ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਕਿਹਾ, ਪੰਜਾਬ ਵਿੱਚ ਸਰਕਾਰੀ ਨੌਕਰੀਆਂ ਲਈ ਸਿਰਫ਼ ਯੋਗਤਾ ਹੀ ਇੱਕੋ-ਇੱਕ ਮਾਪਦੰਡ
ਚੰਡੀਗੜ੍ਹ 8 ਜੂਨ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਸ ਨਾਲ ਉਨ੍ਹਾਂ ਦੀ ਸਰਕਾਰ ਦੇ ਗਠਨ ਤੋਂ ਲੈ ਕੇ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਸਰਕਾਰੀ ਨੌਕਰੀਆਂ ਦੀ ਗਿਣਤੀ 67,037 ਹੋ ਗਈ ਹੈ। ਇਸ ਪ੍ਰਾਪਤੀ ਨੂੰ ਪੰਜਾਬ ਵਿੱਚ ਨਵੀਂ ਭਰਤੀ ਵਿਵਸਥਾ ਦਾ ਪ੍ਰਤੱਖ ਪ੍ਰਮਾਣ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸਰਕਾਰੀ ਨੌਕਰੀਆਂ ਸਿਰਫ਼ ਯੋਗਤਾ, ਪਾਰਦਰਸ਼ਤਾ ਅਤੇ ਨਿਰਪੱਖ ਮੁਕਾਬਲੇ ਦੇ ਆਧਾਰ ’ਤੇ ਬਿਨਾਂ ਕਿਸੇ ਸਿਫਾਰਸ਼, ਰਾਜਨੀਤਿਕ ਪ੍ਰਭਾਵ ਜਾਂ ਭਿ੍ਰਸ਼ਟਾਚਾਰ ਦੇ ਦਿੱਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨੀਟ ਵਰਗੀਆਂ ਪੇਪਰ ਲੀਕ ਦੀਆਂ ਘਟਨਾਵਾਂ ਨੇ ਦੇਸ਼ ਭਰ ਦੇ ਨੌਜਵਾਨਾਂ ਦੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ 2017 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ 93 ਪੇਪਰ ਲੀਕ ਹੋਣ ਦੀਆਂ ਰਿਪੋਰਟਾਂ ਹਨ। ਉਨ੍ਹਾਂ ਕਿਹਾ ਕਿ ਇਸਦੇ ਉਲਟ ਪੰਜਾਬ ਵੱਲ ਝਾਤ ਮਾਰੀਏ ਤਾਂ ਸਾਲ 2022 ਤੋਂ ਇੱਕ ਵੀ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ।
ਨੌਜਵਾਨਾਂ ਦੇ ਸਸ਼ਕਤੀਕਰਨ ਲਈ ਸਰਕਾਰ ਦੇ ਵਿਆਪਕ ਦਿ੍ਰਸ਼ਟੀਕੋਣ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨਾ ਸਿਰਫ਼ ਨੌਕਰੀਆਂ ਪੈਦਾ ਕਰ ਰਿਹਾ ਹੈ ਬਲਕਿ ਅਜਿਹੇ ਮੌਕੇ ਵੀ ਪੈਦਾ ਕਰ ਰਿਹਾ ਹੈ ਜੋ ਨੌਜਵਾਨਾਂ ਨੂੰ ਆਪਣੇ ਸੂਬੇ ਵਿੱਚ ਰਹਿਣ, ਅੱਗੇ ਵਧਣ ਅਤੇ ਸਫਲ ਹੋਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਹੁਨਰਮੰਦ ਨੌਜਵਾਨਾਂ ਦੀ ਹਿਜਰਤ ਦੇ ਰੁਝਾਨ ਨੂੰ ਪੁੱਠਾ ਗੇੜ ਪੈਣ, 65,000 ਠੇਕਾ ਕਰਮਚਾਰੀਆਂ ਲਈ ਰੈਗੂਲਰ ਨੌਕਰੀ ਦਾ ਰਾਹ ਖੋਲ੍ਹਣ, 25 ਨਵੀਆਂ ਆਈ.ਟੀ.ਆਈਜ਼ ਅਤੇ 13 ਮੌਜੂਦਾ ਆਈ.ਟੀ.ਆਈਜ਼ ਸੰਸਥਾਵਾਂ ਦੇ ਅਪਗ੍ਰੇਡੇਸ਼ਨ ਰਾਹੀਂ ਹੁਨਰ ਵਿਕਾਸ ਵਿੱਚ ਵੱਡੇ ਨਿਵੇਸ਼ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਵਿੱਚ ਰਹਿ ਕੇ ਹੀ ਆਪਣਾ ਭਵਿੱਖ ਬਣਾਉਣ ਵਾਸਤੇ ਉਨ੍ਹਾਂ ਨੂੰ ਵਿਸ਼ਵਾਸ ਨਾਲ ਭਰਨ, ਢੁਕਵੇਂ ਮੌਕੇ ਅਤੇ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ।
ਤਕਨੀਕੀ ਸਿੱਖਿਆ, ਸਹਿਕਾਰਤਾ, ਸਥਾਨਕ ਸਰਕਾਰਾਂ, ਜਲ ਸਪਲਾਈ ਤੇ ਸੈਨੀਟੇਸ਼ਨ, ਪਸ਼ੂ ਪਾਲਣ, ਲੋਕ ਨਿਰਮਾਣ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਹੋਰ ਵਿਭਾਗਾਂ ਵਿੱਚ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦਿਨ ਪੰਜਾਬ ਸਰਕਾਰ ਦੇ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਚੰਗੇ ਸ਼ਾਸਨ ਰਾਹੀਂ ਸਸ਼ਕਤ ਬਣਾਉਣ ਦੇ ਚੱਲ ਰਹੇ ਮਿਸ਼ਨ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ।
ਸਮਾਗਮ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਹੈਂਡਲ ’ਤੇ ਕਿਹਾ ਅੱਜ 355 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏੇ।

