ਹੈਪਨਿੰਗ ਹਰਿਆਣਾ 2.0 0 ਮੁੰਬਈ : ਹਰਿਆਣਾ ਵਿੱਚ ਨਿਵੇਸ਼ ਲਈ ਵੱਖ-ਵੱਖ ਕੰਪਨੀਆਂ ਨੇ ਕੀਤੇ 66,000 ਕਰੋੜ ਰੁਪਏ ਤੋਂ ਵੱਧ ਦੇ ਐਮ. ਓ. ਯੂ.
ਹਰਿਆਣਾ ਸਰਕਾਰ ਫ਼ਾਈਲ ਮੂਵਮੈਂਟ ’ਤੇ ਨਹੀਂ, ਪ੍ਰੋਜੈਕਟ ਮੂਵਮੈਂਟ ’ਤੇ ਕਰਦੀ ਹੈ ਵਿਸ਼ਵਾਸ – ਮੁੱਖ ਮੰਤਰੀ
ਪੰਚਕੂਲਾ, ਮੁੰਬਈ 24 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਸਰਕਾਰ ਵੱਲੋਂ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਆਯੋਜਿਤ ‘ਹੈਪਨਿੰਗ ਹਰਿਆਣਾ 2.0’ ਅੰਤਰਰਾਸ਼ਟਰੀ ਆਊਟਰੀਚ ਮੁਹਿੰਮ ਦੇ ਦੂਜੇ ਦਿਨ, ਹਰਿਆਣਾ ਵਿੱਚ ਨਿਵੇਸ਼ ਲਈ ਵੱਖ-ਵੱਖ ਕੰਪਨੀਆਂ ਨੇ 66,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਲਈ ਸਮਝੌਤਾ ਪੱਤਰਾਂ (ਐੱਮ.ਓ.ਯੂ.) ’ਤੇ ਹਸਤਾਖ਼ਰ ਕੀਤੇ। ਇਸ ਮੌਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਅਤੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਦੀ ਮੌਜੂਦਗੀ ਵਿੱਚ ਅਧਿਕਾਰੀਆਂ ਅਤੇ ਕੰਪਨੀ ਦੇ ਪ੍ਰਤੀਨਿਧੀਆਂ ਨੇ ਐੱਮ.ਓ.ਯੂ. ਦਾ ਆਦਾਨ-ਪ੍ਰਦਾਨ ਕੀਤਾ।
ਸ੍ਰੀ ਨਾਇਬ ਸਿੰਘ ਸੈਨੀ ਨੇ ਮੁੰਬਈ ਦੌਰੇ ਦੇ ਦੂਜੇ ਦਿਨ ਵੱਖ-ਵੱਖ ਦੇਸ਼ਾਂ ਦੇ ਕੌਂਸਲ ਜਨਰਲਾਂ, ਉਦਯੋਗ ਜਗਤ ਦੀਆਂ ਹਸਤੀਆਂ, ਨਿਵੇਸ਼ਕਾਂ ਤਥਾ ਮੁੰਬਈ ਦੇ ਵਿੱਤੀ ਅਤੇ ਕਾਰਪੋਰੇਟ ਜਗਤ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਨਿਵੇਸ਼ਕਾਂ ਨੂੰ ਸਿਰਫ਼ ਜ਼ਮੀਨ, ਉਤਸ਼ਾਹ ਅਤੇ ਅਪ੍ਰੂਵਲ ਹੀ ਨਹੀਂ ਮਿਲਦੇ, ਸਗੋਂ ਹਰਿਆਣਾ ਸਕੇਲ, ਸਪੀਡ, ਨੀਤੀ-ਨਿਸ਼ਚਿਤਤਾ ਅਤੇ ਸਾਂਝੀ ਖੁਸ਼ਹਾਲੀ ’ਤੇ ਆਧਾਰਿਤ ਇੱਕ ਰਣਨੀਤਕ ਭਾਈਵਾਲੀ ਪ੍ਰਦਾਨ ਕਰਦਾ ਹੈ। ਹਰਿਆਣਾ ਸਰਕਾਰ ਫ਼ਾਈਲ ਮੂਵਮੈਂਟ ’ਤੇ ਨਹੀਂ, ਸਗੋਂ ਪ੍ਰੋਜੈਕਟ ਮੂਵਮੈਂਟ ’ਤੇ ਵਿਸ਼ਵਾਸ ਕਰਦੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਅਤੇ ਮਜ਼ਦੂਰਾਂ ਵਿਚਕਾਰ ਅਧਿਕਾਰਾਂ ਅਤੇ ਹੋਰ ਉਦਯੋਗਿਕ ਵਿਵਾਦਾਂ ਨੂੰ ਸੁਲਝਾਉਣ ਲਈ ਹਰਿਆਣਾ ਸਰਕਾਰ ਨੇ ਉਦਯੋਗ-ਮਜ਼ਦੂਰ ਮੈਤਰੀ ਪ੍ਰੀਸ਼ਦ ਦਾ ਗਠਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਤੇਜ਼ੀ ਨਾਲ ਵਿਸ਼ਵ ਦੀਆਂ ਪ੍ਰਮੁੱਖ ਆਰਥਿਕ ਸ਼ਕਤੀਆਂ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ। ਡਿਜੀਟਲ ਇਨਫ੍ਰਾਚਰਕਚਰ, ਕਨੈਕਟੀਵਿਟੀ, ਨਿਰਮਾਣ, ਸਟਾਰਟਅੱਪ, ਹੁਨਰ ਵਿਕਾਸ ਅਤੇ ਆਤਮਨਿਰਭਰਤਾ ਨੇ ਦੇਸ਼ ਦੀ ਆਰਥਿਕ ਬੁਨਿਆਦ ਨੂੰ ਮਜ਼ਬੂਤ ਕੀਤਾ ਹੈ। ਭਾਰਤ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਵਿਕਾਸ ਯਾਤਰਾ ਵਿੱਚ ਹਰਿਆਣਾ ਇੱਕ ਮਹੱਤਵਪੂਰਨ ਗ੍ਰੋਥ ਇੰਜਣ ਵਜੋਂ ਉੱਭਰਿਆ ਹੈ। ਦੇਸ਼ ਦੇ ਖੇਤਰਫਲ ਦਾ ਲਗਭਗ 1.3 ਪ੍ਰਤੀਸ਼ਤ ਹੋਣ ਦੇ ਬਾਵਜੂਦ ਹਰਿਆਣਾ ਰਾਸ਼ਟਰੀ ਅਰਥਵਿਵਸਥਾ ਵਿੱਚ ਕਰੀਬ 3.6 ਪ੍ਰਤੀਸ਼ਤ ਯੋਗਦਾਨ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਹੁਣ ਆਟੋਮੋਬਾਈਲ, ਕ੍ਰਿਸ਼ੀ-ਉਦਯੋਗ, ਇੰਜੀਨੀਅਰਿੰਗ, ਇਲੈਕਟ੍ਰੋਨਿਕਸ, ਲੌਜਿਸਟਿਕਸ, ਆਈ.ਟੀ. ਸੇਵਾਵਾਂ ਅਤੇ ਕਾਰਪੋਰੇਟ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਹੈ। ਗੁਰੂਗ੍ਰਾਮ ਗਲੋਬਲ ਸੇਵਾ ਅਤੇ ਤਕਨਾਲੋਜੀ ਹੱਬ, ਫਰੀਦਾਬਾਦ ਇੰਜੀਨੀਅਰਿੰਗ ਅਤੇ ਨਿਰਮਾਣ ਕੇਂਦਰ ਅਤੇ ਮਾਨੇਸਰ ਆਟੋਮੋਬਾਈਲ ਅਤੇ ਆਟੋ-ਕੰਪੋਨੈਂਟ ਕਲੱਸਟਰ ਵਜੋਂ ਸਥਾਪਿਤ ਹਨ। ਪਾਣੀਪਤ, ਯਮੁਨਾਨਗਰ, ਅੰਬਾਲਾ, ਕਰਨਾਲ ਅਤੇ ਸੋਨੀਪਤ ਸਮੇਤ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹੇ ਆਪਣੀ ਵਿਸ਼ੇਸ਼ ਉਦਯੋਗਿਕ ਅਤੇ ਖੇਤੀ-ਆਧਾਰਿਤ ਪਛਾਣ ਨਾਲ ਵਿਕਾਸ ਵਿੱਚ ਯੋਗਦਾਨ ਦੇ ਰਹੇ ਹਨ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਗਤ ਦਿਨਾਂ ਗੁਰੂਗ੍ਰਾਮ ਵਿੱਚ ਆਯੋਜਿਤ ਇੰਡਸਟਰੀ ਪਾਲਿਸੀ ਲਾਂਚ ਪ੍ਰੋਗਰਾਮ ਵਿੱਚ ਹੀ 1 ਲੱਖ 10 ਹਜ਼ਾਰ ਕਰੋੜ ਰੁਪਏ ਦੇ ਐੱਮ.ਓ.ਯੂ. ਸਾਈਨ ਹੋਏ। ਐੱਮ.ਓ.ਯੂ. ਸਾਈਨ ਕਰਨ ਵਾਲੀਆਂ 123 ਵਿੱਚੋਂ 108 ਕੰਪਨੀਆਂ ਨੂੰ ਜ਼ਮੀਨ ਪ੍ਰਦਾਨ ਕਰ ਦਿੱਤੀ ਗਈ ਹੈ। ਹਰਿਆਣਾ ਲਈ ਐੱਮ.