ਚੰਡੀਗੜ੍ਹਜਲੰਧਰਪੰਜਾਬ

ਸਰਕਾਰਾਂ ਬਿਨ੍ਹਾਂ ਸ਼ਰਤ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ:- 26 ਮਾਰਚ (ਮਧੂਸਾਰ ਬਿਊਰੋ) ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਸਰਕਾਰਾਂ ਦੀ ਬੇਇਨਸਾਫੀ ਤੇ ਤਾਨਾਸ਼ਾਹੀ ਦੇ ਸ਼ਿਕਾਰ ਹੋਏ ਖਾਲਸਾ ਪੰਥ ਦੇ ਸੂਰਬੀਰ ਸਿੰਘ ਜੋ ਆਪਣੀਆਂ ਸਜਾਵਾਂ ਵੀ ਕਾਨੂੰਨੀ ਪੱਧਰ ਤੇ ਪੂਰੀਆਂ ਕਰ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਬੰਦੀ ਬਣਾ ਕੇ ਰੱਖੇ ਹੋਏ ਹਨ। ਕੇਂਦਰ ਅਤੇ ਵੱਖ-ਵੱਖ ਪ੍ਰਾਤਾਂ ਨਾਲ ਸਬੰਧਤ ਸਰਕਾਰਾਂ ਨੂੰ ਬਿਨ੍ਹਾਂ ਸ਼ਰਤ ਇਨ੍ਹਾਂ ਬੰਦੀ ਸਿੰਘਾਂ ਨੂੰ ਸ਼ੀਘਰ ਰਿਹਾਅ ਕਰਨਾ ਚਾਹੀਦਾ ਹੈ। ਦੇਰ ਨਾਲ ਮਿਲਿਆ ਇਨਸਾਫ ਵੀ ਬੇਇਨਸਾਫੀ ਹੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਅਨੇਕਾਂ ਸਿੰਘਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ ਹਨ, ਉਹ ਕਈ ਦਹਾਕਿਆਂ ਤੋਂ ਇਨਸਾਫ ਲਈ ਲੜਦੇ, ਮੁਕੱਦਮਿਆਂ ਦੀ ਮੱਦਾਂ ਨੂੰ ਝੂਠੀਆਂ ਸਾਬਤ ਕਰਦਿਆਂ ਜੇਹਲਾਂ ਵਿਚ ਸਜ਼ਾ ਜਾਬਤਾ ਸਮਾਂ ਵੀ ਪੂਰਾ ਕਰ ਚੁੱਕੇ ਹਨ, ਪਰ ਸਰਕਾਰਾਂ ਦੀ ਘੋਰ ਬੇਵਫਾਈ ਕਿ ਉਨ੍ਹਾਂ ਨੂੰ ਅੱਜ ਵੀ ਰਿਹਾਈ ਨਹੀਂ ਮਿਲੀ। ਸਰਕਾਰਾਂ ਜਮਹੂਰੀਅਤ ਦਾ ਦਾਅਵਾ ਕਰਦੀਆਂ ਅਸਲ ਵਿੱਚ ਉਹ ਆਪ ਹੀ ਲੋਕਤੰਤਰੀ ਢਾਂਚੇ ਦਾ ਗਲਾ ਘੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਉਪਰ ਭਾਰਤੀ ਫੌਜ ਤੇ ਉਸ ਵੇਲੇ ਦੀ ਹਕੂਮਤ ਵੱਲੋਂ ਕੀਤਾ ਗਏ ਹਮਲੇ ਦੀ ਚੀਸ ਅਜੇ ਵੀ ਸਿੱਖ ਸਮਾਜ ਨੂੰ ਸੋਣ ਨਹੀਂ ਦੇਂਦੀ। ਉਨ੍ਹਾਂ ਕਿਹਾ ਕਿ ਦੇਸ਼ ਪੰਜਾਬ ਅੰਦਰ ਹਲਾਤ ਸਾਂਤੀ ਪੂਰਨ ਰੱਖਣ ਲਈ ਸਾਰੇ ਬੇਕਸੂਰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਪਿਛਲੇ ਇਤਿਹਾਸ ਤੋਂ ਵੀ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਸਰਕਾਰਾਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ।

Leave a Reply

Your email address will not be published. Required fields are marked *