ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 100 ਫ਼ੀਸਦੀ ਆਨ ਲਾਈਨ ਵੋਟ ਬਣਾਉਣ ਦਾ ਟੀਚਾ ਹੋਵੇਗਾ ਹਾਸਿਲ: ਮੁੱਖ ਚੋਣ ਅਫ਼ਸਰ
ਪੰਜਾਬੀ ਯੂਨੀਵਰਸਿਟੀ ਨੇ ਵੋਟਰਾਂ ਦੇ ਸੁਭਾਅ, ਆਦਤਾਂ ਤੇ ਰਵੱਈਏ ਬਾਰੇ ਸਰਵੇਖਣ ਕਰ ਚੋਣ ਕਮਿਸ਼ਨ ਨੂੰ ਸੌਂਪਿਆ
ਚੋਣਾਂ ‘ਚ ਐਨ ਆਰ ਆਈ ਵੋਟਰਾਂ, ਫ਼ੌਜੀਆਂ ਅਤੇ ਬਾਹਰ ਡਿਊਟੀ ਕਰ ਰਹੇ ਸਰਵਿਸ ਵੋਟਰਾਂ ਨੂੰ ਆਨ ਲਾਈਨ ਬੈਲਟ ਪੇਪਰ: ਵੀ ਕੇ ਸਿੰਘ
ਪਟਿਆਲਾ, 21 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ‘ਚ ਹੋਣ ਵਾਲਿਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਆਨ ਲਾਈਨ ਵੋਟ ਬਣਾਉਣ ਦਾ ਟੀਚਾ 100 ਫ਼ੀਸਦੀ ਹਾਸਿਲ ਕਰ ਲਿਆ ਜਾਵੇਗਾ।
ਇਹ ਐਲਾਨ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਵੀ ਕੇ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤਾ ਹੈ। ਵਿਦਿਆਰਥੀਆਂ ਨੂੰ ਵੋਟਰ ਬਣਾਉਣ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਅਸੀਂ ਕੇਰਲਾ ਰਾਜ ਦੀ ਤਰਾਂ 100 ਫ਼ੀਸਦੀ ਆਨ ਲਾਈਨ ਵੋਟ ਬਣਾਉਣ ਦੀ ਪ੍ਰਕ੍ਰਿਆ ਵਲ ਤੇਜ਼ੀ ਨਾਲ ਵੱਧ ਰਹੇ ਹਾਂ, ਅਤੇ ਇਹ ਕੰਮ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਫ਼ਿਲਹਾਲ ਲੋਕਾਂ ਦੀ ਸੁਵਿਧਾ ਨੂੰ ਵੇਖਦੇ ਹੋਏ ਬੀ ਐਲ ਓ ਰਾਹੀਂ ਵੋਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਆਨ ਲਾਈਨ ਰਜਿਸਟਰੇਸ਼ਨ ਵੀ ਕਰਵਾਈ ਜਾ ਸਕਦੀ ਹੈ। ਜਿਸ ਤੋਂ ਬਾਅਦ ਬੀ ਐਲ ਓ ਘਰ ਆ ਕੇ ਵੋਟ ਬਣਾ ਦਿੰਦਾ ਹੈ।
