ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਤਰੁਣ ਤੇਜਪਾਲ ਜਬਰ-ਜ਼ਨਾਹ ਮਾਮਲੇ ’ਚ ਦੋਸ਼ੀ ਕਰਾਰ, 10 ਸਾਲ ਦੀ ਸਜ਼ਾ

ਪਣਜੀ 6 ਅਗਸਤ (ਮਧੂਸਾਰ ਬਿਊਰੋ) ਬੰਬੇ ਹਾਈ ਕੋਰਟ ਨੇ ਅਖਬਾਰ ‘ਤਹਿਲਕਾ’ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 2013 ’ਚ ਆਪਣੀ ਇਕ ਸਾਥੀ ਮਹਿਲਾ ਮੁਲਾਜ਼ਮ ਨਾਲ ਜਬਰ-ਜ਼ਨਾਹ ਦਾ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਗੋਆ ਦੀ ਇਕ ਸੈਸ਼ਨ ਅਦਾਲਤ ਵੱਲੋਂ 5 ਸਾਲ ਪਹਿਲਾਂ ਉਸ ਨੂੰ ਬਰੀ ਕਰਨ ਦੇ ਫੈਸਲੇ ਨੂੰ ਵੀ ਰੱਦ ਕਰ ਦਿੱਤਾ। ਅਦਾਲਤ ਨੇ ਪਹਿਲਾਂ ਤਰੁਣ ਤੇਜਪਾਲ ਨੂੰ 2 ਹਫ਼ਤਿਆਂ ’ਚ ਆਤਮ-ਸਮਰਪਣ ਕਰਨ ਦਾ ਹੁਕਮ ਦਿੱਤਾ ਸੀ ਪਰ ਉਨ੍ਹਾਂ ਦੇ ਵਕੀਲਾਂ ਦੀ ਅਪੀਲ ’ਤੇ ਇਹ ਸਮਾਂ ਵਧਾ ਕੇ 4 ਹਫ਼ਤੇ ਕਰ ਦਿੱਤਾ ਗਿਆ। ਅਦਾਲਤ ਨੇ ਘੱਟੋ-ਘੱਟ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਘਟਨਾ 13 ਸਾਲ ਪਹਿਲਾਂ ਹੋਈ ਸੀ ਅਤੇ ਉਦੋਂ ਤੋਂ ਤੇਜਪਾਲ ਨੇ ਕੋਈ ਹੋਰ ਅਪਰਾਧ ਨਹੀਂ ਕੀਤਾ ਹੈ। ਅਦਾਲਤ ਨੇ ਇਹ ਵੀ ਕਿਹਾ, ‘‘ਸੰਭਵ ਹੈ ਕਿ ਪੀੜਤਾ ਅਤੇ ਤੇਜਪਾਲ ਦੋਵੇਂ ਹੁਣ ਆਪਣੇ-ਆਪਣੇ ਜੀਵਨ ’ਚ ਅੱਗੇ ਵਧ ਚੁੱਕੇ ਹੋਣ।’’ ਹਾਈ ਕੋਰਟ ਨੇ ਤੇਜਪਾਲ ’ਤੇ 10,21,000 ਰੁਪਏ ਦਾ ਜੁਰਮਾਨਾ ਵੀ ਲਾਇਆ ਅਤੇ ਹੁਕਮ ਦਿੱਤਾ ਕਿ ਇਹ ਪੂਰੀ ਰਾਸ਼ੀ ਪੀੜਤਾ ਨੂੰ ਦਿੱਤੀ ਜਾਵੇਗੀ। ਸੁਣਵਾਈ ਦੌਰਾਨ ਤੇਜਪਾਲ ਨੇ ਖੁਦ ਨੂੰ ‘ਰਾਜਨੀਤਕ ਤਸ਼ੱਦਦ ਦਾ ਸ਼ਿਕਾਰ’ ਦੱਸਿਆ ਅਤੇ 2 ਧੀਆਂ ਦਾ ਪਿਤਾ ਹੋਣ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਨਰਮੀ ਵਰਤਣ ਦੀ ਅਪੀਲ ਕੀਤੀ ਸੀ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ’ਚ ਤੇਜਪਾਲ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣਗੇ। ਇਹ ਮਾਮਲਾ ਨਵੰਬਰ 2013 ’ਚ ਗੋਆ ’ਚ ਆਯੋਜਿਤ ‘ਥਿੰਕਫੈਸਟ’ ਪ੍ਰੋਗਰਾਮ ਦੌਰਾਨ ਇਕ ਹੋਟਲ ਦੀ ਲਿਫ਼ਟ ’ਚ ਤੇਜਪਾਲ ਦੀ ਇਕ ਸਾਬਕਾ ਜੂਨੀਅਰ ਸਾਥੀ ਮਹਿਲਾ ਮੁਲਾਜ਼ਮ ਦੇ ਕਥਿਤ ਸਰੀਰਕ ਸ਼ੋਸ਼ਣ ਅਤੇ ਜਬਰ-ਜ਼ਨਾਹ ਨਾਲ ਸਬੰਧਤ ਹੈ।

Leave a Reply

Your email address will not be published. Required fields are marked *