ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਹਰਿਆਣਾ ‘ਚ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਕਲਸ਼ ਯਾਤਰਾ ਨੂੰ ਗੁਰੂਗ੍ਰਾਮ ਤੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਰੇ ਜ਼ਿਲ੍ਹਿਆਂ ਲਈ ਕੀਤਾ ਰਵਾਨਾ

ਸੰਤ ਗੁਰੂ ਰਵਿਦਾਸ ਜੀ ਦਾ ਸੁਨੇਹਾ ਅੱਜ ਵੀ ਉੱਨਾ ਹੀ ਪ੍ਰਸੰਗਿਕ : ਨਾਇਬ ਸਿੰਘ ਸੈਣੀ

ਪੰਚਕੂਲਾ 4 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੀ 650ਵੀਂ ਜਯੰਤੀ ਦੇ ਮੌਕੇ ’ਤੇ ਕਾਸ਼ੀ ਦੇ ਸ਼੍ਰੀ ਗੁਰੂ ਰਵਿਦਾਸ ਜਨਮ ਸਥਲ, ਸੀਰ ਗੋਵਰਧਨਪੁਰ, ਉੱਤਰ ਪ੍ਰਦੇਸ਼ ਤੋਂ ਸ਼ੁਰੂ ਹੋਈ ਪਵਿੱਤਰ ਕਲਸ਼ ਯਾਤਰਾ ਸਿਰਫ਼ ਇੱਕ ਧਾਰਮਿਕ ਰਸ਼ਮ ਨਹੀਂ, ਸਗੋਂ ਸਮਾਜਿਕ ਸਦਭਾਵਨਾ, ਸਮਾਨਤਾ ਅਤੇ ਰਾਸ਼ਟਰੀ ਏਕਤਾ ਦਾ ਜਨ-ਅੰਦੋਲਨ ਹੈ, ਜਿਸ ਵਿੱਚ ਹਰਿਆਣਾ ਪੂਰੀ ਸ਼ਰਧਾ, ਸਰਗਰਮ ਸ਼ਮੂਲੀਅਤ ਅਤੇ ਜਨ-ਭਾਗੀਦਾਰੀ ਨਾਲ ਆਪਣਾ ਯੋਗਦਾਨ ਦੇਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਗੁਰੂਗ੍ਰਾਮ ਵਿੱਚ ਆਯੋਜਿਤ ਵਿਸ਼ਾਲ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ, ਜਿੱਥੋਂ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਕਲਸ਼ ਯਾਤਰਾ ਨੂੰ ਹਰਿਆਣਾ ਦੇ ਸਾਰੇ 27 ਸੰਗਠਨਾਤਮਕ ਜ਼ਿਲ੍ਹਿਆਂ ਲਈ ਰਸਮੀ ਤੌਰ ’ਤੇ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼੍ਰੀ ਸੀਤਲਾ ਮਾਤਾ ਮੰਦਰ ਵਿਖੇ ਵਿਧੀਵਤ ਪੂਜਾ-ਅਰਚਨਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 30 ਜੁਲਾਈ ਨੂੰ ਕਲਸ਼ ਯਾਤਰਾ ਦੇ ਗੁਰੂਗ੍ਰਾਮ ਪਹੁੰਚਣ ’ਤੇ ਮੰਦਰ ਪਰਿਸਰ ਵਿੱਚ ਸਥਾਪਤ ਪਵਿੱਤਰ ਕਲਸ਼ ਨੂੰ ਸ਼ਰਧਾ ਪੂਰਵਕ ਆਪਣੇ ਸਿਰ ’ਤੇ ਧਾਰਨ ਕਰਕੇ ਯਾਤਰਾ ਰਵਾਨਗੀ ਸਥਲ ਤੱਕ ਪਹੁੰਚਾਇਆ ਅਤੇ ਉੱਥੋਂ ਕਲਸ਼ ਯਾਤਰਾ ਨੂੰ ਸਾਰੇ 27 ਜ਼ਿਲ੍ਹਿਆਂ ਦੇ ਪ੍ਰਤੀਨਿਧਾਂ ਨੂੰ ਸੌਂਪਦਿਆਂ ਰਵਾਨਾ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ਆਯੋਜਨ ਸਥਲ ’ਤੇ ਮੌਜੂਦ ਸੰਤ ਸਮਾਜ ਦੇ ਪ੍ਰਤੀਨਿਧਾਂ ਨੂੰ ਸ਼ਾਲ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ।
