ਅਧਿਆਪਕਾਂ ਨੇ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਦਿੱਤਾ ਧਰਨਾ
ਪਟਿਆਲਾ 22 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ ਦੀ ਪਟਿਆਲਾ ਫਤਿਹਗੜ੍ਹ ਸਾਹਿਬ ਇਕਾਈ ਨਾਲ ਸਬੰਧਤ ਅਧਿਆਪਕਾਂ ਵਲੋਂ ਨਹਿਰੂ ਪਾਰਕ ਪਟਿਆਲਾ ਵਿਖੇ ਜਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਜਿਸ ਵਿੱਚ ਲਟਕ ਰਹੀਆਂ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਤੇ ਸਰਕਾਰ ਦੀ ਨਿਖੇਧੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਇਕਾਈ ਦੇ ਪ੍ਰਧਾਨ ਡਾ. ਸੁਮਿਤ ਨੇ ਕਿਹਾ ਕਿ ਗੈਰ ਸਹਾਇਤਾ ਪ੍ਰਾਪਤ ਅਧਿਆਪਕਾਂ ਦੀ ਸੁਰੱਖਿਅਤ ਐਕਟ ਨੂੰ ਲਾਗੂ ਕਰਨ, ਰਿਫਰੈਸ਼ਰ ਕੋਰਸ ਦੀ ਸ਼ਰਤ ਨੂੰ ਜਰੂਰੀ ਨਾ ਕਰਨ ਦੀ ਪ੍ਰਵਾਨਗੀ, ਮੈਡੀਕਲ ਤੇ ਮਕਾਨ ਭੱਤੇ ਦੀ ਕਟੌਤੀ ਵਾਪਸ ਕਰਨ, ਕੰੰਟਰੈਕਟ ਅਸਾਮੀਆਂ ਨੂੰ ਪੱਕਾ ਕਰਨ, ਪੈਨਸ਼ਨ ਸਕੀਮ ਲਾਗੂ ਕਰਨ, ਏ.ਪੀ.ਆਈ ਸਕੋਰ ਖ਼ਤਮ ਕਰਨ ਆਦਿ ਸਾਡੀਆਂ ਮੰਗਾਂ ਨੂੰ ਸਰਕਾਰ ਵੱਲੋਂ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ। ਇਕਾਈ ਦੀ ਸਕੱਤਰ ਡਾ. ਅਰਵਿੰਦਰ ਕੌਰ ਕਾਕੜਾ ਨੇ ਸਰਕਾਰ ਦੀ ਇਨ੍ਹਾਂ ਮੰਗਾਂ ਪ੍ਰਤੀ ਅਣਗਹਿਲੀ ਨੂੰ ਸਿੱਖਿਆ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਕਾਲਜ ਅਧਿਆਪਕ, ਨਾਨ-ਅਧਿਆਪਨ ਕਰਮਚਾਰੀ, ਤੇ ਵਿਦਿਆਰਥੀਆਂ ਦੀ ਸਾਂਝੇ ਤੌਰ ਤੇ ਮੁਹਿੰਮ ਛੇੜਨ ਦੀ ਲੋੜ ਹੈ ਤਾਂ ਕਿ ਸਿਖਿਆ ਮਾਰੂ ਨੀਤੀਆਂ ਦਾ ਵਿਰੋਧ ਤਿੱਖਾ ਕਰਨ ਵਾਸਤੇ ਸੰਘਰਸ਼ ਲਈ ਅੱਗੇ ਆਇਆ ਜਾਵੇ। ਪ੍ਰੋਫ: ਰਾਜ਼ੀਵ ਸ਼ਰਮਾ ਨੇ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੂੰ ਜ਼ੋਰਦਾਰ ਆਵਾਜ ਵਿੱਚ ਉਠਾਉਣ ਦਾ ਹੁਣ ਮੌਕਾ ਹੈ। ਪ੍ਰੋਫ: ਗਣੇਸ਼ ਸੇਠੀ ਨੇ ਸਰਕਾਰ ਦੀ ਸਿੱਖਿਆ ਨੀਤੀ ਪ੍ਰਤੀ ਅਣਗਹਿਲੀ ਨੂੰ ਕਈ ਪੱਖਾਂ ਤੋਂ ਉਭਾਰਿਆ। ਡਾ. ਨੀਰਜ ਗੋਇਲ ਨੇ ਕਿਹਾ ਕਿ ਅਧਿਆਪਕਾਂ ਨੂੰ ਸਰਕਾਰ ਦੇ ਇਸ ਵਤੀਰੇ ਪ੍ਰਤੀ ਜਾਗ੍ਰਿਤ ਹੋਣ ਸਮਾਂ ਆ ਗਿਆ ਹੈ। ਮੈਡਮ ਸਤਨਾਮ ਕੌਰ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੀਆਂ ਸਾਰੀਆਂ ਇਕਾਈਆਂ ਨੂੰ ਮਜਬੂਤ ਕਰਨ ਦੀ ਲੋੜ ਹੈ ਤਾਂ ਕਿ ਸਫ਼ਲ ਹੋ ਸਕੀਏ। ਇਸ ਧਰਨੇ ਵਿੱਚ ਮੋਦੀ ਕਾਲਜ ਪਟਿਆਲਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਖਾਲਸਾ ਕਾਲਜ ਪਟਿਆਲਾ ਤੇ ਬਹੁਤ ਸਾਰੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਡਾ. ਅਰਵਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

