ਪਟਿਆਲਾ

ਨਸ਼ਾ-ਮੁਕਤੀ ਤਹਿਤ ਹੋਏ ਮੁਕਾਬਲਿਆਂ ਵਿਚ ਵਰਲਡ ਯੂਨੀਵਰਸਿਟੀ ਦੀ ਝੰਡੀ

ਫ਼ਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਰਤ ਸਰਕਾਰ ਵਲੋਂ ਵਿਕਸਿਤ ਭਾਰਤ ਮੁਹਿੰਮ ਅਧੀਨ “ਨਸ਼ਾ-ਮੁਕਤ ਜਵਾਨੀ” ਸਿਰਲੇਖ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮੱਲਾਂ ਮਾਰ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਇਤਿਹਾਸ ਵਿਭਾਗ ਦੀ ਰਾਜਦੀਪ ਕੌਰ ਨੇ ਸਲੋਗਨ ਲੇਖਣੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਬੀਸੀਏ ਤੀਜੀ ਛਿਮਾਹੀ ਦੀ ਵਿਦਿਆਰਥਣ ਹਰਮਨਜੋਤ ਕੌਰ ਨੇ ਕਵਿਤਾ ਉਚਾਰਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਿੱਖਿਆ ਵਿਭਾਗ ਦੇ ਵਿਦਿਆਰਥੀ ਪ੍ਰਭਜੋਤ ਕੌਰ, ਜੈਸਮੀਨ ਕੌਰ, ਹੁਸਨਦੀਪ ਕੌਰ, ਹਰਮਨਪ੍ਰੀਤ ਕੌਰ, ਸਿਮਰਨ ਕੌਰ, ਚਰਨਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਮਾਈਮ ਪੇਸ਼ਕਾਰੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅਰਸ਼ਪ੍ਰੀਤ ਕੌਰ ਨੇ ਭਾਸ਼ਣ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਰੀਲ ਅਤੇ ਸ਼ਾਰਟ ਫਿਲਮ ਬਣਾਉਣ ਦੇ ਮੁਕਾਬਲੇ ਵਿੱਚ ਦਮਨਪ੍ਰੀਤ ਕੌਰ ਨੇ ਦੂਜਾ ਅਤੇ ਅਮਰਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਨਮਦੀਪ ਕੌਰ, ਅੰਜਲੀ, ਕਰੁਣਾ, ਹਰਮਨਪ੍ਰੀਤ ਕੌਰ, ਅਰਮਨਪ੍ਰੀਤ ਕੌਰ, ਕੋਮਲ, ਗਗਨਦੀਪ ਕੌਰ ਅਤੇ ਗੁਰਲੀਨ ਕੌਰ ਦੀ ਗਰੁੱਪ ਡਾਂਸ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਯੂਨੀਵਰਸਿਟੀ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਸਾਰੇ ਜੇਤੂ ਵਿਦਿਆਰਥੀਆਂ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਸਹਿ-ਅਕਾਦਮਿਕ ਗਤੀਵਿਧੀਆਂ ਵਿਦਿਆਰਥੀਆਂ ਨੂੰ ਭਾਰਮੁਕਤ ਕਰਦੀਆਂ ਅਤੇ ਹੁਸ਼ਿਆਰ ਬਣਾਉਂਦੀਆਂ ਹਨ। ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਉਨ੍ਹਾਂ ਦੀ ਰਚਨਾਤਮਕਤਾ, ਆਤਮਵਿਸ਼ਵਾਸ, ਸੰਚਾਰ ਹੁਨਰ ਅਤੇ ਸਮਾਜਿਕ ਤੌਰ ’ਤੇ ਢੁਕਵੇਂ ਕਾਰਨਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਯੂਨੀਵਰਸਿਟੀ ਨਸ਼ਾ ਮੁਕਤ ਭਾਰਤ ਅਤੇ ਵਿਕਸਿਤ ਭਾਰਤ ਦੇ ਵਿਜ਼ਨ ਅਨੁਸਾਰ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ।

Leave a Reply

Your email address will not be published. Required fields are marked *