AAP ਆਗੂ ਦੀਪਕ ਸਿੰਗਲਾ ਨੂੰ ਕੀਤਾ ਗਿ੍ਰਫ਼ਤਾਰ
ਨਵੀਂ ਦਿੱਲੀ 18 ਮਈ (ਮਧੂਸਾਰ ਬਿਊਰੋ) ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਸ਼ਵਾਸ ਨਗਰ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਸਾਬਕਾ ਉਮੀਦਵਾਰ ਦੀਪਕ ਸਿੰਗਲਾ ਨੂੰ ਈ.ਡੀ. ਨੇ ਗਿ੍ਰਫ਼ਤਾਰ ਕਰ ਲਿਆ ਹੈ। ਸਵੇਰੇ ਦੀਪਕ ਸਿੰਗਲਾ ਦੀ ਰਿਹਾਇਸ਼ ਸਣੇ ਕਈ ਟਿਕਾਣਿਆਂ ’ਤੇ ਈ.ਡੀ. ਵਲੋਂ ਰੇਡ ਕੀਤੀ ਗਈ ਸੀ, ਜਿਸ ਤੋਂ ਬਾਅਦ ਦੁਪਹਿਰ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਇਸ ਕਾਰਵਾਈ ਦਾ ਸਬੰਧ ਦਿੱਲੀ ਆਬਕਾਰੀ ਨੀਤੀ ਦੇ ਮਨੀ ਲਾਂਡਰਿੰਗ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਈ.ਡੀ. ਦਾ ਦਾਅਵਾ ਹੈ ਕਿ ਸ਼ਰਾਬ ਨੀਤੀ ਰਾਹੀਂ ਮਿਲੀ ਰਿਸ਼ਵਤ ਦੇ ਕਰੋੜਾਂ ਰੁਪਏ ਹਵਾਲਾ ਰਾਹੀਂ ਗੋਆ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਭੇਜੇ ਗਏ ਸਨ। ਦੀਪਕ ਸਿੰਗਲਾ ਪਾਰਟੀ ਦੇ ਸੀਨੀਅਰ ਆਗੂ, ਦਿੱਲੀ ਨਗਰ ਨਿਗਮ ਵਿੱਚ ਪਾਰਟੀ ਦੇ ਡਿਪਟੀ ਇੰਚਾਰਜ ਹੋਣ ਦੇ ਨਾਲ-ਨਾਲ ਗੋਆ ਅਤੇ ਮਹਾਰਾਸ਼ਟਰ ਵਿੱਚ ਵੀ ਪਾਰਟੀ ਇੰਚਾਰਜ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ।