ਪ੍ਰੋਗਰਾਮ ਵਿੱਚ ਵਿਕਾਸ ਅਤੇ ਪੰਚਾਇਤ ਅਤੇ ਖਾਨ ਤੇ ਭੂ-ਵਿਗਿਆਨ ਮੰਤਰੀ ਕ੍ਰਿਸ਼ਨ ਲਾਲ ਪੰਵਾਰ, ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀਆਂ ਅਤੇ ਪੱਛੜੇ ਵਰਗ ਭਲਾਈ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਭਾਜਪਾ ਪ੍ਰਦੇਸ਼ ਪ੍ਰਧਾਨ ਅਰਚਨਾ ਗੁਪਤਾ, ਮਹਾਮੰਡਲੇਸ਼ਵਰ ਸਵਾਮੀ ਧਰਮਦੇਵ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਸਤਿਆਪ੍ਰਕਾਸ਼ ਜਰਾਵਤਾ, ਸੋਹਣਾ ਦੇ ਵਿਧਾਇਕ ਤੇਜਪਾਲ ਤੰਵਰ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਬਵਾਨਾ ਖੇੜਾ ਤੋਂ ਵਿਧਾਇਕ ਕਪੂਰ ਸਿੰਘ ਵਾਲਮੀਕਿ, ਹੋਡਲ ਦੇ ਵਿਧਾਇਕ ਹਰਿੰਦਰ ਸਿੰਘ ਸਮੇਤ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪਤਵੰਤੇ ਮੌਜੂਦ ਸਨ।
ਜ਼ਿਕਰਯੋਗ ਹੈ ਕਿ 29 ਜੁਲਾਈ ਨੂੰ ਵਾਰਾਣਸੀ ਤੋਂ ਸ਼ੁਰੂ ਹੋਈ ਇਹ ਪਵਿੱਤਰ ਕਲਸ਼ ਯਾਤਰਾ 30 ਜੁਲਾਈ ਨੂੰ ਗੁਰੂਗ੍ਰਾਮ ਪਹੁੰਚੀ ਸੀ, ਜਿੱਥੇ ਪ੍ਰਦੇਸ਼ ਦੇ ਵੱਖ-ਵੱਖ ਕੈਬਨਿਟ ਮੰਤਰੀਆਂ, ਵਿਧਾਇਕਾਂ, ਜਨਪ੍ਰਤੀਨਿਧੀਆਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਸਥਾਨਕ ਨਾਗਰਿਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਭਰਵਾਂ ਅਤੇ ਇਤਿਹਾਸਕ ਸਵਾਗਤ ਕੀਤਾ। ਗੁਰੂਗ੍ਰਾਮ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਸ਼ਰਧਾ ਅਤੇ ਉਤਸ਼ਾਹ ਦੇ ਮਾਹੌਲ ਵਿੱਚ ਗੁਜ਼ਰਨ ਤੋਂ ਬਾਅਦ ਪਵਿੱਤਰ ਕਲਸ਼ ਨੂੰ ਸ਼੍ਰੀ ਮਾਤਾ ਸੀਤਲਾ ਮੰਦਰ ਵਿੱਚ ਵਿਧੀਵਤ ਸਥਾਪਤ ਕੀਤਾ ਗਿਆ ਸੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਲਸ਼ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਯਾਤਰਾ ਆਉਂਦੀ 20 ਫਰਵਰੀ 2027 ਤੱਕ ਦੇਸ਼ ਭਰ ਵਿੱਚ ਭ੍ਰਮਣ ਕਰਕੇ ਸੰਤ ਗੁਰੂ ਰਵਿਦਾਸ ਜੀ ਦੇ ਸਮਤਾ, ਨਿਆਂ ਅਤੇ ਮਾਨਵਤਾ ਦੇ ਸੁਨੇਹੇ ਨੂੰ ਘਰ-ਘਰ ਤੱਕ ਪਹੁੰਚਾਏਗੀ। ਹਰਿਆਣਾ ਦੇ ਸਾਰੇ ਸੰਗਠਨਾਤਮਕ ਜ਼ਿਲ੍ਹਿਆਂ ਰਾਹੀਂ ਇਹ ਪਵਿੱਤਰ ਕਲਸ਼ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਘਰ-ਘਰ ਪਹੁੰਚੇਗਾ ਅਤੇ ਸਮਾਜ ਨੂੰ ਜੋੜਨ ਦਾ ਕੰਮ ਕਰੇਗਾ। ਮੁੱਖ ਮੰਤਰੀ ਨੇ ਇਸ ਮੌਕੇ ਗੁਰੂਗ੍ਰਾਮ ਦੀਆਂ ਸੰਤ ਰਵਿਦਾਸ ਧਰਮਸ਼ਾਲਾਵਾਂ ਲਈ 31 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸੰਤ ਗੁਰੂ ਰਵਿਦਾਸ ਜੀ ਦਾ ਸੁਨੇਹਾ ਅੱਜ ਵੀ ਉੱਨਾ ਹੀ ਪ੍ਰਸੰਗਿਕ
ਮੁੱਖ ਮੰਤਰੀ ਨੇ ਕਿਹਾ ਕਿ ਸੰਤ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਅਤੇ ਬਾਣੀ ਰਾਹੀਂ ਇਹ ਸੁਨੇਹਾ ਦਿੱਤਾ ਕਿ ਮਨੁੱਖ ਦੀ ਪਛਾਣ ਉਸ ਦੀ ਜਾਤੀ ਜਾਂ ਜਨਮ ਤੋਂ ਨਹੀਂ, ਸਗੋਂ ਉਸ ਦੇ ਕਰਮ ਅਤੇ ਚਰਿੱਤਰ ਤੋਂ ਹੁੰਦੀ ਹੈ। ਕਾਸ਼ੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਇਸ ਸੱਚਾਈ ਦਾ ਪ੍ਰਤੀਕ ਹੈ ਕਿ ਮਿੱਟੀ ਦੀ ਕੋਈ ਜਾਤੀ, ਧਰਮ ਜਾਂ ਉੱਚ-ਨੀਚ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਸੁਪਨਾ ਅਜਿਹਾ ਸਮਾਜ ਹੈ, ਜਿੱਥੇ ਕਿਸੇ ਨਾਲ ਕੋਈ ਭੇਦਭਾਵ ਨਾ ਹੋਵੇ, ਸਾਰਿਆਂ ਨੂੰ ਬਰਾਬਰ ਮੌਕੇ ਮਿਲਣ, ਕੋਈ ਭੁੱਖਾ ਨਾ ਸੁੱਤੇ ਅਤੇ ਹਰੇਕ ਵਿਅਕਤੀ ਸਨਮਾਨ ਅਤੇ ਨਿਡਰ ਜੀਵਨ ਦਾ ਹੱਕਦਾਰ ਬਣੇ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਉਨ੍ਹਾਂ ਦੇ ਸਮਰਸਤਾ ਦੇ ਸੁਨੇਹੇ ਨੂੰ ਸਿਰਫ਼ ਸ਼ਬਦਾਂ ਤੱਕ ਸੀਮਤ ਨਾ ਰੱਖ ਕੇ ਜੀਵਨ ਵਿੱਚ ਉਤਾਰਿਆ ਜਾਵੇ।

Leave a Reply

Your email address will not be published. Required fields are marked *