ਸਾਬਕਾ ਵਿਧਾਇਕ ਅਤੇ ਕਾਂਗਰਸੀ ਐਮ ਪੀ ਚਰਨਜੀਤ ਸਿੰਘ ਚੰਨੀ ਹੋਏ ‘ਆਪ’ ਵਿਚ ਸ਼ਾਮਲ
ਚੰਡੀਗੜ੍ਹ (ਮਧੂਸਾਰ ਬਿਊਰੋ)
ਚੰਡੀਗੜ ਵਿਖੇ ਸਾਬਕਾ ਕਾਂਗਰਸੀ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ( ਆਪ ) ਵਿਚ ਰਸਮੀ ਤੌਰ ‘ਤੇ ਸ਼ਾਮਲ ਹੋਏ ।
ਇਸ ਮੌਕੇ ਲੀਗਲ ਸੈਲ ਦੇ ਮੁਖੀ ਹਿਮਤ ਸਿੰਘ ਸ਼ੇਰਗਿਲ ਨੇ ਚਰਨਜੀਤ ਸਿੰਘ ਚੰਨੀ ਦਾ ਆਮ ਆਦਮੀ ਪਾਰਟੀ ਵਿਚ ਸੁਆਗਤ ਕਰਦਿਆ ਕਿਹਾ ਕਿ ਉਹਨਾਂ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ, ਅਤੇ ਅਜਿਹੇ ਇਮਾਨਦਾਰ ਲੋਕਾਂ ਦੀ ਪਾਰਟੀ ਨੂੰ ਹਮੇਸ਼ਾ ਲੋੜ ਹੁੰਦੀ ਹੈ । ਸ਼ੇਰਗਿਲ ਨੇ ਕਿਹਾ ਕਿ ਪਾਰਟੀ ਵਿਚ ਉਹਨਾਂ ਦੇ ਆਉਣ ਨਾਲ 2017 ਵਿਧਾਨਸਭਾ ਚੋਣਾਂ ਦੀ ਜਿਤ ਲਈ ਆਮ ਆਦਮੀ ਪਾਰਟੀ ਇਕ ਕਦਮ ਹੋਰ ਅੱਗੇ ਵਧੀ ਹੈ।
ਪੱਤਰਕਾਰਾ ਨਾਲ ਗੱਲਬਾਤ ਕਰਦਿਆ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਪੰਜਾਬ ਦੇ ਵੱਡੇ ਹਿੱਤਾਂ ਲਈ ਪਾਰਟੀ ਦੀ ਮਜ਼ਬੂਤੀ ਲਈ ਕਾਰਜ ਕਰਨਗੇ ।
ਇਸ ਮੌਕੇ ਚੰਨੀ ਨੇ ਦੱਸਿਆ ਕਿ ਉਹ ਸਾਲ 1997 ਵਿਚ ਨਵਾਂ ਸ਼ਹਿਰ ਵਿਧਾਨਸਭਾ ਹਲਕੇ ਤੋਂ ਆਜ਼ਾਦ ਵਿਧਾਇਕ ਚੁਣੇ ਗਏ ਅਤੇ ਸਾਲ 1999 ਵਿਚ ਹੁਸ਼ਿਆਰਪੁਰ ਤੋਂ ਉਹ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜ ਕੇ ਲੋਕ ਸਭਾ ਮੈਂਬਰ ਬਣੇ । ਆਪਣੇ ਸਾਫ –ਸੁਥਰੇ ਅਤੇ ਇਮਾਨਦਾਰ ਅਕਸ ਲਈ ਜਾਣੇ ਜਾਂਦੇ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਮੈਂਬਰ ਰਹਿੰਦਿਆ 14 ਕਰੋੜ ਐਮਪੀ ਲੈਡ ਹਲਕੇ ‘ਚ ਲਗਾਉਣ ਦਾ ਰਿਕਾਰਡ ਵੀ ਦਰਜ ਹੈ । ਚੰਨੀ ਦੇ ਪਿਤਾ ਸ. ਦਿਲਬਾਗ ਸਿੰਘ 7 ਵਾਰ ਵਿਧਾਨਸਭਾ ਮੈਂਬਰ ਰਹੇ ਅਤੇ ਉਹਨਾਂ ਦਾ ਸਿਆਸੀ ਜੀਵਨ ਬਿਨਾਂ ਕਿਸੇ ਵਿਵਾਦ ਤੋਂ ਬੀਤਿਆ ।

