ਅੰਬਾਲਾ ਛਾਉਣੀ ਵਿੱਚ ਜਲਦੀ ਬਣੇਗਾ 100 ਬਿਸਤਰਿਆਂ ਦਾ ਅਤਿ-ਆਧੁਨਿਕ ਈ.ਐੱਸ.ਆਈ.ਸੀ. ਹਸਪਤਾਲ: ਕਿਰਤ ਮੰਤਰੀ ਅਨਿਲ ਵਿਜ
ਪੰਚਕੂਲਾ, ਕਰਨਾਲ 24 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਹੈ ਕਿ ਅੰਬਾਲਾ ਛਾਉਣੀ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ਈ.ਐੱਸ.ਆਈ.ਸੀ.) ਵੱਲੋਂ 100 ਬਿਸਤਰਿਆਂ ਦੇ ਅਤਿ-ਆਧੁਨਿਕ ਹਸਪਤਾਲ ਦੀ ਸਥਾਪਨਾ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਐੱਚ.ਐੱਸ.ਵੀ.ਪੀ.) ਦੇ ਸੈਕਟਰ-33 ਵਿੱਚ 5.18 ਏਕੜ ਜ਼ਮੀਨ ਦੀ ਰਜਿਸਟਰੀ ਜਲਦੀ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਜ਼ਮੀਨ ਦਾ ਕਬਜ਼ਾ ਵੀ ਛੇਤੀ ਈ.ਐੱਸ.ਆਈ.ਸੀ. ਨੂੰ ਸੌਂਪ ਦਿੱਤਾ ਜਾਵੇਗਾ। ਹਸਪਤਾਲ ਦੇ ਨਿਰਮਾਣ ਨਾਲ ਅੰਬਾਲਾ ਸਮੇਤ ਆਸ-ਪਾਸ ਦੇ ਖੇਤਰਾਂ ਅਤੇ ਨੇੜਲੇ ਜ਼ਿਲ੍ਹਿਆਂ ਦੇ ਲਗਭਗ 70 ਹਜ਼ਾਰ ਬੀਮਾਕ੍ਰਿਤ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਸ੍ਰੀ ਅਨਿਲ ਵਿਜ ਅੱਜ ਚੰਡੀਗੜ੍ਹ ਵਿੱਚ ਈ.ਐੱਸ.ਆਈ.ਸੀ., ਕਿਰਤ ਵਿਭਾਗ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨਾਲ ਅੰਬਾਲਾ ਛਾਉਣੀ ਵਿੱਚ ਪ੍ਰਸਤਾਵਿਤ 100 ਬਿਸਤਰਿਆਂ ਦੇ ਈ.ਐੱਸ.ਆਈ.ਸੀ. ਹਸਪਤਾਲ ਦੀ ਸਥਾਪਨਾ ਨੂੰ ਲੈ ਕੇ ਆਯੋਜਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਉਨ੍ਹਾਂ ਨੇ ਪ੍ਰੋਜੈਕਟ ਨਾਲ ਸਬੰਧਤ ਵੱਖ-ਵੱਖ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਹਸਪਤਾਲ ਦੇ ਨਿਰਮਾਣ ਨਾਲ ਜੁੜੀਆਂ ਸਾਰੀਆਂ ਰਸਮੀ ਕਾਰਵਾਈਆਂ ਜਲਦੀ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਅਨਿਲ ਵਿਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਵਿੱਚ ਸਥਾਪਤ ਹੋਣ ਵਾਲੇ ਈ.ਐੱਸ.ਆਈ.ਸੀ. ਹਸਪਤਾਲ ਦੀ ਚਾਰਦੀਵਾਰੀ ਦਾ ਨਿਰਮਾਣ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਸਪਤਾਲ ਭਵਨ ਦਾ ਨਕਸ਼ਾ ਤਿਆਰ ਕਰਨ ਦੀ ਪ੍ਰਕਿਰਿਆ ਛੇਤੀ ਪੂਰੀ ਕਰਕੇ ਟੈਂਡਰ ਮੰਗੇ ਜਾਣਗੇ, ਤਾਂ ਜੋ ਨਿਰਮਾਣ ਕੰਮ ਨੂੰ ਨਿਰਧਾਰਤ ਸਮਾਂ-ਸੀਮਾ ਵਿੱਚ ਅੱਗੇ ਵਧਾਇਆ ਜਾ ਸਕੇ।
ਮੀਟਿੰਗ ਵਿੱਚ ਅਧਿਕਾਰੀਆਂ ਨੇ ਸ੍ਰੀ ਵਿਜ ਨੂੰ ਜਾਣੂ ਕਰਵਾਇਆ ਕਿ ਅੰਬਾਲਾ ਛਾਉਣੀ ਦੇ ਸੈਕਟਰ-33 ਵਿੱਚ ਐੱਚ.ਐੱਸ.ਵੀ.ਪੀ. ਦੀ 5.18 ਏਕੜ ਜ਼ਮੀਨ ’ਤੇ ਈ.ਐੱਸ.ਆਈ.ਸੀ. ਵੱਲੋਂ 100 ਬਿਸਤਰਿਆਂ ਦਾ ਹਸਪਤਾਲ ਸਥਾਪਤ ਕੀਤਾ ਜਾਵੇਗਾ। ਹਸਪਤਾਲ ਲਈ ਜ਼ਮੀਨ ਮੁਹੱਈਆ ਕਰਵਾਉਣ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਲਗਭਗ 13 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਸ ’ਤੇ, ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਸਪਤਾਲ ਦੀ ਸਥਾਪਨਾ ਨਾਲ ਸਬੰਧਤ ਆਉਣ ਵਾਲੀਆਂ ਸਾਰੀਆਂ ਕਾਰਵਾਈਆਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਜ਼ਮੀਨ ਦੀ ਰਜਿਸਟਰੀ, ਕਬਜ਼ਾ, ਚਾਰਦੀਵਾਰੀ, ਭਵਨ ਦਾ ਨਕਸ਼ਾ ਅਤੇ ਨਿਰਮਾਣ ਕੰਮ ਲਈ ਟੈਂਡਰ ਪ੍ਰਕਿਰਿਆ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ, ਤਾਂ ਜੋ ਬੀਮਾਕ੍ਰਿਤ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਇਸ ਹਸਪਤਾਲ ਦਾ ਲਾਭ ਮਿਲ ਸਕੇ।

