ਪ੍ਰਕਾਸ਼ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਕੈਪਟਨ, ਸੁਖਦੇਵ ਸਿੰਘ ਢੀਂਡਸਾ ਤੇ ਭੱਠਲ ਨੇ ਪਰਿਵਾਰਾਂ ਸਣੇ ਵੋਟਾਂ ਪਾਈਆਂ
ਚੰਡੀਗੜ੍ਹ, 20 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਦੀ ਸਿਆਸਤ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਚੋਣ ਬੂਥ 125 ‘ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਉਨ੍ਹਾਂ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਗੁਰਲੀਨ ਕੌਰ ਵੀ ਵੋਟ ਪਾਉਣ ਪੁੱਜੇ। ਇਸ ਮੌਕੇ ਵੱਡੇ ਪੱਧਰ ‘ਤੇ ਮੀਡੀਆ ਕਰਮੀ ਮੌਜੂਦ ਸਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਵੀ ਹਨ ਨੇ ਆਖਿਆ ਕਿ ਇਸ ਵਾਰ ਲੜਾਈ ਧਰਮ ਯੁੱਧ ਦੀ ਲੜਾਈ ਹੈ।

ਉਹ ਇਥੇ ਗੁਰੂ ਅਮਰਦਾਸ ਐਵੀਨਿਊ ਵਿਖੇ ਸਕੂਲ ਵਿੱਚ ਆਪਣੀ ਵੋਟ ਪਾਉਣ ਲਈ ਆਏ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਸਨ। ਪਟਿਆਲਾ ਸ਼ਹਿਰੀ ਤੋਂ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਹੈ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਤੇ ਧੀ ਜੈ ਇੰਦਰ ਕੌਰ ਵੀ ਸਨ।

ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਵੱਡੇ ਪੱਧਰ ਤੇ ਜਿੱਤ ਰਹੇ ਹਨ, ਪੰਜਾਬ ਦੇ ਲੋਕ ਪੰਜਾਬ ਦੇ ਵਿਕਾਸ ਨੂੰ ਵੋਟ ਪਾ ਰਹੇ ਹਨ।
ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਉਨ੍ਹਾਂ ਦੇ ਪੁੱਤਰ ਤੇ ਹਲਕਾ ਲਹਿਰਾ ਤੋਂ ਪਾਰਟੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਪਰਿਵਾਰ ਸਮੇਤ ਅਪਣੇ ਜੱਦੀ ਪਿੰਡ ਉਭਾਵਾਲ ਪੁੱਜ ਕੇ ਆਪਣੀ ਵੋਟ ਪਾਈ।

ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਦੇ ਮਾਤਾ ਹਰਜੀਤ ਕੌਰ ਢੀਂਡਸਾ, ਪਤਨੀ ਗਗਨਦੀਪ ਕੌਰ ਢੀਂਡਸਾ ਅਤੇ ਭੈਣ ਰਮਨਦੀਪ ਕੌਰ ਬਰਾੜ ਵੀ ਨਾਲ ਸਨ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਪੰਜਾਬ ਦੀ ਸਾਬਕਾ ਮੁੱਖ ਮਤਰੀ ਬੀਬੀ ਰਾਜਿੰਦਰ ਕੌਰ ਭੱਠਲ, ਉਨ੍ਹਾਂ ਦੇ ਲੜਕੇ ਰਾਹੁਲਇੰਦਰ ਸਿੰਘ ਸਿੱਧੂ ਤੇ ਨੂੰਹ ਨੇਹਾ ਸਿੱਧੂ ਨੇ ਪੂਰੇ ਪਰਿਵਾਰ ਸਣੇ ਵੋਟਾਂ ਪਾਈਆਂ।

