ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ‘ਸਿੱਖਿਆ ਵਿੱਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਟੂਲਜ਼’ ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ
ਸਿੱਖਿਆ ਵਿੱਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਨਵੀਂ ਦਿਸ਼ਾ
ਫਤਿਹਗੜ੍ਹ ਸਾਹਿਬ 12 ਜੁਲਾਈ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵੱਲੋਂ ਬੀ.ਏ.-ਬੀ.ਐੱਡ. ਦੇ ਵਿਦਿਆਰਥੀਆਂ ਲਈ ‘ਸਿੱਖਿਆ ਵਿੱਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਟੂਲਜ਼’ ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਭਵਿੱਖ ਦੇ ਅਧਿਆਪਕਾਂ ਨੂੰ ਅਧਿਆਪਨ, ਸਿੱਖਣ ਅਤੇ ਮੁਲਾਂਕਣ ਵਿੱਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਲੋੜੀਂਦੇ ਗਿਆਨ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨਾ ਸੀ।ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਸਿੱਖਿਆ ਖੇਤਰ ਵਿੱਚ ਨਵੇਂ ਆਯਾਮ ਸਥਾਪਿਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਦੇ ਅਧਿਆਪਕਾਂ ਲਈ ਅਧਿਆਪਨ ਕੁਸ਼ਲਤਾਵਾਂ ਦੇ ਨਾਲ ਡਿਜੀਟਲ ਯੋਗਤਾ ਅਤੇ ਏਆਈ ਸਾਖਰਤਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਤਕਨਾਲੋਜੀ ਦੀ ਜ਼ਿੰਮੇਵਾਰ ਅਤੇ ਸਿਰਜਣਾਤਮਕ ਵਰਤੋਂ ਕਰ ਸਕਣ।ਵਰਕਸ਼ਾਪ ਦੇ ਰਿਸੋਰਸ ਪਰਸਨ ਕੰਪਿਊਟਰ ਸਾਇੰਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਅਮਨਦੀਪ ਵਿਰਕ ਨੇ ਭਾਗੀਦਾਰਾਂ ਨੂੰ ਆਰਟੀਫ਼ਿਸ਼ੀਅਲ ਇੰਟੈਲੀਜੈਂਸ, ਜਨਰੇਟਿਵ ਏਆਈ, ਪ੍ਰੌਂਪਟ ਇੰਜੀਨੀਅਰਿੰਗ ਅਤੇ ਏਆਈ ਦੀ ਨੈਤਿਕ ਵਰਤੋਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਚੈਟਜੀਪੀਟੀ, ਜੈਮਿਨੀ ਅਤੇ ਮਾਈਕ੍ਰੋਸਾਫ਼ਟ ਕੋਪਾਇਲਟ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਦਿਆਂ ਪਾਠ ਯੋਜਨਾਵਾਂ, ਪ੍ਰਜ਼ੈਂਟੇਸ਼ਨਾਂ, ਵਰਕਸ਼ੀਟਾਂ, ਕੁਇਜ਼ਾਂ ਅਤੇ ਹੋਰ ਅਧਿਆਪਨ ਸਮੱਗਰੀ ਤਿਆਰ ਕਰਨ ਦਾ ਵਿਹਾਰਕ ਅਨੁਭਵ ਹਾਸਲ ਕੀਤਾ।ਸਿੱਖਿਆ ਵਿਭਾਗ ਦੇ ਮੁਖੀ ਅਤੇ ਵਰਕਸ਼ਾਪ ਕਨਵੀਨਰ ਡਾ. ਹਰਨੀਤ ਬਿਲਿੰਗ ਦੀ ਅਗਵਾਈ ਹੇਠ ਕਰਵਾਏ ਗਏ ਵਿਹਾਰਕ ਸੈਸ਼ਨਾਂ ਵਿੱਚ ਵਿਦਿਆਰਥੀਆਂ ਨੇ ਏਆਈ ਆਧਾਰਿਤ ਅਧਿਆਪਨ ਸਰੋਤ ਤਿਆਰ ਕੀਤੇ ਅਤੇ ਆਪਣੇ ਏਆਈ-ਏਕੀਕ੍ਰਿਤ ਪਾਠ ਯੋਜਨਾਵਾਂ ਅਤੇ ਵਿਦਿਅਕ ਪ੍ਰੋਜੈਕਟ ਪੇਸ਼ ਕੀਤੇ।ਵਰਕਸ਼ਾਪ ਦੀ ਸਹਿ-ਕੋਆਰਡੀਨੇਟਰ ਡਾ. ਗਗਨਦੀਪ ਕੌਰ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਡਾ. ਹਰਨੀਤ ਬਿਲਿੰਗ ਨੇ ਕਿਹਾ ਕਿ ਅਜਿਹੇ ਉਪਰਾਲੇ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਅਨੁਸਾਰ ਤਕਨੀਕੀ ਤੌਰ ’ਤੇ ਨਿਪੁੰਨ ਅਤੇ ਨਵੀਨ ਸੋਚ ਵਾਲੇ ਅਧਿਆਪਕ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

