ਪ੍ਰਵਾਸੀ ਮਜਦੂਰਾਂ ਦੇ 25498 ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਉਣ ਲਈ ਤਿੰਨ ਰੋਜ਼ਾ ਵਿਸ਼ੇਸ਼ ਮੁਹਿੰਮ 25 ਤੋਂ 27 ਤੱਕ
ਪਟਿਆਲਾ, 22 ਸਤੰਬਰ (ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹੇ ਵਿੱਚ ਪ੍ਰਵਾਸੀ ਮਜਦੂਰਾਂ ਦੇ ਤਕਰੀਬਨ 25498 ਬੱਚਿਆਂ ਨੂੰ ਪੋਲੀਓ ਮੁਹਿੰਮ ਤਹਿਤ ਦਵਾਈ ਦੀਆਂ ਬੂੰਦਾਂ ਪਿਲਾਉਣ ਲਈ 25 ਸਤੰਬਰ ਤੋਂ 27 ਸਤੰਬਰ ਤੱਕ ਤਿੰਨ ਰੋਜ਼ਾ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ
ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ 152 ਦੇ ਕਰੀਬ ਇੱਟਾਂ ਦੇ ਭੱਠਿਆਂ ਅਤੇ 38494 ਦੇ ਕਰੀਬ ਝੁੱਗੀ ਝੌਂਪੜੀਆਂ ਅਤੇ ਘਰਾਂ ਵਿੱਚ 186 ਟੀਮਾਂ ਵੱਲੋਂ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕਰਨ ਲਈ ਮਿੰਨੀ ਸਕੱਤਰੇਤ ਵਿਖੇ ਹੋਈਆਂ ਮੀਟਿੰਗਾਂ ਦੌਰਾਨ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਮੋਹਿੰਰਪਾਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਪ੍ਰਵਾਸੀ ਮਜਦੂਰਾਂ ਦੀ ਰਿਹਾਇਸ਼ ਵਾਲੇ 302 ਸਥਾਨਾਂ ਨੂੰ ਨਾਜੁਕ ਘੋਸ਼ਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ 25 ਤੋਂ 27 ਸਤੰਬਰ ਤੱਕ ਇਨ੍ਹਾਂ ਥਾਵਾਂ ‘ਤੇ 174 ਟੀਮਾਂ ਘਰ-ਘਰ ਜਾ ਕੇ ਬੱਚਿਆਂ ਨੂੰ ਦਵਾਈ ਪਿਲਾਉਣਗੀਆਂ ਅਤੇ 12 ਮੁਬਾਇਲ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਸ਼੍ਰੀ ਮੋਹਿੰਦਰਪਾਲ ਨੇ ਦੱਸਿਆ ਕਿ ਇਹ ਸਾਰੀਆਂ ਟੀਮਾਂ ਇੱਟਾਂ ਦੇ ਭੱਠਿਆਂ, ਝੁੱਗੀਆਂ ਝੌਂਪੜੀਆਂ, ਫੈਕਟਰੀਆਂ, ਉਸਾਰੀਆਂ ਵਾਲੀਆਂ ਥਾਵਾਂ ਆਦਿ ਵਿੱਚ ਬੱਚਿਆਂ ਨੂੰ ਪੋਲੀਓ ਦੀ ਦਵਾਈ ਦੀਆਂ ਬੂੰਦਾਂ ਪਿਲਾਉਣਗੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਸ਼ਟਰੀ ਪਲਸ ਪੋਲੀਓ ਕੈਂਪ 29 ਜਨਵਰੀ ਨੂੰ ਲਗਾਏ ਜਾਣਗੇ। ਉਹਨਾਂ ਪ੍ਰਵਾਸੀ ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ 25 ਤੋਂ 27 ਸਤੰਬਰ ਤੱਕ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਉਹਨਾਂ ਨੂੰ ਪੋਲੀਓ ਤੋਂ ਰੋਕਥਾਮ ਵਾਲੀ ਦਵਾਈ ਦੀਆਂ ਬੂੰਦਾਂ ਜ਼ਰੂਰ ਪਿਲਾਉਣ। ਉਹਨਾਂ ਜ਼ਿਲ੍ਹਾ ਨਿਵਾਸੀਆਂ ਖਾਸ ਕਰ ਦਫ਼ਤਰਾਂ , ਵਿਦਿਆਕ ਅਦਾਰਿਆਂ ਆਦਿ ਨੂੰ ਵੀ ਅਪੀਲ ਕੀਤੀ ਕਿ ਮਾਰੂ ਬਿਮਾਰੀ ਡੇਂਗੂ ਦੀ ਰੋਕਥਾਮ ਲਈ ਹਰੇਕ ਸ਼ੁਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਵੇ। ਇਸ ਦਿਨ ਕੂਲਰਾਂ ਆਦਿ ਦੀ ਮੁਕੰਮਲ ਸਫ਼ਾਈ ਕੀਤੀ ਜਾਵੇ । ਉਹਨਾਂ ਮਿਊਂਸਪਲ ਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਸ਼ੇਸ਼ ਦਸਤਿਆਂ ਰਾਹੀਂ ਘਰਾਂ, ਦੁਕਾਨਾਂ ਤੇ ਵਪਾਰਕ ਅਦਾਰਿਆਂ ਦੀ ਚੈਕਿੰਗ ਕੀਤੀ ਜਾਵੇ ਅਤੇ ਜਿੱਥੇ ਖੜ੍ਹੇ ਪਾਣੀ ਵਿੱਚ ਮੱਛਰ ਦਾ ਲਾਰਵਾ ਪਾਇਆ ਜਾਂਦਾ ਹੈ ਉਹਨਾਂ ਦੇ ਚਲਾਣ ਕੱਟੇ ਜਾਣ।
ਮੀਟਿੰਗ ‘ਚ ਐਸ.ਡੀ.ਐਮ. ਪਟਿਆਲਾ ਸ਼੍ਰੀਮਤੀ ਪੂਜਾ ਸਿਆਲ, ਸਹਾਇਕ ਕਮਿਸ਼ਨਰ ਜਨਰਲ ਡਾ: ਸਿਮਰਪ੍ਰੀਤ ਕੌਰ,ਐਸ.ਡੀ.ਐਮ. ਨਾਭਾ ਮਿਸ ਜਸਨਪ੍ਰੀਤ ਕੌਰ ਗਿੱਲ, ਐਸ.ਡੀ.ਐਮ. ਪਾਤੜਾ ਸ਼੍ਰੀ ਗੁਰਿੰਦਰਪਾਲ ਸਿੰਘ ਸਹੋਤਾ, ਸਿਵਲ ਸਰਜਨ ਡਾ: ਸੁਬੋਧ ਗੁਪਤਾ, ਸਹਾਇਕ ਸਿਵਲ ਸਰਜਨ ਡਾ: ਹਰੀਸ਼ ਮਲਹੋਤਰਾ, ਜ਼ਿਲ੍ਹਾ ਸਿਹਤ ਅਫ਼ਸਰ ਡਾ: ਤਰਸੇਮ ਖੁਰਾਣਾ, ਸਹਾਇਕ ਸਿਹਤ ਅਫ਼ਸਰ ਡਾ: ਮਲਕੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਕ੍ਰਿਸ਼ਨ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

