ਬੁੱਢਾ ਦਲ ਵੱਲੋਂ ਨਿਹੰਗ ਸਿੰਘਾਂ ਦੀ ਛਾਉਣੀ ਗੁ: ਅਕਾਲਗੜ੍ਹ ਸਾਹਿਬ ਵਿਖੇ ਨਵੇਂ ਦਰਬਾਰ ਦੀ ਸੇਵਾ ਸੰਪੂਰਨ
ਸ੍ਰੀ ਅਨੰਦਪੁਰ ਸਾਹਿਬ:- 10 ਅਪ੍ਰੈਲ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਗੁਰਦੁਆਰਾ ਅਕਾਲਗੜ੍ਹ ਸਾਹਿਬ ਸੈਕਟਰ 47 ਚੰਡੀਗੜ੍ਹ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੁੱਝ ਸਮਾਂ ਪਹਿਲਾਂ ਟੱਪ ਲਗਾ ਕੇ ਗੁ: ਸਾਹਿਬ ਦੇ ਦਰਬਾਰ ਦੀ ਨਵੀਂ ਇਮਾਰਤ ਦੀ ਸੇਵਾ ਅਰੰਭ ਹੋਈ ਸੀ। ਜੋ ਅੱਜ ਅਕਾਲ ਪੁਰਖ ਦੀ ਕਿਰਪਾ ਸਦਕਾ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪੂਰਨ ਰੂਪ ਵਿੱਚ ਸੰਪੂਰਨ ਹੋਣ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਬਾਬਾ ਸੁਖਵਿੰਦਰ ਸਿੰਘ ਮੌਰ ਨੇ ਕੀਤੀ। ਉਪਰੰਤ ਧਾਰਮਿਕ ਦੀਵਾਨ ਸਜਾਏ ਜਿਨ੍ਹਾਂ ਵਿੱਚ ਗੁਰਬਾਣੀ ਦਾ ਮਨੋਹਰ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੰਵਲਜੀਤ ਸਿੰਘ, ਭਾਈ ਲਖਵਿੰਦਰ ਸਿੰਘ, ਢਾਡੀ ਜਥਾ ਜਥੇਦਾਰ ਭਾਈ ਸੋਭਾ ਸਿੰਘ ਸਿਤਾਰਾ, ਭਾਈ ਸੁਖਜੀਤ ਸਿੰਘ ਕਨੱਈਆ ਕਥਾਵਾਚਕ ਨੇ ਆਪਣੇ ਬੀਰਰਸ ਵਿਖਿਆਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਗੁਰਦੁਆਰਾ ਸਾਹਿਬ ਦੇ ਸ਼ੁਭ ਅਰੰਭ ਮੌਕੇ ਗੁ: ਸਾਹਿਬ ਵਿਖੇ ਜੁੜੀਆਂ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਨੇ ਦਲਪੰਥ ਦੇ ਸਮੁੱਚੇ ਇਤਿਹਾਸ ਅਤੇ ਮੁਖੀ ਜਰਨੈਲਾਂ ਦੀ ਮਹਾਨ ਕੁਰਬਾਨੀ ਸਬੰਧੀ ਵਿਸਥਾਰ ਪੂਰਵਕ ਸੰਗਤਾਂ ਨਾਲ ਸਾਂਝ ਪਾਈ ਅਤੇ ਦੂਰ ਦੁਰਾਡੇ ਤੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਘਰ ਦੀਆਂ ਅਨਿਨ ਕਾਰ ਸੇਵਾਵਾਂ ਵਿੱਚ ਯੋਗਦਾਨ ਪਾਉਣ ਵਾਲੇ ਗੁਰਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅੱਗੋਂ ਹੋਰ ਸੇਵਾਵਾਂ ਕਰਨ ਲਈ ਪ੍ਰੇਰਨਾ ਦਿਤੀ। ਇਸ ਸਮੇਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਦੇਂੜ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਵੱਲੋਂ ਸ. ਇੰਦਰਪਾਲ ਸਿੰਘ ਫੋਜੀ ਰਿਕੀ ਰਾਹੀਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੂੰ ਸਿਰਪਾਓ, ਦੋਸ਼ਾਲਾ, ਕਿਰਪਾਨ ਵਿਸ਼ੇਸ਼ ਸਨਮਾਨ ਬਖਸ਼ਿਸ਼ ਕੀਤਾ। ਇਸ ਸਮੇਂ ਸ. ਕਰਨਰਾਜਬੀਰ ਸਿੰਘ ਐਡਵੋਕੇਟ, ਸ. ਸਤਵੰਤ ਸਿੰਘ, ਸ. ਚਰਨਜੀਤ ਸਿੰਘ ਜ਼ੇ.ਈ, ਸ. ਸੁਖਵਿੰਦਰ ਸਿੰਘ, ਸ. ਰਾਜਵਿੰਦਰ ਸਿੰਘ, ਸ. ਬਚਨ ਸਿੰਘ, ਸ. ਸਰਬਜੀਤ ਸਿੰਘ ਸੋਹਲ, ਬਾਬਾ ਗੁਰਪ੍ਰੀਤ ਸਿੰਘ ਪੰਜਗਰਾਈ, ਬਾਬਾ ਲਖਬੀਰ ਸਿੰਘ ਕੋਟਕਪੁਰਾ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਬਾਬਾ ਕਰਮ ਸਿੰਘ ਜ਼ੀਰਕਪੁਰ, ਬਾਬਾ ਪਿਆਰਾ ਸਿੰਘ, ਬਾਬਾ ਕੁਲਦੀਪ ਸਿੰਘ ਠੇਕੇਦਾਰ, ਬਾਬਾ ਗੁਰਮੁਖ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸਰਬਜੀਤ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਬਲਦੇਵ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਈਸ਼ਰ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ ਆਦਿ ਹਾਜ਼ਰ ਸਨ।