ਵਿਦਿਆਰਥੀਆਂ ਵੱਲੋਂ ਆਨ ਲਾਈਨ ਵੋਟਿੰਗ ਦੀ ਸੁਵਿਧਾ ‘ਤੇ ਪੁੱਛੇ ਗਏ ਸਵਾਲ ‘ਤੇ ਸ੍ਰੀ ਵੀ ਕੇ ਸਿੰਘ ਨੇ ਦੱਸਿਆ ਕਿ ਅਸੀਂ ਸੈਮੀ ਆਨ ਲਾਈਨ ਸਿਸਟਮ ਤਾਂ ਲਾਗੂ ਕਰਨ ਜਾ ਰਹੇ ਹਾਂ। ਜਿਸ ਤਹਿਤ ਪੰਜਾਬ ‘ਚ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬਾਹਰ ਦੇ ਮੁਲਕਾਂ ‘ਚ ਵੱਸਦੇ ਐਨ ਆਰ ਆਈ ਵੋਟਰਾਂ, ਸਿਆਚਿਨ, ਅਰੁਣਾਚਲ ਪ੍ਰਦੇਸ਼ ਵਰਗੇ ਦੂਰ ਦੁਰਾਡੇ ਥਾਵਾਂ ਤੇ ਰਹਿ ਰਹੇ ਫ਼ੌਜੀਆਂ ਅਤੇ ਆਪਣੇ ਹਲਕੇ ਤੋਂ ਬਾਹਰ ਡਿਊਟੀ ਕਰ ਰਹੇ ਸਰਵਿਸ ਵੋਟਰਾਂ ਨੂੰ ਆਨ ਲਾਈਨ ਬੈਲਟ ਪੇਪਰ ਜ਼ਰੂਰ ਪੂਜਦੇ ਕਰਨ ਜਾ ਰਹੇ ਹਾਂ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਇੰਪੈਕਟ ਅਸੈਸਮੈਂਟ ਵੱਲੋਂ ਵੋਟਰਾਂ ਦੇ ਗਿਆਨ, ਸੁਭਾਅ, ਆਦਤਾਂ ਤੇ ਰਵੱਈਏ ਬਾਰੇ ਕਰਵਾਇਆ ਗਿਆ ਸਰਵੇਖਣ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਚੋਣ ਕਮਿਸ਼ਨ ਨੂੰ ਸੌਂਪਿਆ ਗਿਆ। ਪੰਜਾਬ ਦੇ ਮਾਝਾ, ਦੋਆਬਾ ਅਤੇ ਮਾਲਵਾ ਨੂੰ ਦੇ ਹਿੱਸਿਆਂ ‘ਚ ਵੰਡਦੇ ਹੋਈ 20 ਵਿਧਾਨ ਸਭਾ ਹਲਕਿਆਂ ਸਰਵੇਖਣ ਕੀਤਾ ਹੈ। ਇੱਕ ਰਿਜ਼ਰਵ, ਇੱਕ-ਇੱਕ ਸ਼ਹਿਰੀ ‘ਤੇ ਦਿਹਾਤੀ ਅਤੇ ਇੱਕ-ਇੱਕ ਸਭ ਤੋਂ ਘੱਟ ‘ਤੇ ਸਭ ਤੋਂ ਵੱਧ ਵੋਟਾਂ ਪਾਉਣ ਵਾਲੇ ਹਲਕੇ ਲਏ ਗਏ। ਹਰ ਹਲਕੇ ਚੋਂ 200 ਵੋਟਰਾਂ ਨਾਲ ਗੱਲ ਬਾਤ ਕੀਤੀ ਗਈ ਹੈ।
ਉਕਤ ਸਰਵੇਖਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਵੀ ਕੇ ਸਿੰਘ ਨੇ ਕਿਹਾ ਕਿ ਇਹ ਸਰਵੇ ਉਹ ਪਹਿਲਾਂ ਦੀ ਤਰਾਂ ਕਿਸੇ ਪ੍ਰਾਈਵੇਟ ਕੰਪਨੀ ਤੋਂ ਵੀ ਕਰਵਾ ਸਕਦੇ ਸੀ, ਪਰ ਯੂਨੀਵਰਸਿਟੀ ਦੇ ਭੁਧਿਜੀਵੀਆਂ ਅਤੇ ਵਿਦਿਆਰਥੀਆਂ ਦੀ ਸੇਵਾ ਲੈਣ ਨਾਲ ਦੁਹਰਾ ਫ਼ਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਇਸ ਸਰਵੇ ‘ਚ ਕੁੱਝ ਗੱਲਾਂ ਨਕਾਰਾਤਮਿਕ ਵੀ ਹਨ, ਜਿਨ੍ਹਾਂ ‘ਤੇ ਕੰਮ ਕਰਨ ਦੀ ਲੋੜ ਹੈ ਅਤੇ ਕੀਤਾ ਵੀ ਜਾਵੇਗਾ।
