ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਨੇ ਦਿੱਤਾ ਅਸਤੀਫ਼ਾ
ਨਵੀਂ ਦਿੱਲੀ 10 ਅਪ੍ਰੈਲ (ਮਧੂਸਾਰ ਬਿਊਰੋ) ਇਲਾਹਾਬਾਦ ਹਾਈ ਕੋਰਟ ਦੇ ਵਿਵਾਦਾਂ ’ਚ ਘਿਰੇ ਜੱਜ ਯਸ਼ਵੰਤ ਵਰਮਾ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਨਾਲ ਉਨ੍ਹਾਂ ਖ਼ਿਲਾਫ਼ ਸੰਸਦ ’ਚ ਚੱਲ ਰਹੀ ਮਹਾਦੋਸ਼ ਦੀ ਕਾਰਵਾਈ ਹੁਣ ਰੱਦ ਹੋ ਗਈ ਹੈ। ਜੱਜ ਯਸ਼ਵੰਤ ਵਰਮਾ ਪਿਛਲੇ ਸਾਲ ਉਸ ਸਮੇਂ ਚਰਚਾ ’ਚ ਆਏ ਸਨ ਜਦੋਂ 14 ਮਾਰਚ, 2025 ਨੂੰ ਹੋਲੀ ਦੀ ਰਾਤ ਨੂੰ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਅੱਗ ਲੱਗ ਗਈ ਸੀ। ਅੱਗ ਬੁਝਾਉਣ ਦੌਰਾਨ ਮੌਕੇ ’ਤੇ ਪਹੁੰਚੇ ਅੱਗ ਬੁਝਾਊ ਦਸਤੇ ਨੂੰ ਉੱਥੋਂ ਭਾਰੀ ਮਾਤਰਾ ’ਚ ਨਕਦੀ ਅਤੇ ਸੜੇ ਹੋਏ ਨੋਟਾਂ ਦੀਆਂ ਥੱਦੀਆਂ ਬਰਾਮਦ ਹੋਈਆਂ ਸਨ। ਇਸ ਘਟਨਾ ਤੋਂ ਬਾਅਦ ਸੁਪਰੀਮ ਕੋਰਟ ਨੇ ਇਕ ਬੇਮਿਸਾਲ ਕਦਮ ਚੁੱਕਦਿਆਂ ਇਸ ਮਾਮਲੇ ਦੀ ਅੰਦਰੂਨੀ ਜਾਂਚ ਰਿਪੋਰਟ, ਤਸਵੀਰਾਂ ਅਤੇ ਵੀਡੀਓਜ਼ ਆਪਣੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀਆਂ ਸਨ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪਿਛਲੇ ਸਾਲ 12 ਅਗਸਤ ਨੂੰ ਯਸ਼ਵੰਤ ਵਰਮਾ ਨੂੰ ਹਟਾਉਣ ਲਈ ਬਹੁ-ਪਾਰਟੀ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਸੀ। ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ।

