ਭਾਜਪਾ ਨੇ ਰਾਜ ਸਭਾ ਉਮੀਦਵਾਰਾਂ ਦਾ ਐਲਾਨ, ਕੌਮੀ ਪ੍ਰਧਾਨ ਨੂੰ ਬਿਹਾਰ ਤੋਂ ਦਿੱਤੀ ਟਿਕਟ
ਨਵੀਂ ਦਿੱਲੀ/ਪਟਨਾ 3 ਮਾਰਚ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜ ਸਭਾ ਚੋਣਾਂ 2026 ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 10 ਸੂਬਿਆਂ ਦੀਆਂ 37 ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ਲਈ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਬਿਹਾਰ ਤੋਂ ਦੋ ਉਮੀਦਵਾਰਾਂ ਨਿਤਿਨ ਨਵੀਨ ਅਤੇ ਸ਼ਿਵੇਸ਼ ਕੁਮਾਰ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
ਇਸ ਸੂਚੀ ਵਿੱਚ ਬਿਹਾਰ, ਹਰਿਆਣਾ, ਅਸਾਮ ਅਤੇ ਪੱਛਮੀ ਬੰਗਾਲ ਸਮੇਤ ਕਈ ਅਹਿਮ ਸੂਬਿਆਂ ਦੇ ਆਗੂਆਂ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਦੀ ਇਸ ਸੂਚੀ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਵੱਲੋਂ ਵੀ ਆਪਣੇ ਪੱਤੇ ਖੋਲ੍ਹੇ ਜਾਣ ਦੀ ਉਮੀਦ ਹੈ, ਜਿਸ ਨਾਲ ਚੋਣ ਮੈਦਾਨ ਹੋਰ ਵੀ ਭਖ ਗਿਆ ਹੈ।
ਰਾਜ ਸਭਾ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਹੁਣ ਆਪਣੇ ਆਖਰੀ ਪੜਾਅ ’ਤੇ ਹੈ। 3 ਅਤੇ 4 ਮਾਰਚ ਨੂੰ ਹੋਲੀ ਦੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਦਾ ਕੰਮ ਬੰਦ ਰਿਹਾ। ਹੁਣ ਉਮੀਦਵਾਰਾਂ ਕੋਲ ਪਰਚੇ ਦਾਖਲ ਕਰਨ ਲਈ ਸਿਰਫ਼ 5 ਮਾਰਚ (ਵੀਰਵਾਰ) ਦਾ ਦਿਨ ਬਾਕੀ ਬਚਿਆ ਹੈ। ਦੱਸ ਦੇਈਏ ਕਿ ਇਨ੍ਹਾਂ 37 ਸੀਟਾਂ ’ਤੇ 16 ਮਾਰਚ ਨੂੰ ਵੋਟਾਂ ਪੈਣਗੀਆਂ। ਬਿਹਾਰ ਦੀਆਂ 5 ਰਾਜ ਸਭਾ ਸੀਟਾਂ ਲਈ ਐੱਨ.ਡੀ.ਏ. (N41) ਅਤੇ ਆਰ.ਜੇ.ਡੀ. (RJ4) ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਅਪ੍ਰੈਲ ਵਿੱਚ ਬਿਹਾਰ ਦੇ ਜਿਨ੍ਹਾਂ 5 ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਉਨ੍ਹਾਂ ਵਿੱਚ ਹਰਿਵੰਸ਼ ਨਾਰਾਇਣ ਸਿੰਘ (ਰਾਜ ਸਭਾ ਦੇ ਉਪ ਸਭਾਪਤੀ – ਜੇਡੀਯੂ), ਰਾਮਨਾਥ ਠਾਕੁਰ (ਕੇਂਦਰੀ ਮੰਤਰੀ – ਜੇਡੀਯੂ), ਪ੍ਰੇਮਚੰਦਰ ਗੁਪਤਾ (ਆਰ.ਜੇ.ਡੀ.), ਅਮਰੇਂਦਰ ਧਾਰੀ ਸਿੰਘ (ਆਰ.ਜੇ.ਡੀ.), ਉਪੇਂਦਰ ਕੁਸ਼ਵਾਹਾ (ਆਰ.ਐੱਲ.ਐੱਮ.) ਵਰਗੇ ਵੱਡੇ ਨਾਮ ਸ਼ਾਮਲ ਹਨ।