ਸ੍ਰੀ ਵੀ ਕੇ ਸਿੰਘ ਨੇ ਕਿਹਾ ਕਿ ਸਾਡਾ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੀਆਂ ਵੋਟਾਂ ਬਣਨ ਅਤੇ ਕੋਈ ਵੀ ਵੋਟਰ ਵੋਟ ਦੇਣ ਤੋਂ ਵਾਂਝਾ ਨਾ ਰਹੇ। ਉਨਾਂ ਕਿਹਾ ਕਿ ਹਰ ਵੋਟ ਕੀਮਤੀ ਹੈ ਰਾਜਸਥਾਨ ਦੇ ਸੀ ਪੀ ਜੋਸ਼ੀ ਦਾ ਹਵਾਲਾ ਦੇ ਦੀਆਂ ਉਨਾਂ ਕਿਹਾ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਇੱਕ ਵੋਟ ਤੋਂ ਚੋਣ ਹਾਰ ਗਿਆ। ਕਿਉਂਕਿ ਉਸ ਨੇ, ਉਸ ਦੇ ਮੁੰਡੇ ‘ਤੇ ਨੂੰਹ ਨੇ ਵੋਟ ਨਹੀਂ ਪਾਈ ਸੀ।
ਦੂਜੇ ਪਾਸੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਕੱਚੇ ਅਡਰੈਸ ਵਾਲੇ ਕਿਰਾਏਦਾਰ ਅਤੇ ਬਿਨਾ ਕਿਸੇ ਪਤੇ ਤੋਂ ਰਹਿ ਰਹੇ ਭਿਖਾਰੀਆਂ ਦੀਆਂ ਵੀ ਵੋਟਾਂ ਬਣਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸ਼ਹਿਰੀ ਇਲਾਕਿਆਂ ‘ਚ ਭੀੜ ਕਰ ਕੇ ਲੋਕੀ ਵੋਟ ਪਾਣ ਨਹੀਂ ਜਾਂਦੇ, ਅਜਿਹੇ ਲੋਕਾਂ ਲਈ ਇੱਕ ਮੋਬਾਈਲ ਐਪਲੀਕੇਸ਼ਨ ਡਿਜ਼ਾਈਨ ਕੀਤਾ ਗਿਆ ਹੈ, ਜਿਹੜਾ ਦੱਸੇਗਾ ਕਿ ਪੋਲਿੰਗ ਬੂਥ ਤੇ ਕਿੰਨੀ ਭੀੜ ਹੈ।
ਇੱਕ ਹੋਰ ਸਵਾਲ ਦੇ ਜਵਾਬ ‘ਚ ਉਨਾਂ ਕਿਹਾ ਕਿ ਬਹੁਤ ਪਹਿਲਾਂ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਣ ਦੀਆਂ ਖ਼ਬਰਾਂ ਆਉਂਦੀਆਂ ਸਨ ਤੇ ਕਤਲ ਵੀ ਹੁੰਦੇ ਸਨ, ਪਰ ਹੁਣ ਇਸ ਤੇ ਕੰਟਰੋਲ ਕਰ ਲਿਆ ਗਿਆ ਹੈ। ਫੇਰ ਵੀ ਕਈ ਤਰਾਂ ਦੀਆਂ ਕੋਝੀਆਂ ਹਰਕਤਾਂ ਹੁੰਦੀਆਂ ਹਨ। ਇੰਨਾ ਨੂੰ ਰੋਕਣ ਲਈ ਹਰ ਬੰਦੇ ਨੂੰ ਅੱਗੇ ਆਉਣਾ ਪਵੇਗਾ। ਖ਼ਾਸ ਤੋਰ ‘ਤੇ ਨੌਜਵਾਨਾਂ ਨੂੰ ਉਨਾਂ ਕਿਹਾ ਕਿ ਅਜਿਹਾ ਸਾਫ਼ਟਵੇਅਰ ਹੁਣ ਚੋਣ ਕਮਿਸ਼ਨ ਵਰਤਣ ਜਾ ਰਿਹਾ ਹੈ ਜਿਸ ਨਾਲ ਜੇਕਰ ਕੋਈ ਵਿਅਕਤੀ ਸਬੂਤਾਂ ਨਾਲ ਆਨ ਲਾਈਨ ਸ਼ਿਕਾਇਤ ਕਰਦਾ ਹੈ, ਤਾਂ ਉਸ ਦੀ ਪਹਿਚਾਣ ਗੁਪਤ ਰਹੇਗੀ ਅਤੇ ਕਾਰਵਾਈ ਵੀ ਤੁਰੰਤ ਹੋਵੇਗੀ।
ਇਸੇ ਸਮਾਰੋਹ ‘ਚ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਰਾਮ ਵੀਰ ਸਿੰਘ ਨੇ ਵਿਦਿਆਰਥੀਆਂ ਸਾਹਮਣੇ ‘ਸਵੀਪ’ ਦੀ ਪ੍ਰੇਜ਼ੇਂਟੇਸ਼ਨ ਦਿੱਤੀ ਅਤੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਸਾਰੇ ਕਾਲਜਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਇੱਕ-ਇੱਕ ਘੰਟੇ ਦੀ ਅਸੈਂਬਲੀ ਕੀਤੀ ਗਈ ਹੈ। ਜਿਸ ਨਾਲ 18 ਤੋਂ 19 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਵੋਟਰ ਬਣਾਉਣ ਲਈ ਪ੍ਰੇਰਿਆ ਜਾ ਰਿਹਾ ਹੈ, ਨੌਜਵਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਸਮਾਜਿਕ ਅਤੇ ਕਾਨੂੰਨੀ ਅਧਿਕਾਰ ਹੀ ਮਿਲੇ ਹਨ ਅਤੇ ਉਹ ਇਹ ਦੋਵਾਂ ਦੀ ਹੀ ਵਰਤੋਂ ਕਰ ਸਕਦੇ ਹਨ। ਜੇਕਰ ਉਹ ਵੋਟ ਬਣਵਾਉਂਦੇ ਹਨ ਤਾਂ ਉਨ੍ਹਾਂ ਕੋਲ ਰਾਜਨੀਤਿਕ ਅਧਿਕਾਰ ਵੀ ਆ ਜਾਵੇਗਾ। ਨੌਜਵਾਨਾਂ ਨੂੰ ਵੋਟ ਬਣਵਾਉਣ ਲਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੋਟਰ ਫ਼ੋਟੋ ਪਹਿਚਾਣ ਪੱਤਰ ਇੱਕ ਤਰ੍ਹਾਂ ਦਾ ਸਰਕਾਰੀ ਪਹਿਚਾਣ ਪੱਤਰ ਅਤੇ ਅਡਰੈਸ ਪਰੂਫ਼ ਹੈ ਅਤੇ ਨੌਜਵਾਨ ਹੁਣ ਬਾਲਗ ਹੋ ਗਿਆ ਹੈ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਜਿੱਥੇ ਆਪਣੇ ਅਨੁਭਵ ਸਾਂਝੇ ਕੀਤੇ ਉੱਥੇ ਹੀ ਦੱਸਿਆ ਕਿ ਸਾਡਾ ਲੋਕਤੰਤਰ 5 ਹਜ਼ਾਰ ਸਾਲ ਪੁਰਾਣਾ ਹੈ ਭਾਵੇਂ ਇਹ ਕਿਸੇ ਵੀ ਰੂਪ ‘ਚ ਰਿਹਾ ਹੋਵੇ ਇਸ ਵਿੱਚ ਲਗਾਤਾਰ ਸੋਧ ਹੋ ਰਹੀ ਹੈ ਉਨਾਂ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ‘ਚ ਜਿੰਨੀ ਪੁਲਿਸ ਸਾਡੇ ਲਾਈ ਜਾਂਦੀ ਹੀ ਉਨ੍ਹੀ ਤਾਂ ਕਈ ਮੁਲਕਾਂ ਦੀ ਆਬਾਦੀ ਵੀ ਨਹੀਂ ਦੁਨੀਆ ਦੇ ਸਭ ਤੋਂ ਉੱਚੇ ‘ਤੇ ਨੀਵੇਂ ਸਥਾਨ ‘ਤੇ ਪੋਲਿੰਗ ਬੂਥ ਹਨ
ਇਸ ਮੌਕੇ ਐਸ ਡੀ ਐਮ ਸ੍ਰੀ ਹਰਪ੍ਰੀਤ ਸਿੰਘ ਸੂਦਨ, ਆਈ ਏ ਐਸ ਸੰਦੀਪ ਕੁਮਾਰ, ਐਸ ਡੀ ਐਮ ਪਟਿਆਲਾ ਸ੍ਰੀਮਤੀ ਪੂਜਾ ਸਿਆਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਨੀਤਾ ਪ੍ਰੀਤ ਕੌਰ, ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਸ਼ਾਇਨਾ ਕਪੂਰ ਅਤੇ ਡੀ ਟੀ ਓ ਪ੍ਰਿਤਪਾਲ ਸਿੰਘ ਥਿੰਦ, ਚੋਣ ਤਹਿਸੀਲਦਾਰ ਸ੍ਰੀ ਹਰਦੇਵ ਸਿੰਘ ਵੀ ਮੌਜੂਦ ਸਨ।

