ਪਟਿਆਲਾ

ਪੰਥਕ ਜਥੇਬੰਦੀਆਂ ਮੱਤਭੇਦ ਭੁਲਾਕੇ ਪੰਥ ਦੇ ਵੱਡੇਰੇ ਹਿੱਤਾਂ ਲਈ ਕੇਸਰੀ ਨਿਸ਼ਾਨ ਹੇਠ ਏਕਤਾ ਦਾ ਸੁਨੇਹਾ ਦੇਣ : ਪ੍ਰੋ. ਬਡੂੰਗਰ

ਸਾਬਕਾ ਪ੍ਰਧਾਨ ਨੇ ਮੀਰੀ ਪੀਰੀ ਦਿਵਸ ਮੌਕੇ ਦਿੱਤੀ ਵਧਾਈ

ਪਟਿਆਲਾ 23 ਜੁਲਾਈ (ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੀਰੀ ਪੀਰੀ ਦਿਵਸ ’ਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੀਰੀ-ਪੀਰੀ ਦਿਵਸ ਭਗਤੀ ਤੇ ਸ਼ਕਤੀ ਦਾ ਸੁਮੇਲ, ਸਿੱਖੀ ਦਾ ਆਦਰਸ਼ ਤੇ ਅਧਿਆਤਮਕਤਾ ਦੇ ਨਾਲ ਸੰਸਾਰਕਤਾ ਦਾ ਅਲੌਕਿਕ ਸੰਜੋਗ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਥਕ ਜਥੇਬੰਦੀਆਂ ਨੂੰ ਆਪਣੇ ਰਾਜਸੀ ਮੱਤਭੇਦ ਭੁਲਾਕੇ ਪੰਥ ਦੇ ਵੱਡੇਰੇ ਹਿੱਤਾਂ ਲਈ ਮੀਰੀ ਪੀਰੀ ਦੇ ਕੇਸਰੀ ਨਿਸ਼ਾਨ ਹੇਠ ਏਕਤਾ ਦਾ ਸੁਨੇਹਾ ਦੇਣਾ ਚਾਹੀਦਾ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਹਰ ਸਿੱਖ ਨੂੰ ਮੀਰੀ-ਪੀਰੀ ਦੇ ਸਿਧਾਂਤ ਨਾਲ ਜੀਵਨ ਜਿਉਣ ਦਾ ਉਪਦੇਸ਼ ਦਿੱਤਾ। ਸਾਬਕਾ ਪ੍ਰਧਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਅਤੇ ਫਿਰਕੂ ਸ਼ਕਤੀਆਂ ਵੱਲੋਂ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਅੰਦਰੂਨੀ ਅਤੇ ਬਹਿਰੂਨੀ ਵਿਰੋਧੀ ਕੀਤਾ ਜਾਂਦਾ ਰਿਹਾ ਅਤੇ ਸਮੇਂ ਦੇ ਹਾਕਮਾਂ ਜਿਨਾਂ ਵਿਚ ਅਹਿਮਦਸ਼ਾਹ ਅਬਦਾਲੀ ਅਤੇ ਨਾਦਰਸ਼ਾਹ ਵਰਗੇ ਜ਼ਾਲਮ ਧਾੜਵੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਪ੍ਰੰਤੂ ਮੀਰੀ-ਪੀਰੀ ਦੇ ਸਿਧਾਂਤ ਅਤੇ ਫਲਸਫੇ ਨੂੰ ਮਿਟਾਉਣ ਵਾਲੇ ਇਸ ਧਰਤੀ ’ਤੇ ਨਹੀਂ ਰਹੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਰਤ ਦੀ ਹੈਂਕੜਬਾਜ ਹੁਕਮਰਾਨ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਫੌਜੀ ਤਾਕਤ ਨਾਲ 6 ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਨਤੀਜਨ ਅੱਜ ਤੱਕ ਇਸ ਦਾ ਨਤੀਜਾ ਰਾਜਸੀ ਧਿਰ ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ।
ਸਾਬਕਾ ਪ੍ਰਧਾਨ ਨੇ ਕਿਹਾ ਕਿ ਅੱਜ ਪੰਥਕ ਜਥੇਬੰਦੀਆਂ ਨੂੰ ਆਪਣੇ ਰਾਜਸੀ ਮਤਭੇਦ ਭੁਲਾਕੇ ਪੰਥ ਦੇ ਵਡੇਰੇ ਹਿਤਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੇਸਰੀ ਨਿਸ਼ਾਨ ਦੀ ਛੱਤਰ ਛਾਇਆ ਹੇਠ ਏਕਤਾ ਕਰਨ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਸਮਕਾਲੀ ਜ਼ਾਲਮ ਹਕੂਮਤ ਨੂੰ ਇਹ ਸੁਨੇਹਾ ਦਿੱਤਾ ਕਿ ਹੁਣ ਉਸ ਵੱਲੋਂ ਕੀਤੇ ਜਾਂਦੇ ਜ਼ਬਰ ਤੇ ਜ਼ੁਲਮ ਬਹੁਤੀ ਦੇਰ ਨਹੀਂ ਚੱਲਣੇ।

Leave a Reply

Your email address will not be published. Required fields are marked *