ਪੰਜਾਬਪਟਿਆਲਾ

ਆਮ ਖਾਸ ਬਾਗ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਖਰਚੇ ਜਾਣਗੇ 17 ਕਰੋੜ ਰੁਪਏ : ਨਾਗਰਾ

ਫ਼ਤਹਿਗੜ੍ਹ ਸਾਹਿਬ, 10 ਮਈ (ਮਧੂਸਾਰ ਬਿਊਰੋ) ਫ਼ਤਹਿਗੜ੍ਹ ਸਾਹਿਬ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਦੇ ਮੰਤਵ ਨਾਲ ਪੰਜਾਬ ਟੂਰਿਜ਼ਮ ਤੇ ਸਭਿਆਚਾਰਕ ਮਾਮਲਿਆਂ ਦੇ ਸਕੱਤਰ ਸ਼੍ਰੀ ਵਿਕਾਸ ਪ੍ਰਤਾਪ ਅਤੇ ਡਾਇਰੈਕਟਰ ਸ਼੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਨਾਲ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਤੇ ਫਲੋਟਿੰਗ ਰੈਸਟੋਰੈਂਟ ਦਾ ਦੌਰਾ ਕੀਤਾ ਅਤੇ ਇਨ੍ਹਾਂ ਯਾਦਗਾਰਾਂ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੂੰ ਯੋਜਨਾਂ ਬਣਾਉਣ ਲਈ ਕਿਹਾ।

