ਪੰਜਾਬਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਲਗਾਇਆ ਗਿਆ ‘ਸ੍ਰੀ ਗੁਰੂ ਨਾਨਕ ਪਵਿੱਤਰ ਜੰਗਲ’

ਫਤਿਹਗੜ੍ਹ ਸਾਹਿਬ (ਮਧੂਸਾਰ ਬਿਊਰੋ) : ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਈਕੋ-ਸਿੱਖ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਕੈਂਪਸ ਵਿੱਚ ‘ਸ੍ਰੀ ਗੁਰੂ ਨਾਨਕ ਪਵਿੱਤਰ ਜੰਗਲ’ ਦੀ ਸਥਾਪਨਾ ਕੀਤੀ ਗਈ। ਇਸ ਉਪਰਾਲੇ ਤਹਿਤ ਜਾਪਾਨੀ ਵਣ ਵਿਗਿਆਨੀ ਡਾ. ਅਕੀਰਾ ਮਿਯਾਵਾਕੀ ਵੱਲੋਂ ਵਿਕਸਿਤ ਮਿਯਾਵਾਕੀ ਤਕਨੀਕ ਅਨੁਸਾਰ 550 ਵਿਰਾਸਤੀ ਪ੍ਰਜਾਤੀਆਂ ਦੇ ਬੂਟੇ ਲਗਾਏ ਗਏ। ਇਸ ਮੌਕੇ ਡਾ. ਗੁਰਸਿਮਰਨ ਕੌਰ ਵੱਲੋਂ ਆਪਣੇ ਮਾਤਾ-ਪਿਤਾ ਬ੍ਰਿਗੇਡੀਅਰ (ਡਾ.) ਨਿਰੰਜਨ ਸਿੰਘ ਬਮਰਾਹ ਅਤੇ ਸ੍ਰੀਮਤੀ ਰੂਪ ਬਮਰਾਹ ਦੀ ਯਾਦ ਵਿੱਚ ਇਹ ਬੂਟੇ ਦਾਨ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਕੁਦਰਤ ਪ੍ਰਤੀ ਸਤਿਕਾਰ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਸਦੀਆਂ ਤੋਂ ਮਨੁੱਖ ਨੂੰ ਕੁਦਰਤ ਨਾਲ ਸੰਤੁਲਿਤ ਜੀਵਨ ਜਿਊਣ ਦੀ ਪ੍ਰੇਰਨਾ ਦਿੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਮੁੱਲਾਂ ਨੂੰ ਸੰਸਾਰ ਸਸਟੇਨੇਬਲ ਡਿਵੈਲਪਮੈਂਟ ਗੋਲਜ਼ (ਐੱਸ.ਡੀ.ਜੀਜ਼.) ਦੇ ਰੂਪ ਵਿੱਚ ਅਪਣਾ ਰਿਹਾ ਹੈ, ਉਨ੍ਹਾਂ ਦੀ ਭਾਵਨਾ ਗੁਰਬਾਣੀ ਵਿੱਚ ਪਹਿਲਾਂ ਹੀ ਰਚੀ-ਬਸੀ ਹੋਈ ਹੈ। ਅਜਿਹੇ ਉਪਰਾਲੇ ਵਾਤਾਵਰਨ ਸੰਭਾਲ, ਜੈਵ-ਵਿਭਿੰਨਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਹੋਰ ਮਜ਼ਬੂਤ ਕਰਦੇ ਹਨ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਧਰਮ ਅਧਿਐਨ ਵਿਭਾਗ ਅਤੇ ਸਹਿਯੋਗੀਆਂ ਦੀ ਸ਼ਲਾਘਾ ਕੀਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਇਸ ਉਪਰਾਲੇ ਦੇ ਸੁਚੱਜੇ ਤਾਲਮੇਲ ਲਈ ਈਕੋ-ਸਿੱਖ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਕੁਦਰਤ-ਕੇਂਦਰਿਤ ਸੰਦੇਸ਼ ਅੱਜ ਵੀ ਮਨੁੱਖਤਾ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਸ. ਪਵਨੀਤ ਸਿੰਘ, ਹੈੱਡ ਆਪਰੇਸ਼ਨਜ਼, ਈਕੋ-ਸਿੱਖ ਨੇ ਕਿਹਾ ਕਿ ‘ਸ੍ਰੀ ਗੁਰੂ ਨਾਨਕ ਪਵਿੱਤਰ ਜੰਗਲ’ ਵਰਗੇ ਉਪਰਾਲੇ ਗੁਰੂ ਨਾਨਕ ਦੇਵ ਜੀ ਦੇ ਕੁਦਰਤ-ਕੇਂਦਰਿਤ ਦਰਸ਼ਨ ਨੂੰ ਅਮਲੀ ਰੂਪ ਦੇਣ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰਿਆ-ਭਰਿਆ ਅਤੇ ਸਿਹਤਮੰਦ ਵਾਤਾਵਰਨ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸਮਾਗਮ ਵਿੱਚ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ, ਡੀਨ ਰਿਸਰਚ ਪ੍ਰੋ. (ਡਾ.) ਨਵਦੀਪ ਕੌਰ, ਡਾਇਰੈਕਟਰ, ਆਈ.ਕਿਊ.ਏ.ਸੀ. ਅਤੇ ਮੁਖੀ, ਅੰਗ੍ਰੇਜ਼ੀ ਵਿਭਾਗ ਡਾ. ਅੰਕਦੀਪ ਕੌਰ ਅਟਵਾਲ, ਡੀਨ ਵਿਦਿਆਰਥੀ ਭਲਾਈ ਡਾ ਸਿਕੰਦਰ ਸਿੰਘ, ਕਰਨਲ ਲਿਖਾਰੀ, ਨਵਤੇਜ ਸਿੰਘ ਕਲਸੀ, ਗੁਰਪਾਲ ਸਿੰਘ (ਮਾਸਕੋ), ਭਵਕਰਨ ਸਿੰਘ, ਮਰਚੈਂਟ ਨੇਵੀ ਦੇ ਚੀਫ਼ ਇੰਜੀਨੀਅਰ, ਯੂਨੀਵਰਸਿਟੀ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *