ਪਟਿਆਲਾ ਦੇਵੀਗੜ੍ਹ ਰੋਡ ਲਈ ਮੁੱਖ ਮੰਤਰੀ ਨੇ ਪੀ. ਆਈ. ਡੀ. ਬੀ. ਫੰਡ ‘ਚੋਂ ਜਾਰੀ ਕੀਤੇ 70 ਲੱਖ ਰੁਪਏ
ਪਟਿਆਲਾ (ਕੰਵਰ ਬੇਦੀ)
ਹਲਕਾ ਸਨੌਰ ਦੇ ਲੋਕਾਂ ਨਾਲ ਲਗਭਗ ਡੇਢ ਮਹੀਨੇਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਪਟਿਆਲਾ ਦੇਵੀਗੜ੍ਹ ਰੋਡ ਨੂੰ ਬਣਾਉਣ ਦਾ ਕੀਤਾ ਗਿਆ ਵਾਅਦਾ ਆਖਰ ਪੂਰਾ ਹੋਗਿਆ ਹੈ। ਇਸ ਸੜਕ ਨੂੰ ਬਣਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਇਨਫ੍ਰਾਸਟਰੱਕਚਰ ਡਿਵੈਲਪਮੇਂਟ ਬੋਰਡ ਵਲੋਂ 70 ਲੱਖ ਰੁਪਏ ਜਾਰੀ ਕਰ ਦਿੱਤੇ ਹਨ।
ਇਸ ਨਾਲ ਸੜਕ ਦਾ ਕੰਮ ਦੋ ਹਫਤਿਆਂ ਦੇ ਅੰਦਰ ਸ਼ੁਰੂ ਹੋ ਜਾਵੇਗਾ। ਇਸ ਸੰਬੰਧੀ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇਸੇ ਤਰ੍ਹਾਂ ਪਟਿਆਲਾ-ਚੀਕਾ ਰੋਡ ਦੇ ਲਈ ਵੀ ਸੈਂਟਰ ਰੋਡ ਫੰਡ (ਸੀ. ਆਰ. ਐਫ.) ਵਿਚੋਂ 16 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਦੋਨਾਂ ਸੜਕਾਂ ਦਾ ਕੰਮ ਸਿਰਫ ਦੋ ਹਫਤੇ ਦੇ ਅੰਦਰ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਭ ਤੋਂ ਖਾਸ ਗੱਲ ਇਹ ਹੈ ਕਿ ਹਲਕਾ ਸਨੌਰ ਦੀਆਂ ਇਨ੍ਹਾਂ ਦੋਨੋ ਲਾਈਫ ਲਾਈਨ ਮੰਨੀਆਂ ਜਾਣ ਵਾਲੀਆਂ ਸੜਕਾਂ ਨੂੰ ਨੈਸ਼ਨਲ ਹਾਈਵੇ ਵਿਚ ਸ਼ਾਮਲ ਕਰਵਾ ਦਿੱਤਾ ਗਿਆ ਹੈ। ਹੁਣ ਜ਼ਿੰਦਗੀ ਭਰ ਲਈ ਕਦੇ ਵੀ ਇਨ੍ਹਾਂ ਸੜਕਾਂ ਦੀ ਹਾਲਤ ਖਸਤਾ ਨਹੀਂ ਹੋਵੇਗੀ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੰਨੇ ਘੱਟ ਸਮੇਂ ਵਿਚ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਿਚ ਵਿਸ਼ੇਸ਼ ਸਹਿਯੋਗ ਦੇਣ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਚੇਚੇ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਦੋਨੋ ਆਗੂ ਜ਼ਮੀਨ ਨਾਲ ਜੁੜੇ ਹੋਏ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ। ਅਜਿਹੇ ਵਿਚ ਜਿਉਂ ਹੀ ਉਨ੍ਹਾਂ ਨੇ ਹਲਕਾ ਸਨੌਰ ਦੀਆਂ ਸੜਕਾਂ ਸੰਬੰਧੀ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਵਿਚ ਰੱਖਿਆ ਤਾਂ ਊਨ੍ਹਾਂ ਨੇ ਬਿਨਾਂ ਕਿਸੇ ਹਿਚਕਿਚਾਹਟ ਤੋਂ 70 ਲੱਖ ਰੁਪਏ ਪਟਿਆਲਾ ਦੇਵੀਗੜ੍ਹ ਰੋਡ ਲਈ ਪੀ. ਆਈ. ਡੀ. ਬੀ. ਫੰਡ ਵਿਚੋਂ ਜਾਰੀ ਕਰ ਦਿੱਤੇ। ਇਥੇ ਦੱਸਣਯੋਗ ਹੈ ਕਿ ਹਲਕਾ ਸਨੌਰ ਦੀਆਂ ਦੋ ਪ੍ਰਮੁੱਖ ਸੜਕਾਂ ਪਟਿਆਲਾ ਦੇਵੀਗੜ੍ਹ ਰੋਡ ਅਤੇ ਪਟਿਆਲਾ ਚੀਕਾ ਰੋਡ ਹਨ, ਜਿਹੜੀਆਂ ਕਿ ਹਲਕਾ ਸਨੌਰ ਨੂੰ ਨਾ ਕੇਵਲ ਹਰਿਆਣਾ ਨਾਲ ਵਪਾਰਕ ਦ੍ਰਿਸ਼ਟੀ ਤੋਂ ਜੋੜਦੀਆਂ ਹਨ ਸਗੋਂ ਇਹ ਸੜਕਾਂ ਹਲਕਾ ਸਨੌਰ ਨੂੰ ਸਿੱਧੇ ਤੌਰ ‘ਤੇ ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਵੀ ਜੋੜਦੀਆਂ ਹਨ। ਪਿਛਲੇ ਸਮੇਂ ਦੌਰਾਨ ਇਨ੍ਹਾਂ ਦੀ ਹਾਲਤ ਖਸਤਾ ਹੋਣ ਕਾਰਨ ਇਲਾਕਾ ਨਿਵਾਸੀਆਂ ਦੀ ਸਭ ਤੋਂ ਵੱਡੀ ਮੰਗ ਇਹੀ ਸੀ ਜਦੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕੇ ਦੇ ਇੰਚਾਰਜ ਬਣੇ ਤਾਂ ਲੋਕਾਂ ਨੇ ਸਭ ਤੋਂ ਪਹਿਲਾਂ ਇਹੀ ਮੰਗ ਰੱਖੀ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿਰਫ ਦੋ ਮਹੀਨੇ ਵਿਚ ਸੜਕਾਂ ਦਾ ਕੰਮ ਸ਼ੁਰੂ ਕਰਵਾਉਣ ਦਾ ਜੋ ਵਾਅਦਾ ਕੀਤਾ ਸੀ, ਉਸ ਤੇ ਖਰਾ ਉਤਰਦੇ ਹੋਏ ਅੱਜ ਦੋਨੋ ਸੜਕਾਂ ਲਈ ਫੰਡ ਜਾਰੀ ਕਰਵਾ ਲਏ ਹਨ।

