ਹੁਣ ਸ਼ਹਿਰੀ ਸੇਵਾ ਕੇਂਦਰਾਂ ‘ਤੇ ਬਿਜਲੀ ਬਿਲ ਵੀ ਜਮ੍ਹਾਂ ਕਰਵਾਏ ਜਾ ਸਕਣਗੇ
ਸੇਵਾ ਕੇਂਦਰ ਪੰਜਾਬ ਸਰਕਾਰ ਦੀ ਲੋਕ ਪੱਖੀ ਪਹਿਲ- ਸੁਖਬੀਰ ਸਿੰਘ ਬਾਦਲ
-ਸੇਵਾ ਕੇਂਦਰਾਂ ਰਾਹੀਂ ਪੰਜਾਬ ਵਾਸੀਆਂ ਨੂੰ 78 ਨਾਗਰਿਕ ਸੇਵਾਵਾਂ ਮਿਲਣੀਆਂ ਸ਼ੁਰੂ
ਚੰਡੀਗੜ੍ਹ, 27 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ‘ਸੇਵਾ ਕੇਂਦਰਾਂ’ ਵਿਚ ਹੁਣ ਸ਼ਹਿਰੀ ਖੇਤਰ ਦੇ ਲੋਕ 26 ਸਤੰਬਰ, 2016 ਤੋਂ ਬਿਜਲੀ ਦੇ ਬਿਲ ਵੀ ਜਮ੍ਹਾਂ ਕਰਵਾ ਸਕਦੇ ਹਨ। ਪੰਜਾਬ ਵਿਚ ਸਥਾਪਿਤ ਕੀਤੇ ਗਏ ਕੁੱਲ 2147 ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸੇਵਾ ਕੇਂਦਰਾਂ ਵਿਚ ਇਸ ਸਮੇਂ 78 ਨਾਗਰਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜੋ ਕਿ ਸੇਵਾ ਦੇ ਅਧਿਕਾਰ ਐਕਟ, 2011 ਅਧੀਨ ਮਿੱਥੇ ਸਮੇਂ ਵਿਚ ਦੇਣੀਆਂ ਲਾਜ਼ਮੀ ਹਨ।
ਇਸ ਬਾਬਤ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਜਲਦ ਹੀ ਪੜਾਅਵਾਰ ਇਨ੍ਹਾਂ 78 ਸੇਵਾਵਾਂ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਫਿਲਹਾਲ ਸ਼ਹਿਰੀ ਸੇਵਾ ਕੇਂਦਰਾਂ ਵਿਚ 26 ਸਤੰਬਰ ਤੋਂ ਬਿਜਲੀ ਦੇ ਬਿਲ ਭਰੇ ਜਾਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਬਣਾਉਣ ਵੇਲੇ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਸ਼ਹਿਰੀ ਖੇਤਰਾਂ ਲਈ ਹਰੇਕ ਸੇਵਾ ਕੇਂਦਰ ਦੀ ਦੂਰੀ ਡੇਢ-ਦੋ ਕਿਲੋਮੀਟਰ ਤੋਂ ਜ਼ਿਆਦਾ ਨਾ ਹੋਵੇ ਅਤੇ 4-5 ਪਿੰਡਾਂ ਪਿੱਛੇ ਇਕ ਸੇਵਾ ਕੇਂਦਰ ਜ਼ਰੂਰ ਸਥਾਪਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਸਰਕਾਰੀ ਸੇਵਾਵਾਂ ਜਿਵੇਂ ਜਾਤੀ ਪ੍ਰਮਾਣ ਪੱਤਰ, ਜਨਮ ਅਤੇ ਮੌਤ ਸਰਟੀਫਿਕੇਟ ਅਤੇ ਪੈਨਸ਼ਨਾਂ ਆਦਿ ਪ੍ਰਾਪਤ ਕਰਨ ਲਈ ਲੋਕਾਂ ਨੂੰ 20-25 ਕਿਲੋਮੀਟਰ ਤੱਕ ਦਾ ਸਫਰ ਕਰਕੇ ਸਰਕਾਰੀ ਦਫਤਰਾਂ ਵਿਚ ਜਾਣਾ ਪੈਂਦਾ ਸੀ ਪਰ ਹੁਣ ਲੋਕਾਂ ਦੇ ਘਰਾਂ ਨਜ਼ਦੀਕ ਹੀ ਸਰਕਾਰੀ ਸੇਵਾਵਾਂ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਰਾਹੀਂ ਸਰਕਾਰੀ ਸੇਵਾਵਾਂ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਂਬੱਧ ਤਰੀਕੇ ਨਾਲ ਮਿਲਣਗੀਆਂ ਅਤੇ ਸੇਵਾਵਾਂ ਪ੍ਰਦਾਨ ਕਰਨ ਵਿਚ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਰਾਹੀਂ ਜਨਤਾ ਅਤੇ ਸਰਕਾਰੀ ਕਰਮਚਾਰੀਆਂ/ਅਧਿਕਾਰੀਆਂ ਦਾ ਸਿੱਧਾ ਮੇਲ ਨਾ ਹੋਣ ਕਰਕੇ ਨਾ ਤਾਂ ਭ੍ਰਿਸ਼ਟਾਚਾਰ ਹੋਵੇਗਾ ਅਤੇ ਨਾ ਹੀ ਗਲਤ ਤਰੀਕੇ ਨਾਲ ਕੰਮ ਕਰਵਾਇਆ ਜਾ ਸਕੇਗਾ। ਉੱਪ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਸੇਵਾ ਕੇਂਦਰ ਵੱਖ-ਵੱਖ ਸਰਕਾਰੀ ਦਫਤਰਾਂ ਨਾਲ ਇੰਟਰਨੈੱਟ/ਨੈੱਟਵਰਕ ਰਾਹੀਂ ਜੋੜੇ ਗਏ ਹਨ ਤਾਂ ਜੋ ਸਮੇਂ ਸਿਰ ਸੇਵਾਵਾਂ ਦਿੱਤੀਆਂ ਜਾ ਸਕਣ।

