਾਂ ਦੀ ਵਿਕਰੀ ਅਤੇ ਸੁਖੋਈ-30 ਲੜਾਕੂ ਜਹਾਜ਼ਾਂ ਦੀ ਸਾਂਭ-ਸੰਭਾਲ ਬਾਰੇ ਅਹਿਮ ਚਰਚਾ ਕੀਤੀ ਗਈ।