ਇਸ ਮੌਕੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਵਿਧਾਇਕ ਸ. ਨਾਗਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਤਹਿਗੜ੍ਹ ਸਾਹਿਬ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਇਹ ਜ਼ਿਲ੍ਹਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਸਕੇ। ਉਨ੍ਹਾਂ ਦੱਸਿਆ ਕਿ ਆਮ ਖਾਸ ਬਾਗ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ 17 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ ਜਿਸ ਵਿੱਚੋਂ 5 ਕਰੋੜ ਰੁਪਏ ਖਰਚ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੀ ਰਕਮ ਵੀ ਛੇਤੀ ਹੀ ਖਰਚ ਕੇ ਆਮ ਖਾਸ ਬਾਗ ਨੂੰ ਪੁਰਾਤਨ ਦਿੱਖ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਮ ਖਾਸ ਬਾਗ ਨੂੰ ਜਿਥੇ ਪੁਰਾਤਨ ਦਿੱਖ ਪ੍ਰਦਾਨ ਕੀਤੀ ਜਾਵੇਗੀ ਉਥੇ ਹੀ ਇਥੇ ਸੈਲਾਨੀਆਂ ਦੀ ਖਿੱਚ ਲਈ ਫੁਆਰੇ ਚਲਾਏ ਜਾਣਗੇ ਅਤੇ ਮੌਲਸਰੀ ਰੈਸਟੋਰੈਂਟ ਨੂੰ ਵੀ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ।
ਸ. ਨਾਗਰਾ ਨੇ ਦੱਸਿਆ ਕਿ ਇਸ ਸਕੀਮ ਦੇ ਦੂਜੇ ਪੜਾਅ ਅਧੀਨ ਵੱਖ-ਵੱਖ ਹੋਰ ਪੁਰਾਤਨ ਇਮਾਰਤਾਂ ਜਿਵੇਂ ਕਿ ਸਧਨੇ ਕਸਾਈ ਦੀ ਮਸੀਤ, ਜਹਾਜੀ ਹਵੇਲੀ, ਬਾਬਾ ਮੋਤੀ ਰਾਮ ਮਹਿਰਾ ਯਾਦਗਾਰ, ਉਸਤਾਦ ਤੇ ਸ਼ਗਿਰਦ ਦੀ ਯਾਦਗਾਰ ਤੇ ਸੁਬਹਾਨ ਬੀਬੀ ਦੀ ਮਜਾਰ ਸਮੇਤ ਸਾਰੀਆਂ ਪੁਰਾਤਨ ਇਮਾਰਤਾਂ ਨੂੰ ਪੁਰਾਣੀ ਦਿੱਖ ਪ੍ਰਦਾਨ ਕੀਤੀ ਜਾਵੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਆਮ ਖਾਸ ਬਾਗ ਵਿਖੇ ਸਥਿਤ ਮੌਲਸਰੀ ਰੈਸਟੋਰੈਂਟ ਵਿੱਚ ਸੈਲਾਨੀਆਂ ਲਈ ਇੱਕ ਦਸਤਕਾਰੀ ਨਾਲ ਸਬੰਧਤ ਸਮਾਨ ਰੱਖਣ ਲਈ ਵੱਖਰਾ ਕਾਊਂਟਰ ਬਣਾਇਆ ਜਾਵੇਗਾ ਜਿਥੋਂ ਕਿ ਸੈਲਾਨੀ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਫੁਲਕਾਰੀਆਂ, ਬਾਗ਼ ਅਤੇ ਹੋਰ ਸਮਾਨ ਲੈ ਸਕਣਗੀਆਂ। ਉਨ੍ਹਾਂ ਆਖਿਆ ਕਿ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਦੇ ਵਿਕਾਸ ਵੱਲ ਪਿਛਲੇ 10 ਸਾਲਾਂ ਵਿੱਚ ਆਪਣੇ ਆਪ ਨੂੰ ਪੰਥਕ ਆਗੂ ਕਹਾਉਣ ਵਾਲੇ ਅਕਾਲੀਆਂ ਨੇ ਕੁਝ ਨਹੀਂ ਕੀਤਾ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਰਕਾਰ ਬਣਦੇ ਸਾਰ ਹੀ ਇਸ ਧਰਤੀ ਦੇ ਵਿਕਾਸ ਲਈ ਕਈ ਵੱਡੇ ਪ੍ਰੋਜੈਕਟ ਪਾਸ ਕੀਤੇ।
ਇਸ ਮੌਕੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਨੇ ਫਲੋਟਿੰਗ ਰੈਸਟੋਰੈਂਟ ਦੇ ਨੇੜੇ ਬਣੇ ਡੰਪ ਨੂੰ ਉਥੋਂ ਹਟਾਉਣ ਦੀ ਗੱਲ ਕਹੀ ਤਾਂ ਵਿਧਾਇਕ ਨਾਗਰਾ ਨੇ ਦੱਸਿਆ ਕਿ ਫਲੋਟਿੰਗ ਰੈਸਟੋਰੈਂਟ ਵਿੱਚ ਜਿਥੇ ਦੇਸ਼ ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ ਉਥੇ ਹੀ ਇਥੇ ਭਾਰਤ-ਪਾਕਿਸਤਾਨ ਲਈ ਚੱਲਦੀ ਸਦਾ-ਏ-ਸਰਹੱਦ ਬੱਸ ਵੀ ਰੁਕਦੀ ਹੈ ਅਤੇ ਇਸ ਡੰਪ ਕਾਰਨ ਉਨ੍ਹਾਂ ‘ਤੇ ਇਸ ਜਗ੍ਹਾ ਦਾ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫਲੋਟਿੰਗ ਰੈਸਟੋਰੈਂਟ ਕੋਲ ਨਜਾਇਜ਼ ਢੰਗ ਨਾਲ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ ਜਿਸ ਨੂੰ ਕਿ ਛੇਤੀ ਹੀ ਚੁਕਵਾਇਆ ਜਾਵੇਗਾ ਤਾਂ ਜੋ ਇਸ ਰੈਸਟੋਰੈਂਟ ਵਿੱਚ ਆਉਣ ਵਾਲੇ ਸੈਲਾਨੀ ਇਸ ਧਰਤੀ ਸਬੰਧੀ ਇੱਕ ਚੰਗਾ ਪ੍ਰਭਾਵ ਲੈ ਕੇ ਜਾਣ।

Leave a Reply

Your email address will not be published. Required fields are marked *