ਓ.ਯੂ. ਸਿਰਫ਼ ਇੱਕ ਸਾਈਨਿੰਗ ਸੈਰੇਮਨੀ ਨਹੀਂ ਸਗੋਂ ਵਚਨਬੱਧਤਾ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਜ਼ਿਲ੍ਹਾ-ਵਿਸ਼ੇਸ਼ ਕਲੱਸਟਰ, ਜ਼ਮੀਨ, ਹੁਨਰ ਅਤੇ ਕਨੈਕਟੀਵਿਟੀ ਨੂੰ ਜੋੜਦੇ ਹੋਏ ਨਵੇਂ ਵਿਕਾਸ ਨੋਡ ਬਣਾਏਗੀ। ਉੱਤਰ ਹਰਿਆਣਾ ਵਿੱਚ ਖਾਧ ਪ੍ਰੋਸੈਸਿੰਗ, ਫਾਰਮਾ, ਵਿਗਿਆਨਕ ਉਪਕਰਣ ਅਤੇ ਲੌਜਿਸਟਿਕਸ; ਮੱਧ ਹਰਿਆਣਾ ਵਿੱਚ ਇੰਜੀਨੀਅਰਿੰਗ, ਕੱਪੜਾ, ਆਟੋ ਅਤੇ ਸਟੋਰੇਜ; ਦੱਖਣੀ ਹਰਿਆਣਾ ਵਿੱਚ ਆਈ.ਟੀ., ਇਲੈਕਟ੍ਰੋਨਿਕਸ, ਈ-ਮੋਬਿਲਿਟੀ, ਜੀ.ਸੀ.ਸੀ. ਅਤੇ ਉੱਨਤ ਨਿਰਮਾਣ ਤਥਾ ਪੱਛਮੀ ਹਰਿਆਣਾ ਵਿੱਚ ਐਗਰੋ-ਇੰਡਸਟਰੀ, ਨਵਿਆਉਣਯੋਗ ਊਰਜਾ, ਟੈਕਸਟਾਈਲ ਅਤੇ ਨਿਰਯਾਤ-ਮੁਖੀ ਇਕਾਈਆਂ ਨੂੰ ਗਤੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਦੇ ਅਨੁਕੂਲ ਹਰਿਆਣਾ ਨੇ ‘ਹਰਿਆਣਾ ਵਿਜ਼ਨ ਡਾਕੂਮੈਂਟ-2047’ ਤਿਆਰ ਕੀਤਾ ਹੈ।
ਇਸ ਤਹਿਤ ਪ੍ਰਦੇਸ਼ ਦੀ ਅਰਥਵਿਵਸਥਾ ਨੂੰ ਇੱਕ ਟਿ੍ਰਲੀਅਨ ਅਮਰੀਕੀ ਡਾਲਰ ਤੋਂ ਅੱਗੇ ਲੈ ਜਾਣ, ਪ੍ਰਤੀ ਵਿਅਕਤੀ ਆਮਦਨ ਵਧਾਉਣ, ਨੌਜਵਾਨਾਂ ਦੀ ਰੁਜ਼ਗਾਰ-ਸਮਰੱਥਾ ਅਤੇ ਮਹਿਲਾਵਾਂ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਸਾਰੇ ਜ਼ਿਲ੍ਹਿਆਂ ਨੂੰ ਵਿਕਾਸ ਦਾ ਸਰਗਰਮ ਭਾਈਵਾਲ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਸਿੱਖਿਆ ਅਤੇ ਹੁਨਰ, ਸਿਹਤ, ਜਲਵਾਯੂ-ਅਨੁਕੂਲ ਖੇਤੀਬਾੜੀ, ਸਮਾਰਟ ਬੁਨਿਆਦੀ ਢਾਂਚਾ, ਸੰਤੁਲਿਤ ਖੇਤਰੀ ਵਿਕਾਸ ਅਤੇ ਨਿਰੰਤਰ ਵਿੱਤੀ ਵਿਵਸਥਾ ਨੂੰ ਵਿਕਾਸ ਦੇ ਪ੍ਰਮੁੱਖ ਆਧਾਰ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਕਸਿਤ ਹਰਿਆਣਾ ਦੇ ਨਿਰਮਾਣ ਦੀ ਇਹ ਯਾਤਰਾ ਵਿਕਸਿਤ ਭਾਰਤ ਦੇ ਸੰਕਲਪ ਨਾਲ ਜੁੜੀ ਹੈ ਅਤੇ ਹਰਿਆਣਾ ਸਰਕਾਰ ਉਦਯੋਗ ਜਗਤ ਦੇ ਨਾਲ ਮਿਲ ਕੇ ਪ੍ਰਦੇਸ਼ ਨੂੰ ਦੇਸ਼ ਦੇ ਮੋਹਰੀ ਨਿਵੇਸ਼ ਅਤੇ ਵਿਕਾਸ ਕੇਂਦਰ ਵਜੋਂ ਸਥਾਪਿਤ ਕਰਨ ਲਈ ਵਚਨਬੱਧ ਹੈ।

