ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਤਾਰਾ ਸਿੰਘ ਸਿਮ੍ਰਤੀ ਸਮਾਰੋਹ ਆਯੋਜਿਤ
ਪਟਿਆਲਾ 30 ਸਤੰਬਰ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਦੇ ਸਹਿਯੋਗ ਨਾਲ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਸਿਮ੍ਰਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਸੈਨੇਟ ਹਾਲ ਵਿਖੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਪ੍ਰੋ. ਤਾਰਾ ਸਿੰਘ ਜੀ ਬਾਰੇ ਵਿਸ਼ੇਸ਼ ਸਿਮ੍ਰਤੀ ਵਿਖਿਆਨ ਭਾਈ ਨਿਰਮਲ ਸਿੰਘ ਖਾਲਸਾ ਪਦਮ ਸ੍ਰੀ ਨੇ ਕੀਤਾ। ਸਮਾਰੋਹ ਦੌਰਾਨ ਪ੍ਰੋ. ਤਾਰਾ ਸਿੰਘ ਸਿਮ੍ਰਤੀ ਐਵਾਰਡ ਇਸ ਵਾਰ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨੂੰ ਦਿੱਤਾ ਗਿਆ। ਪ੍ਰੋਗਰਾਮ ਵਿਚ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਗੁਰਮਤਿ ਸੰਗੀਤ ਦਾ ਵਿਸ਼ਵ ਪੱਧਰੀ ਬਹੁਮੁਖੀ ਤੇ ਬਹੁਪੱਖੀ ਪਸਾਰਾ ਕੀਤਾ ਹੈ ਜਿਸ ਵਿਚ ਪ੍ਰੋ. ਤਾਰਾ ਸਿੰਘ ਦੇ ਕਾਰਜਾਂ ਦਾ ਵਿਸ਼ੇਸ਼ ਯੋਗਦਾਨ ਹੈ।ਉਨਾਂ ਕਿਹਾ ਕਿ ਪ੍ਰੋ. ਤਾਰਾ ਸਿੰਘ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਇਕ ਸੰਸਥਾ ਵਾਂਗ ਕੰਮ ਕੀਤਾ ਜਿਸ ਲਈ ਅੱਜ ਉਨਾਂ ਦੀ ਯਾਦ ਵਿਚ ਸਿਮ੍ਰਤੀ ਸਮਾਰੋਹ ਕਰਵਾਏ ਜਾ ਰਹੇ ਹਨ। ਇਸ ਮੌਕੇ ਬੋਲਦਿਆਂ ਭਾਈ ਨਿਰਮਲ ਸਿੰਘ ਪਦਮ ਸ੍ਰੀ ਨੇ ਕਿਹਾ ਕਿ ਗੁਰਮਤਿ ਸੰਗੀਤ ਦੇ ਰਬਾਬੀਆਂ, ਕੀਰਤਨਕਾਰਾਂ ਦਾ ਯੋਗਦਾਨ ਰਾਗਾਂ, ਕੀਰਤਨ ਸ਼ੈਲੀਆਂ, ਟਕਸਾਲਾਂ ਤੇ ਘਰਾਣਿਆਂ ਦੇ ਪੱਖੋਂ ਵਿਸ਼ੇਸ਼ ਹੈ। ਸਾਨੂੰ ਖੁਸ਼ੀ ਹੈ ਕਿ ਪੰਜਾਬੀ ਯੂਨੀਵਰਸਿਟੀ ਇੰਨਾਂ ਦੀ ਅਕਾਦਮਿਕ ਪੱਧਰ ‘ਤੇ ਸੁਰੱਖਿਆ, ਸੰਭਾਲ, ਅਧਿਐਨ ਅਤੇ ਅਧਿਆਪਨ ਕਰਵਾ ਰਹੀ ਹੈ। ਇਸ ਮੌਕੇ ਬੋਲਦਿਆਂ ਡੀਨ ਅਕਾਦਮਿਕ ਅਤੇ ਗੁਰਮਤਿ ਸੰਗੀਤ ਵਿਭਾਗ ਦੇ ਬਾਨੀ ਮੁਖੀ
ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਪ੍ਰੋ. ਤਾਰਾ ਸਿੰਘ ਦੀ ਖੋਜ ਗੁਰਮਤਿ ਸੰਗੀਤ ਦੇ ਸੰਗੀਤ ਵਿਗਿਆਨਕ ਅਧਾਰ ਸਿਰਜਣ ਵਿਚ ਸਹਾਈ ਹੋਈ ਹੈ। ਇਸ ਮੌਕੇ ਉਨਾਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨਾਂ ਦੱਸਿਆ ਕਿ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਵਲੋਂ ਗੁਰਮਤਿ ਸੰਗੀਤ ਦੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ। ਜਿਸ ਤਹਿਤ ਗੁਰਮਤਿ ਸੰਗੀਤ ਵਿਚ ਬੀ.ਏ., ਐਮ.ਏ. ਦੇ ਆਨ ਲਾਈਨ ਕੋਰਸ ਸ਼ੁਰੂ ਕੀਤੇ ਗਏ ਹਨ। ਇਸ ਮੌਕੇ ਪ੍ਰੋ. ਤਾਰਾ ਜੀ ਵਲੋਂ ਲਿਖੀ ਅਤੇ ਡਾ. ਗੁਰਨਾਮ ਸਿੰਘ ਅਤੇ ਸ੍ਰੀਮਤੀ ਸੁਰਜੀਤ ਕੌਰ ਵਲੋਂ ਸੰਪਾਦਿਤ ਪੁਸਤਕ ਗੁਰੂ ਗੋਬਿੰਦ ਸਿੰਘ ਰਾਗ ਰਤਨਾਵਲੀ ਦਾ ਦੂਜਾ ਸੰਸਕਰਣ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਅੰਤਰਰਾਸ਼ਟਰੀ ਦਾਨੀ ਪੁਰਸ਼ ਸ. ਐਸ.ਪੀ.ਸਿੰਘ ਓਬਰਾਏ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਵਿਸ਼ਵ ਪੱਧਰ ‘ਤੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਵਡਮੁੱਲੇ ਕਾਰਜ ਕੀਤੇ ਹਨ। ਉਨਾਂ ਕਿਹਾ ਕਿ ਗੁਰਮਤਿ ਸੰਗੀਤ ਦੀ ਸਰਪ੍ਰਸਤੀ ਜਾਰੀ ਰਹੇਗੀ। ਇਸ ਮੌਕੇ ਮੰਚ ਸੰਚਾਲਨ ਡਾ. ਵਰਿੰਦਰ ਕੌਰ ਅਤੇ ਡਾ. ਕੰਵਲਜੀਤ ਸਿੰਘ ਨੇ ਕੀਤਾ। ਇਸ ਮੌਕੇ ਹਾਜਰ ਸਖਸ਼ੀਅਤਾਂ ਵਿਚ ਪ੍ਰੋ. ਤਾਰਾ ਸਿੰਘ ਦੀ ਸੁਪਤਨੀ ਸ੍ਰੀਮਤੀ ਸੁਰਜੀਤ ਕੌਰ, ਡੀਨ ਵਿਦਿਆਰਥੀ ਭਲਾਈ ਲੜਕੀਆਂ ਅਤੇ ਡਾਇਰੈਕਟਰ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਡਾ. ਅੰਮ੍ਰਿਤਪਾਲ ਕੌਰ, ਡਾ. ਗੁਰਮੀਤ ਸਿੰਘ ਮਾਨ, ਡਾ. ਕਮਲ ਸੋਹੀ ਸਪੁੱਤਰੀ ਪ੍ਰੋ. ਤਾਰਾ ਸਿੰਘ, ਡਾ. ਕੁਲਵੰਤ ਗਰੇਵਾਲ, ਡੀਨ ਆਰਟਸ ਐਂਡ ਕਲਚਰ ਡਾ. ਨਿਵੇਦਿਤਾ ਸਿੰਘ, ਡਾ. ਯਸ਼ਪਾਲ ਸ਼ਰਮਾ, ਡਾ. ਮਲਕਿੰਦਰ ਕੌਰ, ਡਾ. ਗੁਰਮੀਤ ਸਿੰਘ, ਡਾ. ਹਰਮਿੰਦਰ ਕੌਰ, ਡਾ. ਹਿੰਮਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ।

