ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਜੰਗ ਦਾ ਅੰਤ ਹੁਣ ਨੇੜੇ: ਇਰਾਨ ਦੀ ਨਾਕਾਬੰਦੀ ਮਗਰੋਂ ਟਰੰਪ ਵੱਲੋਂ ਜਿੱਤ ਦਾ ਦਾਅਵਾ

ਵਾਸ਼ਿੰਗਟਨ 15 ਅਪ੍ਰੈਲ (ਮਧੂਸਾਰ ਬਿਊਰੋ) ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਚੀਨ ਇਰਾਨ ਨੂੰ ਹਥਿਆਰ ਸਪਲਾਈ ਨਾ ਕਰਨ ਲਈ ਸਹਿਮਤ ਹੋ ਗਿਆ ਹੈ, ਜਦਕਿ ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਪੇਈਚਿੰਗ ਹਥਿਆਰਾਂ ਦੀ ਤਬਦੀਲੀ ’ਤੇ ਵਿਚਾਰ ਕਰ ਰਿਹਾ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ ਦਿਨਾਂ ਵਿੱਚ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਦੇਸ਼ ਇਰਾਨ ਨੂੰ ਕਿਸੇ ਵੀ ਰੂਪ ਵਿੱਚ ਫੌਜੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਬੁੱਧਵਾਰ ਨੂੰ ਪ੍ਰਸਾਰਿਤ ਇੱਕ ਇੰਟਰਵਿਊ ਵਿੱਚ, ਟਰੰਪ ਨੇ ਕਿਹਾ ਕਿ ਇਰਾਨ ਵਿੱਚ ਜੰਗ “ਖ਼ਤਮ ਹੋਣ ਦੇ ਬਹੁਤ ਕਰੀਬ” ਸੀ। ਉਨ੍ਹਾਂ ਨੇ ਜੰਗ ਸ਼ੁਰੂ ਹੋਣ ਦੇ ਕੁਝ ਦਿਨਾਂ ਬਾਅਦ ਤੋਂ ਹੀ ਵਾਰ-ਵਾਰ ਅਮਰੀਕਾ ਦੀ ਜਿੱਤ ਦਾ ਐਲਾਨ ਕੀਤਾ ਹੈ, ਭਾਵੇਂ ਕਿ ਜ਼ਮੀਨੀ ਹਕੀਕਤ ਬਹੁਤ ਜ਼ਿਆਦਾ ਗੁੰਝਲਦਾਰ ਰਹੀ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਉਸ ਨੇ “ਸਮੁੰਦਰੀ ਉੱਤਮਤਾ” ਹਾਸਲ ਕਰ ਲਈ ਹੈ ਅਤੇ ਸੋਮਵਾਰ ਦੇਰ ਰਾਤ ਸੋਸ਼ਲ ਮੀਡੀਆ ’ਤੇ ਦਿੱਤੇ ਇੱਕ ਬਿਆਨ ਅਨੁਸਾਰ, ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਇਸ ਦੀ ਸ਼ੁਰੂਆਤ ਦੇ 36 ਘੰਟਿਆਂ ਦੇ ਅੰਦਰ “ਪੂਰੀ ਤਰ੍ਹਾਂ ਲਾਗੂ” ਕਰ ਦਿੱਤੀ ਗਈ ਸੀ।

ਇਰਾਨ ਦੀ ਸੰਯੁਕਤ ਸੈਨਿਕ ਕਮਾਨ ਦੇ ਕਮਾਂਡਰ ਅਲੀ ਅਬਦੁੱਲਾਹੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਇਰਾਨੀ ਬੰਦਰਗਾਹਾਂ ਤੋਂ ਆਪਣੀ ਨਾਕੇਬੰਦੀ ਨਾ ਹਟਾਈ ਤਾਂ ਇਰਾਨ ਫਾਰਸ ਦੀ ਖਾੜੀ, ਓਮਾਨ ਸਾਗਰ ਅਤੇ ਲਾਲ ਸਾਗਰ ਰਾਹੀਂ ਹੋਣ ਵਾਲੇ ਹਰ ਤਰ੍ਹਾਂ ਦੀ ਦਰਾਮਦ ਤੇ ਬਰਾਮਦ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। ਇਰਾਨੀ ਮੀਡੀਆ ਅਨੁਸਾਰ ਕਮਾਂਡਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਰਾਸ਼ਟਰੀ ਪ੍ਰਭੂਸੱਤਾ ਅਤੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਦਿ੍ਰੜ੍ਹ ਹਨ। ਉਨ੍ਹਾਂ ਨੇ ਅਮਰੀਕਾ ਦੀ ਇਸ ਨਾਕੇਬੰਦੀ ਨੂੰ ਜੰਗਬੰਦੀ ਦੇ ਨਿਯਮਾਂ ਦੀ ਉਲੰਘਣਾ ਦੱਸਿਆ ਹੈ। ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਵਿਚਾਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੂਜੇ ਦੌਰ ਦੀ ਗੱਲਬਾਤ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਨਾਕਾਬੰਦੀ ਕਰਕੇ ਤਣਾਅ ਵਧਣ ਨਾਲ ਇਰਾਨ ਨੇ ਖੇਤਰ ਵਿੱਚ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਉੱਥੇ ਹੀ ਅਮਰੀਕੀ ਉਪ-ਰਾਸ਼ਟਰਪਤੀ ਜੇ ਡੀ ਵੈਂਸ ਨੇ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਪਹਿਲੇ ਦੌਰ ਦੀ ਗੱਲਬਾਤ ਵਿੱਚ ਕੋਈ ਨਤੀਜਾ ਨਾ ਨਿਕਲਣ ਵੱਡਾ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਡੂੰਘੀ ਬੇਭਰੋਸਗੀ ਨੂੰ ਦੱਸਿਆ ਹੈ।

Leave a Reply

Your email address will not be published. Required fields are marked *