ਗੌਰਵ ਯਾਦਵ ਦਾ ਪੰਜਾਬ ਦਾ ਰੈਗੂਲਰ ਡੀਜੀਪੀ ਬਣਨਾ ਤੈਅ
ਯੂਪੀਐੱਸਸੀ ਵੱਲੋਂ ਅੱਜ ਤਿੰਨ ਅਧਿਕਾਰੀਆਂ ਦੇ ਪੈਨਲ ਨੂੰ ਹਰੀ ਝੰਡੀ
ਚੰਡੀਗੜ 30 ਜੂਨ (ਮਧੂਸਾਰ ਬਿਊਰੋ) 1992 ਬੈਚ ਦੇ ਆਈ ਪੀ ਐੱਸ ਅਧਿਕਾਰੀ ਗੌਰਵ ਯਾਦਵ ਦਾ ਹੁਣ ਪੰਜਾਬ ਦਾ ਰੈਗੂਲਰ ਡੀ ਜੀ ਪੀ ਬਣਨਾ ਤੈਅ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇੰਮਪੈਨਲਮੈਂਟ ਕਮੇਟੀ ਵੱਲੋਂ ਅੱਜ ਪੰਜਾਬ ਦਾ ਰੈਗੂਲਰ ਡੀਜੀਪੀ ਲਗਾਏ ਜਾਣ ਲਈ ਤਿੰਨ ਸੀਨੀਅਰ ਅਧਿਕਾਰੀਆਂ ਦੇ ਪੈੱਨਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਹਿਮ ਸੂਤਰਾਂ ਅਨੁਸਾਰ ਇੰਮਪੈਨਲਮੈਂਟ ਕਮੇਟੀ ਨੇ ਜਿਸ ਪੈੱਨਲ ਨੂੰ ਪ੍ਰਵਾਨਗੀ ਦਿੱਤੀ ਹੈ, ਉਸ ’ਚ 1992 ਬੈਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਸ਼ਰਦ ਸੱਤਿਆ ਚੌਹਾਨ ਜੋ ਕਿ ਇਸ ਵੇਲੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਹਨ, ਤੋਂ ਇਲਾਵਾ ਹਰਪ੍ਰੀਤ ਸਿੰਘ ਸਿੱਧੂ ਅਤੇ ਗੌਰਵ ਯਾਦਵ ਦੇ ਨਾਮ ਸ਼ਾਮਲ ਹਨ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇੰਮਪੈਨਲਮੈਂਟ ਕਮੇਟੀ ਨੇ ਅੱਜ ਦਿੱਲੀ ’ਚ ਮੀਟਿੰਗ ਕਰਕੇ ਇਸ ਨਿਯੁਕਤੀ ਲਈ ਤਿੰਨ ਅਧਿਕਾਰੀਆਂ ਦੇ ਪੈੱਨਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਇਸ ਮੀਟਿੰਗ ’ਚ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਲੋਕ ਸ਼ੇਖਰ ਵੀ ਸ਼ਾਮਲ ਹੋਏ। ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੰਜਾਬ ’ਚ ਰੈਗੂਲਰ ਡੀਜੀਪੀ ਨਿਯੁਕਤ ਕਰਨ ਵਾਸਤੇ ਤਿੰਨ ਅਧਿਕਾਰੀਆਂ ਦਾ ਪੈੱਨਲ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਅਤੇ ਇਸ ਪੈੱਨਲ ਚੋਂ ‘ਆਪ’ ਸਰਕਾਰ ਕਿਸੇ ਇੱਕ ਅਧਿਕਾਰੀ ਨੂੰ ਡੀਜੀਪੀ ਲਾਉਣ ’ਤੇ ਆਖ਼ਰੀ ਮੋਹਰ ਲਾਏਗੀ।

